(ਸਮਾਜ ਵੀਕਲੀ)
ਵੋਟਾਂ ਨੇੜੇ ਸਾਰੀਆਂ ਸਿਆਸੀ ਪਾਰਟੀਆਂ ਦਾ ਪਹਿਲਾ ਕੰਮ ਚੋਣ ਮੈਨੀਫੈਸਟੋ ਤਿਆਰ ਕਰਨਾ ਹੁੰਦਾ ਹੈ। ਜਿਸ ਵਿੱਚ ਉਹ ਆਪਣੇ ਵੱਡੇ-ਵੱਡੇ ਵਾਅਦੇ ਸ਼ਾਮਲ ਕਰਦੇ ਹਨ। ਇਨ੍ਹਾਂ ਵਾਅਦਿਆਂ ਸਿਰ ‘ਤੇ ਹੀ ਉਹ ਆਪਣੀ ਜਿੱਤ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਵਿੱਚ ਲੋਕ ਭਲਾਈ ਅਤੇ ਸਮਾਜਿਕ ਕੰਮ ਤਾਂ ਸ਼ਾਮਿਲ ਹੁੰਦੇ ਹੀ ਹਨ ਪਰ ਸਭ ਤੋਂ ਗੰਭੀਰ ਮੁੱਦਾ ਰੁਜ਼ਗਾਰ ਪ੍ਰਾਪਤੀ ਦਾ ਹੁੰਦਾ ਹੈ। ਜਿਸ ਲਈ ਉਹ ਨੌਜਵਾਨ ਬੇਰੁਜ਼ਗਾਰਾਂ ਲਈ ਰੁਜ਼ਗਾਰ ਪ੍ਰਾਪਤੀ ਸੰਬੰਧੀ ਅਨੇਕਾਂ ਮੁਹਿੰਮਾਂ ਤੋਂ ਜਾਣੂ ਕਰਾਉਂਦੇ ਹਨ।
ਬੇਰੁਜ਼ਗਾਰੀ ਦਿਨ ਪ੍ਰਤੀ ਦਿਨ ਅਮਰਵੇਲ ਵਾਂਗ ਵਧ ਰਹੀ ਹੈ। ਪ੍ਰਾਈਵੇਟ ਸੰਸਥਾਵਾਂ ਵਿੱਚ ਤਨਖਾਹਾਂ ਘੱਟ ਹੋਣ ਕਾਰਨ ਸ਼ੋਸ਼ਣ ਵਧੇਰੇ ਹੈ, ਇਸ ਲਈ ਹਰ ਕੋਈ ਸਰਕਾਰੀ ਨੌਕਰੀ ਵੱਲ ਭੱਜਦਾ ਹੈ ਤਾਂ ਕਿ ਕਿਸੇ ਤਰੀਕੇ ਆਪਣਾ ਭਵਿੱਖ ਸੁਰੱਖਿਅਤ ਕੀਤਾ ਜਾਵੇ। ਪਿਛਲੇ ਦਹਾਕੇ ਤੋਂ ਖਾਸ ਕਰ ਇਹ ਦੇਖਿਆ ਗਿਆ ਹੈ ਕਿ ਸਮੇਂ ਦੀਆਂ ਸਰਕਾਰਾਂ ਪਹਿਲੇ ਚਾਰ ਸਾਲ ਦੇ ਕਾਰਜਕਾਲ ਵਿਚ ਕੋਈ ਵਧੇਰੇ ਕਾਰਗੁਜ਼ਾਰੀ ਨਹੀਂ ਦਿਖਾਉਂਦੀਆਂ, ਪਰ ਅੰਤਿਮ ਸਾਲ ਵਿੱਚ ਅਸਾਮੀਆਂ ਕੱਢਦੀਆਂ ਹਨ।
ਇਸ ਸਾਲ ਵੀ ਸਰਕਾਰ ਦਾ ਆਖਰੀ ਸਾਲ ਹੀ ਹੈ। ਇਸੇ ਕਰ ਕੇ ਹਰ ਮਹੀਨੇ ਸਰਕਾਰ ਦੇ ਕਿਸੇ ਨਾ ਕਿਸੇ ਵਿਭਾਗ ਵੱਲੋਂ ਖਾਲੀ ਅਸਾਮੀਆਂ ਦਾ ਜ਼ਿਕਰ ਕਰਕੇ ਇਸ਼ਤਿਹਾਰ ਜਾਰੀ ਕੀਤਾ ਜਾਂਦਾ ਹੈ। ਬੇਰੁਜ਼ਗਾਰਾਂ ਦੀ ਗਿਣਤੀ ਏਨੀ ਹੈ ਕਿ ਅਸਾਮੀਆਂ ਭਰਨ ਵਾਲਿਆਂ ਦਾ ਹੜ੍ਹ ਆ ਜਾਂਦਾ ਹੈ। ਕਈ ਵਾਰ ਤਾਂ ਇਕ ਅਸਾਮੀ ਲਈ ਲੱਖਾਂ ਨੌਜਵਾਨ ਦਾਅਵੇਦਾਰੀ ਪੇਸ਼ ਕਰਦੇ ਹਨ। ਦੋ-ਤਿੰਨ ਵਾਰੀ ਟੈਸਟ ਪਾਸ ਕਰਨ ਉਪਰੰਤ ਹੀ ਸਰਕਾਰੀ ਨੌਕਰੀ ਨਸੀਬ ਹੁੰਦੀ ਹੈ, ਪਰ ਸਚਾਈ ਇਹ ਵੀ ਹੈ ਕਿ ਅਸਾਮੀਆਂ ਆਉਂਦੇ ਸਾਰ ਹੀ ਉਹਨਾਂ ਉਪਰ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਰਿਟ ਪਟੀਸ਼ਨਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਵਕੀਲ ਇਨ੍ਹਾਂ ਕੇਸਾਂ ਵਿੱਚ ਮੋਟੀਆਂ ਫੀਸਾਂ ਵਸੂਲਦੇ ਹਨ। ਕਈ ਵਾਰ ਤਾਂ ਅਸਾਮੀਆਂ ਭਰੀਆਂ ਹੀ ਨਹੀਂ ਜਾਂਦੀਆਂ ਹਨ ਅਤੇ ਇਨ੍ਹਾਂ ਕੇਸਾਂ ਦੀ ਭੇਂਟ ਚੜ੍ਹ ਕੇ ਰਹਿ ਜਾਂਦੀਆਂ ਹਨ।
ਦੂਜੇ ਪਾਸੇ ਇਨ੍ਹਾਂ ਗਿਣਤੀ ਦੀਆਂ ਅਸਾਮੀਆਂ ਲਈ ਲੱਖਾਂ ਨੌਜਵਾਨ ਬੇਰੁਜ਼ਗਾਰਾਂ ਵੱਲੋਂ ਅਪਲਾਈ ਕਰਿਆ ਜਾਂਦਾ ਹੈ ਜਿਸ ਦੀਆਂ ਮੋਟੀਆਂ ਫ਼ੀਸਾਂ ਸਰਕਾਰ ਵੱਲੋਂ ਵਸੂਲ ਕੀਤੀਆਂ ਜਾਂਦੀਆਂ ਹਨ। ਫੀਸ ਜਿਆਦਾ ਹੋਣ ਕਾਰਨ ਕਈ ਯੋਗ ਵਿਦਿਆਰਥੀ ਅਪਲਾਈ ਹੀ ਨਹੀਂ ਕਰ ਪਾਉਂਦੇ। ਕਈ ਵਾਰ ਤਾਂ ਅਸਾਮੀਆਂ ਦੀ ਗਿਣਤੀ ਏਨੀ ਘੱਟ ਅਤੇ ਫੀਸ ਏਨੀ ਜ਼ਿਆਦਾ ਹੁੰਦੀ ਹੈ ਕਿ ਉਸ ਅਸਾਮੀ ਤੇ ਕੰਮ ਕਰਨ ਵਾਲੇ ਅਧਿਕਾਰੀਆਂ ਦੀ ਸਾਰੀ ਤਨਖਾਹ ਅਪਲਾਈ ਕਰਨ ਦੌਰਾਨ ਇਕੱਠੀਆਂ ਹੋਈਆਂ ਫੀਸਾਂ ਚੋਂ ਕੱਢ ਕੇ ਵੀ ਸਰਕਾਰ ਨੂੰ ਮੋਟੀ ਰਕਮ ਬਚਦੀ ਹੈ।
ਫਿਰ ਵਿਦਿਆਰਥੀ ਪ੍ਰੀਖਿਆ ਦੀ ਤਿਆਰੀ ਲਈ ਕੋਚਿੰਗ ਸੈਂਟਰਾਂ ਵੱਲ ਭੱਜਦੇ ਹਨ ਜੋ ਕਿ ਕੁਝ ਕੁ ਦਿਨਾਂ ਦੇ ਹੀ ਹਜ਼ਾਰਾਂ ਰੁਪਏ ਵਸੂਲ ਲੈਂਦੇ ਹਨ ਅਤੇ ਵਿਦਿਆਰਥੀਆਂ ਨੂੰ ਤਿਆਰੀ ਲਈ ਏਨਾ ਸਿਲੇਬਸ ਦੇ ਦਿੰਦੇ ਹਨ ਜੋ ਕਿ ਪ੍ਰੀਖਿਆ ਦੇ ਦਿਨ ਤੱਕ ਪੂਰਾ ਕਰਨਾ ਸੰਭਵ ਨਹੀਂ ਹੁੰਦਾ। ਇਸ ਤਰ੍ਹਾਂ ਵਿਦਿਆਰਥੀਆਂ ਤੇ ਮਾਨਸਿਕ ਦਬਾਅ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਮਗਰੋਂ ਫਿਰ ਸਬੰਧਿਤ ਅਸਾਮੀ ਲਈ ਪ੍ਰੀਖਿਆ ਦਾ ਸਮਾਂ ਆਉਂਦਾ ਹੈ ਤਾਂ ਪ੍ਰੀਖਿਆ ਕੇਂਦਰ ਦੂਰ-ਦੁਰਾਡੇ ਰੱਖ ਦਿੱਤੇ ਜਾਂਦੇ ਹਨ।ਵਿਦਿਆਰਥੀਆਂ ਦੀ ਖੱਜਲ-ਖੁਆਰੀ ਵਧ ਜਾਂਦੀ ਹੈ। ਕੁੜੀਆਂ ਨਾਲ ਸੌ-ਡੇਢ ਸੌ ਕਿਲੋਮੀਟਰ ਦੂਰ ਪਰੀਖਿਆ ਦਵਾਉਣ ਮਾਪਿਆਂ ਨੂੰ ਨਾਲ ਜਾਣਾ ਪੈਂਦਾ ਹੈ। ਕਈ ਵਾਰ ਖ਼ਰਾਬ ਮੌਸਮ ਜਾਂ ਧੁੰਦ ਕਾਰਨ ਅਨੇਕਾਂ ਹਾਦਸੇ ਵੀ ਹੋ ਜਾਂਦੇ ਹਨ।
ਸਰਕਾਰਾਂ ਨੂੰ ਚਾਹੀਦਾ ਹੈ ਕਿ ਸਾਰੇ ਵਿਭਾਗਾਂ ਤੋਂ ਸਮੇਂ-ਸਮੇਂ ਤੇ ਸਰਵੇ ਕਰਵਾ ਕੇ ਢੁਕਵੀਆਂ ਅਸਾਮੀਆਂ ਭਰਦੇ ਰਹਿਣਾ ਚਾਹੀਦਾ ਹੈ ਤੇ ਫੀਸਾਂ ਵੀ ਵਾਜਬ ਹੀ ਵਸੂਲਣੀਆਂ ਚਾਹੀਦੀਆਂ ਹਨ। ਪ੍ਰੀਖਿਆ ਕੇਂਦਰ ਵੀ ਸਬੰਧਤ ਜ਼ਿਲੇ ਵਿੱਚ ਹੀ ਹੋਣੇ ਚਾਹੀਦੇ ਹਨ ਤਾਂ ਜੋ ਬੇਰੁਜ਼ਗਾਰਾਂ ਦੀ ਜੇਬ ਵਿੱਚ ਘੱਟੋ-ਘੱਟ ਅਸਾਮੀ ਭਰਨ ਜੋਗੀ ਫੀਸ ਦੇ ਪੈਸੇ ਤਾਂ ਬਚ ਸਕਣ।
ਮਨਦੀਪ ਸਿੰਘ ਸ਼ੇਰੋਂ,
ਸੁਨਾਮ ਊਧਮ ਸਿੰਘ ਵਾਲਾ।
ਸੰਪਰਕ : 73076-25006.