– ਚਮਨ ਲਾਲ ਚਣਕੋਆ, ਸਾਬਕਾ ਸਰਪੰਚ
(ਸਮਾਜ ਵੀਕਲੀ)- ਬਹੁਜਨ ਸਮਾਜ ਦੇ ਮਹਾਨਾਇਕ ਸਾਹਿਬ ਸ੍ਰੀ ਕਾਂਸੀ ਰਾਮ ਨੂੰ ਉਨ੍ਹਾਂ ਦੇ 87 ਵੇ ਜਨਮ (15 ਮਾਰਚ 2021) ਤੇ ਬਹੁਜਨ ਸਮਾਜ ਦਾ ਕੋਟਿ ਕੋਟਿ ਪ੍ਰਣਾਮ।
ਆਪ ਦਾ ਜਨਮ 15 ਮਾਰਚ 1934 ਨੂੰ ਪਿ੍ਥੀ ਪੁਰ ਬੂੰਗਾ ਸਾਹਿਬ ਰੋਪੜ ਪੰਜਾਬ ਚ ਹੋਇਆ ਸੀ। ਆਪ ਦੇ ਪਿਤਾ ਦਾ ਨਾਮ ਸਰਦਾਰ ਹਰੀ ਸਿੰਘ ਜੀ ਤੇ ਮਾਤਾ ਦਾ ਨਾਮ ਬੀਬੀ ਬਿਸ਼ਨ ਕੌਰ ਸੀ। ਆਪ ਨੇ ਬੀ. ਐਸ. ਸੀ. ਦੀ ਡਿਗਰੀ ਸਰਕਾਰੀ ਕਾਲਜ ਰੋਪੜ ਪ੍ਰਾਪਤ ਕੀਤੀ। ਆਪ ਡਿਫੈਂਸ ਕੈਮੀਕਲ ਸੰਸਥਾਨ ਪੂਨਾ ਵਿਖੇ ਸਰਕਾਰੀ ਨੌਕਰੀ ਕਰਨ ਲੱਗ ਪਏ। ਆਪ ਦੀ ਫੈਕਟਰੀ ਦੀ ਮੈਨੇਜਮੈਂਟ ਨੇ ਬਾਬਾ ਸਾਹਿਬ ਅੰਬੇਡਕਰ ਤੇ ਮਹਾਤਮਾ ਬੁੱਧ ਦੇ ਜਨਮ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ। ਛੁੱਟੀਆਂ ਬੰਦ ਕਰਨ ਦਾ ਰਾਜਸਥਾਨ ਦੇ ਬਾਲਮੀਕਿ ਭਾਈਚਾਰੇ ਦੇ ਕਰਮਚਾਰੀ ਸ੍ਰੀ ਦੀਨਾ ਭਾਨਾ ਜੀ ਨੇ ਵਿਰੋਧ ਕੀਤਾ। ਫਿਰ ਸ੍ਰੀ ਦੀਨਾ ਭਾਨੇ ਦੀ ਮੁਲਕਾਤ ਸਾਹਿਬ ਕਾਂਸੀ ਰਾਮ ਨਾਲ ਹੋਈ। ਦੋਨੋ ਮਿਲ ਕੇ ਮਾਮਲਾ ਕੋਰਟ ਵਿੱਚ ਲੈ ਗਏ। ਮਾਨਯੋਗ ਅਦਾਲਤ ਨੇ ਦੋਨੋ ਛੁੱਟੀਆਂ ਬਹਾਲ ਕਰ ਦਿੱਤੀਆਂ।
ਸਾਹਿਬ ਕਾਂਸੀ ਰਾਮ ਜੀ ਨੇ ਬਾਬਾ ਸਾਹਿਬ ਅੰਬੇਡਕਰ ਦੇ ਸਾਹਿਤ ਦਾ ਡੂੰਘਾ ਅਧਿਅਨ ਕੀਤਾ। ਬਾਬਾ ਸਾਹਿਬ ਅੰਬੇਦਕਰ ਦੁਆਰਾ ਲਿਖਤ ਕਿਤਾਬ “ਜਾਤਪਾਤ ਦਾ ਬੀਜ ਨਾਸ਼” ਪੜਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ। ਡਾ ਅੰਬੇਡਕਰ ਜੀ ਦੇ ਰਾਸਤੇ ਤੇ ਚੱਲਣ ਦੀ ਸਹੁੰ ਖਾਂਦੀ। ਆਪ ਨੇ ਆਪਣੇ ਪਰਿਵਾਰ ਨਾਲੋਂ ਹਰ ਤਰ੍ਹਾਂ ਦੇ ਸਬੰਧ ਤੌੜ ਲਏ। ਡਾ ਅੰਬੇਡਕਰ ਨੇ ਰਿਜ਼ਰਵੇਸ਼ਨ ਲੈ ਕੇ ਨੌਕਰੀ ਕਰ ਰਹੇ ਸਰਕਾਰੀ ਕਰਮਚਾਰੀ ਨੂੰ ਆਗਰਾ ਦੇ ਲਾਲ ਕਿਲੇ ਦੇ ਮੈਦਾਨ ਚ ਬੋਲਦੇ ਕਿਹਾ ਸੀ” ਮੈਨੂੰ ਪੜੇ ਲਿਖੇ ਕਰਮਚਾਰੀਆਂ ਨੇ ਧੋਖਾ ਦਿੱਤਾ ਹੈ।”। ਆਪ ਨੇ ਸਰਕਾਰੀ ਕਰਮਚਾਰੀਆਂ ਨੂੰ ਇੱਕਠਿਆਂ ਕਰ ਕੇ ਬਾਮਸੇਫ ਜਥੇਬੰਦੀ ਬਣਾਈ। ਬਾਮਸੇਫ ਦੁਆਰਾ ਬਹੁਜਨ ਸਮਾਜ ਨੂੰ ਤਿਆਰ ਕੀਤਾ। ਬਾਕੀ ਰਹਿੰਦੇ ਸਮਾਜ ਲਈ ਡੀ-ਐਸ ਫੋਰ ਜਥੇਬੰਦੀ ਬਣਾਈ। ਇਸ ਰਾਹੀਂ ਸੰਘਰਸ਼ ਕਰਨਾ ਸੀ।
1984 ਨੂੰ ਸਾਹਿਬ ਕਾਂਸੀ ਰਾਮ ਨੇ ਬਹਜਨ ਸਮਾਜ ਪਾਰਟੀ ਬਣਾਈ। ਬਹੁਜਨ ਸਮਾਜ ਪਾਰਟੀ ਦੇ ਆਪ ਪ੍ਧਾਨ ਬਣੇ ਸਨ। ਬਸਪਾ ਨੇ ਪਹਿਲੀ ਵਾਰ 1984 ਨੂੰ ਚੌਣਾਂ ਚ ਹਿੱਸਾ ਲਿਆ। ਬਸਪਾ ਨੂੰ ਭਾਵੇਂ ਆਪ ਨੂੰ ਬਹੁਤ ਸਫਲਤਾ ਨਹੀਂ ਮਿਲੀ ਪਰ ਕਾਂਗਰਸ ਨੂੰ ਮਿੱਟੀ ਚ ਮਿਲਾ ਦਿੱਤਾ। ਸਾਹਿਬ ਕਾਂਸੀ ਰਾਮ ਜੀ ਉਦੋਂ ਕਾਫ਼ੀ ਚਮਕੇ ਜਦੋਂ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਵੀ. ਪੀ. ਸਿੰਘ ਦੇ ਵਿਰੁੱਧ ਇਲਾਹਾਬਾਦ ਤੋਂ ਚੌਣ ਲੜੇ। ਆਪ ਭਾਵੇਂ ਚੌਣ ਹਾਰ ਗਏ ਪਰ ਕਾਂਗਰਸ ਤੇ ਜਨਤਾ ਦਲ ਨੂੰ ਵੱਡੀ ਚੁਣੌਤੀ ਦਿੱਤੀ ਸੀ।
ਆਪ ਨੇ ਕਿਹਾ ਸੀ “ਮੈਂ ਡਾ ਅੰਬੇਡਕਰ ਜੀ ਦਾ ਮਿਸ਼ਨ ਪੂਰਾ ਕਰਾਂਗਾ।” ਇਸ ਲਈ ਉਨ੍ਹਾਂ ਨੇ ਰਾਜਨੀਤਕ ਨਾਹਰੇ ਦਿੱਤੇ। “ਰਾਜਨੀਤੀ ਸੱਤਾਂ ਲਈ ਹੁੰਦੀ ਹੈ ਸੱਤਾਂ ਬਿਨਾ ਸੰਘਰਸ਼ ਦੇ ਨਹੀਂ ਮਿਲਦੀ”। ਆਪ ਵੋਟਾਂ ਰਾਹੀਂ ਸੱਤਾ ਪ੍ਰਾਪਤ ਕਰਨਾ ਚਾਹੁੰਦੇ ਸਨ। ਆਪ ਨੇ ਨਾਹਰਾ ਦਿਤਾ” ਵੋਟ ਹਮਾਰਾ ਰਾਜ ਤੁਹਾਡਾ ਨਹੀਂ ਚਲੇਗਾ ਨਹੀਂ ਚਲੇਗਾ”। ਸਾਹਿਬ ਕਾਂਸੀ ਰਾਮ ਜੀ ਪਹਿਲੀ ਵਾਰ 1992 ਚ ਇਟਾਵਾ ਉੱਤਰ ਪ੍ਰਦੇਸ਼ ਤੋਂ ਮੈਬਰ ਪਾਰਲੀਮੈਂਟ ਬਣੇ। ਆਪ ਨੇ 1993 ‘ਚ ਮੁਲਾਇਮ ਸਿੰਘ ਨਾਲ ਰਲ ਕੇ ਸਰਕਾਰ ਬਣਾਈ। ਭਾਜਪਾ ਦੇ ਨਾਹਰੇ ਜੈ ਸ੍ਰੀ ਰਾਮ ਦਾ ਉੱਤਰ ਭਾਈਚਾਰਾ ਬਣਾ ਕੇ ਦਿੱਤਾ। ਆਪ ਦਾ ਨਾਹਰਾ ਸੀ ਜਦੋਂ ਮਿਲੇ ਮੁਲਾਇਮ ਕਾਂਸੀ ਰਾਮ ਹਵਾ ਹੋ ਗਿਆ ਜੈ.. । ਸਮਾਜਵਾਦੀ ਪਾਰਟੀ ਨਾਲ ਸਰਕਾਰ ਬਹੁਤੀ ਦੇਰ ਤੱਕ ਨਹੀਂ ਚੱਲੀ।
1995 ਚ ਆਪ ਨੇ ਭਾਜਪਾ ਬਸਪਾ ਦੀ ਸਰਕਾਰ ਬਣਾਈ ਤੇ ਭੈਣ ਮਾਇਆਵਤੀ ਜੀ ਮੁੱਖ ਮੰਤਰੀ ਬਣੀ। ਇਹ ਸਰਕਾਰ ਸਾਢੇ ਚਾਰ ਮਹੀਨੇ ਚਲੀ ਪਰ ਇੰਨੇ ਘੱਟ ਸਮੇਂ ਚ ਬਹੁਤ ਸਾਰਾ ਬਹੁਜਨ ਸਮਾਜ ਵਿਕਾਸ ਕਰਵਾਇਆ ਗਿਆ, ਦੂਜੀ ਵਾਰ ਫਿਰ ਬਸਪਾ ਭਾਜਪਾ ਦੀ ਸਰਕਾਰ ਬਣੀ। ਆਪ ਦੀ ਸੋਚ ਅਨੁਸਾਰ ਤਿੰਨ ਵਾਰ ਗਠਜੋੜ ਦੀ ਸਰਕਾਰ ਚਲੀ। ਸਾਹਿਬ ਕਾਂਸੀ ਰਾਮ ਜੀ ਨੂੰ ਕੋਈ ਵੀ ਰਾਜਨੀਤਕ ਦਲ ਇਸਤੇਮਾਲ ਨਹੀਂ ਕਰ ਸਕਦਾ ਸੀ ਆਪ ਹੀ ਦੂਜੇ ਦਲਾਂ ਦਾ ਇਸਤੇਮਾਲ ਕਰਕੇ ਬਹੁਜਨ ਸਮਾਜ ਦੀ ਗੱਲ ਅੱਗੇ ਵਧਾਉਦੇ ਸਨ।
ਆਪ ਨੇ ਆਪਣੀ ਕੋਈ ਵੀ ਸੰਪਤੀ ਨਹੀਂ ਬਣਾਈ। ਆਪ ਨੇ ਕਿਹਾ ਸੀ ਜੇ ਸਮਾਜ ਵਿਕਣ ਵਾਲਾ ਹੋਵੇਗਾ ਤਾਂ ਨੇਤਾ ਜਰੂਰ ਵਿਕਾਊ ਹੋਵੇਗਾ। ਆਪ ਨੇ ਇਹ ਵੀ ਕਿਹਾ ਸੀ ਜੇ ਜਿੱਤ ਪ੍ਰਾਪਤ ਕਰਨੀ ਹੈ ਤਾਂ ਬਹੁਜਨ ਸਮਾਜ ਬਣਾਓ। ਆਪ ਨੇ ਬਹੁਜਨ ਸਮਾਜ ਨੂੰ ਫੂਲੇ ਅੰਬੇਡਕਰ ਦੇ ਸਿਧਾਤਾਂ ਨੂੰ ਲੈ ਕੇ ਚੱਲਣ ਵਾਲੀ ਰਾਸਟਰੀ ਪਾਰਟੀ ਦਿੱਤੀ। ਆਪ ਨੇ ਨਾਹਰਾ ਦਿੱਤਾ ਸੀ” ਜੋ ਬਹੁਜਨ ਦੀ ਬਾਤ ਕਰੇਗਾ ਉਹ ਦਿੱਲੀ ਤੇ ਰਾਜੇ ਕਰੇਗਾ”। ਆਪ ਨੇ ਰਾਜ ਭਾਗ ਹਿੱਸੇਦਾਰੀ ਲੇਣ ਲਈ ਨਾਹਰਾ ਦਿੱਤਾ “ਜਿੰਨੀ ਜਿਨ੍ਹਾਂ ਦੀ ਸੰਖਿਆ ਭਾਰੀ ਉਨ੍ਹਾਂ ਉਨ੍ਹਾਂ ਦੀ ਹਿੱਸੇਦਾਰੀ। ” ਸਾਹਿਬ ਜੀ ਨੇ ਕਿਹਾ ਸੀ ਕਿ” ਮੈਂ ਸਮਾਜਿਕ ਪਰੀਵਰਤਨ ਚਾਹੁੰਦਾ ਹਾਂ”। ਉਨ੍ਹਾਂ ਨੇ ਸਮਾਜ ਨੂੰ ਦੱਸਿਆ ਸੀ ਕਿ ਸਾਡੀ ਦਿਮਾਗ ਦੀ ਦਿਮਾਗ ਨਾਲ ਲੜਾਈ ਹੈ। ਆਪ ਨੇ ਇਹ ਵੀ ਕਿਹਾ ਸੀ ਜੇ ਨਿਆਂ ਚਾਹੁੰਦੇ ਹੋ ਤਾਂ ਭਾਰਤ ਦੇ ਹੁਕਮਰਾਨ ਬਣੋ। ਜਾਤੀ ਦੇ ਆਧਾਰ ਤੇ ਤੌੜੇ ਲੋਕਾਂ ਨੂੰ ਜੋੜਕੇ ਅਸੀਂ ਸ਼ਾਸਕ ਬਣ ਸਕਦੇ ਹਾਂ। ਆਪ ਨੇ ਇੱਕ ਵਾਰ ਰੋਪੜ ਬੋਲਦਿਆਂ ਕਿਹਾ ਸੀ ਕਿ “ਮੇਰਾ ਮਰਨ ਨੂੰ ਦਿਲ ਨਹੀਂ ਕਰਦਾ ਮੈਂ ਆਪਣੇ ਦੇਸ਼ ਤੇ ਬਹੁਜਨ ਸਮਾਜ ਦਾ ਰਾਜ ਦੇਖਣਾ ਚਾਹੁੰਦਾ ਹਾਂ”। 9 ਅਕਤੂਬਰ 2006 ਨੂੰ ਆਪ ਦੀ ਦਿੱਲੀ ਵਿੱਚ ਮੋਤ ਹੋ ਗਈ। ਪੰਜਾਬ ਵਿੱਚ ਬਸਪਾ ਵੱਲੋਂ ਆਪ ਦਾ ਜਨਮ ਦਿਵਸ ਆਪ ਦੇ ਪਿੰਡ ਖੁਵਾਸਪੁਰਾ ਰੋਪੜ 2 ਅਪ੍ਰੈਲ 2021 ਮਨਾਇਆ ਜਾ ਰਿਹਾ ਹੈ। ਬਹਜਨ ਸਮਾਜ ਅਪੀਲ ਹੈ ਵੱਧ ਵੱਧ ਗਿਣਤੀ ਚ ਖਵਾਸਪੁਰ ਪਹੁੰਚੋ ਜੀ।
ਚਮਨ ਲਾਲ ਚਣਕੋਆ।
ਜੈ ਭੀਮ ਜੈ ਭਾਰਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly