(ਸਮਾਜ ਵੀਕਲੀ)
ਦੋ ਸਦੀਆਂ ਤੱਕ ਅੰਗਰੇਜਾ ਦੇ ਗੁਲਾਮ ਬਣ ਕੇ ਆਜ਼ਾਦੀ ਪ੍ਰਾਪਤ ਕਰਨ ਲਈ ਹਰ ਖੇਤਰ ਵਿਚ ਬੜੀ ਮਿਹਨਤ ਤੇ ਕੁਰਬਾਨੀਆਂ ਦੇਣੀਆਂ ਪਈਆਂ ਇੱਕ ਸਦੀ ਤਕ ਸਾਡੇ ਯੋਧਿਆਂ ਨੇ ਹਰ ਰੂਪ ਵਿੱਚ ਵਿਦੇਸ਼ੀਆਂ ਨਾਲ ਲੜਾਈ ਲੜ ਕੇ ਉਨ੍ਹਾਂ ਨੂੰ ਖਦੇੜਿਆ, ਅੰਗਰੇਜ਼ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਤਿੰਨ ਸਾਲ ਤੱਕ ਸਾਡੀ ਸੰਵਿਧਾਨਕ ਕਮੇਟੀ ਨੇ ਸਾਡਾ ਸੰਵਿਧਾਨ ਬਣਾਇਆ ਤੇ ਲਾਗੂ ਕੀਤਾ।ਪਰ ਅੰਗਰੇਜ਼ ਚਲੇ ਗਏ ਕਾਨੂੰਨ ਇੱਥੇ ਹੀ ਛੱਡ ਗਏ,ਸਾਡਾ ਸੰਵਿਧਾਨ ਉਨ੍ਹਾਂ ਦੇ ਸੰਵਿਧਾਨ ਦੀ ਤਰਜ਼ ਤੇ ਉੱਤੇ ਹੀ ਬਣਾਇਆ ਗਿਆ ਉਨ੍ਹਾਂ ਦੀ ਸੰਸਦੀ ਸਰਕਾਰ ਤੇ ਆਪਣੀ ਵੀ ਸੰਸਦੀ ਸਰਕਾਰ ਹੈ ਉਨ੍ਹਾਂ ਦੇ ਵੀ ਲੋਕ ਸਭਾ ਤੇ ਰਾਜ ਸਭਾ ਤੇ ਰਾਸ਼ਟਰਪਤੀ ਸਾਡਾ ਵੀ ਤਾਣਾ ਬਾਣਾ ਉਹੋ ਹੀ ਹੈ।
ਉਨ੍ਹਾਂ ਦੇ ਰਾਜ ਕਰਨ ਤੇ ਲੋਕ ਸੇਵਾ ਦੀ ਨੀਤੀ ਬਹੁਤ ਅਲੱਗ ਹੈ ਜੋ ਪੂਰਨ ਰੂਪ ਵਿਚ ਲੋਕ ਰਾਜ ਹੈ।ਮੈਂ ਮਰਚੈਂਟ ਨੇਵੀ ਦੀ ਨੌਕਰੀ ਕਰਦੇ ਹੋਏ ਵੇਖਿਆ ਜਿਹੜੇ ਦੇਸ ਵਿੱਚ ਸੰਸਦੀ ਸਰਕਾਰ ਹੈ, ਉਨ੍ਹਾਂ ਦੇ ਚੁਣੇ ਸੰਸਦ ਮੈਂਬਰ ਤੇ ਪ੍ਰਸ਼ਾਸਨ ਅਧਿਕਾਰੀ ਲੋਕ ਸੇਵਕ ਹਨ।ਰਾਸ਼ਟਰਪਤੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਸਿੱਧੇ ਰੂਪ ਵਿੱਚ ਆਸਾਨੀ ਨਾਲ ਮਿਲਿਆ ਜਾ ਸਕਦਾ ਹੈ।ਬਾਹਰਲੇ ਦੇਸ਼ਾਂ ਦੇ ਜ਼ਿਆਦਾਤਰ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਰੇਲ ਗੱਡੀਆਂ ਤੇ ਸਾਈਕਲ ਉੱਤੇ ਸਫ਼ਰ ਕਰ ਕੇ ਆਪਣੇ ਦਫ਼ਤਰ ਜਾਂਦੇ ਹਨ।ਜਿਹੜੇ ਦੇਸ਼ਾਂ ਵਿੱਚ ਈਸਾਈ ਧਰਮ ਦੀ ਬਹੁ ਗਿਣਤੀ ਹੈ ਉੱਥੋਂ ਦੇ ਪ੍ਰਸ਼ਾਸਨ ਦੇ ਮੁੱਖ ਅਧਿਕਾਰੀ ਹਫ਼ਤੇ ਵਿੱਚ ਇੱਕ ਦਿਨ ਲੋਕਾਂ ਵਿੱਚ ਆਪਣਾ ਕੰਮਕਾਰ ਦੇਖਣ ਤੇ ਜਨਤਾ ਦੀਆਂ ਜ਼ਰੂਰਤਾਂ ਪੁੱਛਣ ਲਈ ਜਾਂਦੇ ਹਨ।
ਇੱਕ ਵਾਰ ਸਾਡਾ ਜਹਾਜ਼ ਡਰਬਨ ਦੱਖਣੀ ਅਫ਼ਰੀਕਾ ਦੀ ਬੰਦਰਗਾਹ ਤੇ ਖੜ੍ਹਾ ਸੀ,ਉਥੋਂ ਦੇ ਡਿਪਟੀ ਕਮਿਸ਼ਨਰ ਬੀਬਾ ਜੀ ਸਨ ਆਪਣੇ ਨਾਲ ਇਕ ਸਾਥਣ ਨੂੰ ਲੈ ਕੇ ਆਏ ਤੇ ਸਾਡੀਆਂ ਕੈਬਿਨਾ ਸਾਫ਼ ਕੀਤੀਆ ਤੇ ਪੂਰਾ ਦਿਨ ਮੈਸ ਰੂਮ ਵਿੱਚ ਬੈਠੇ ਰਹੇ ਹਰ ਆਉਣ ਵਾਲੇ ਸਾਡੇ ਸਾਥੀ ਨਾਲ ਗੱਲਬਾਤ ਕਰਦੇ ਸਾਡੀ ਭਾਸ਼ਾ ਧਰਮ,ਰਾਜ ਤੇ ਦੇਸ਼ ਬਾਰੇ ਪੁੱਛਦੇ ਤੇ ਜਹਾਜ਼ ਵਿਚ ਆਉਣ ਦੇ ਮਨੋਰਥ ਬਾਰੇ ਸਾਰਿਆਂ ਨੂੰ ਇਕੱਠੇ ਰੂਪ ਵਿਚ ਭਾਸ਼ਣ ਦੇ ਕੇ ਦੱਸਿਆ।ਬਾਹਰਲੇ ਦੇਸ਼ਾਂ ਦੇ ਰਾਸ਼ਟਰਪਤੀ ਪ੍ਰਧਾਨਮੰਤਰੀ ਸ਼ਾਮ ਨੂੰ ਪੰਜ ਵਜੇ ਤੋਂ ਬਾਅਦ ਆਪਣਾ ਝੋਲਾ ਲੈ ਕੇ ਖਾਣ ਪੀਣ ਦਾ ਸਾਮਾਨ ਖ਼ੁਦ ਖ਼ਰੀਦਣ ਲਈ ਜਾਂਦੇ ਹਨ,ਡਿਪਟੀ ਕਮਿਸ਼ਨਰ ਬੀਬਾ ਨਾਲ ਕੋਈ ਸਕਿਓਰਿਟੀ ਗਾਰਡ ਨਹੀਂ ਸੀ ਗੱਡੀ ਖ਼ੁਦ ਚਲਾ ਕੇ ਲਿਆਏ ਸੀ ਇਹੋ ਹਾਲ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀਆਂ ਦਾ ਹੁੰਦਾ ਹੈ।
ਆਓ ਹੁਣ ਗੱਲ ਕਰੀਏ ਆਪਣੇ ਪਿਆਰੇ ਦੇਸ਼ ਦੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਜਦੋਂ ਦੀ ਕਮਾਂਡ ਸੰਭਾਲੀ ਹੈ ਤਾਂ ਆਤਮ ਨਿਰਭਰ ਹੋਣ ਦਾ ਨਾਅਰਾ ਬੁਲੰਦ ਕਰਦੇ ਰਹਿੰਦੇ ਹਨ।ਬੇਰੁਜ਼ਗਾਰੀ ਗ਼ਰੀਬੀ ਸਾਡੇ ਦੇਸ਼ ਦਾ ਮੁੱਖ ਮੁੱਦਾ ਹੈ,ਇਸ ਦਾ ਕਾਰਨ ਕੀ ਹੈ ਸਰਕਾਰ ਨੇ ਰੁਜ਼ਗਾਰ ਕੀ ਦੇਣਾ ਸੀ? ਸਾਰੇ ਸਰਕਾਰੀ ਅਦਾਰੇ ਪ੍ਰਾਈਵੇਟ ਅਦਾਰਿਆਂ ਨੂੰ ਵੇਚ ਦਿੱਤੇ ਹਨ।ਕਿਸ ਤਰ੍ਹਾਂ ਆਤਮ ਨਿਰਭਰ ਹੋਈਏ ਇਸ ਦੀ ਪ੍ਰੀਭਾਸ਼ਾ ਪ੍ਰਧਾਨ ਮੰਤਰੀ ਜੀ ਨੇ ਕਦੇ ਨਹੀਂ ਦੱਸੀ।ਸਭ ਤੋਂ ਵੱਧ ਸਾਨੂੰ ਆਤਮ ਨਿਰਭਰ ਬਣਾਉਣ ਵਾਲੇ ਪ੍ਰਧਾਨ ਮੰਤਰੀ ਜੀ ਨੇ ਸਭ ਤੋਂ ਵੱਧ ਵਿਦੇਸ਼ੀ ਦੌਰੇ ਬਿਨਾਂ ਕਿਸੇ ਖ਼ਾਸ ਮਨੋਰਥ ਤੋਂ ਕੀਤੇ ਹਨ,ਨਾਲ ਜਾਣ ਵਾਲੇ ਉਸ ਦੇ ਸੁਰੱਖਿਆ ਅਧਿਕਾਰੀ ਤੇ ਪੱਤਰਕਾਰਾਂ ਦੀ ਟੀਮ ਸੈਂਕੜਿਆਂ ਵਿੱਚ ਗਿਣਤੀ ਹੁੰਦੀ ਹੈ,ਬਾਕੀ ਖਰਚੇ ਛੱਡੋ ਇਨਾ ਦੇ ਆਉਣ ਜਾਣ ਦਾ ਕਿੰਨਾ ਖਰਚਾ ਆਇਆ ਹੋਵੇਗਾ।
ਇੱਥੇ ਹੀ ਬਸ ਨਹੀਂ ਆਪਣੀ ਦੋਸਤੀ ਕਿੰਨੀ ਗਹਿਰੀ ਹੈ,ਦੁਨੀਆਂ ਤੇ ਸਾਨੂੰ ਵਿਖਾਉਣ ਲਈ ਬਾਹਰਲੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀਆਂ ਨੂੰ ਸਾਡੇ ਦੇਸ਼ ਵਿੱਚ ਬੁਲਾਇਆ,ਖੱਟਿਆ ਕੁਝ ਨਹੀਂ ਸਾਡੇ ਖ਼ਜ਼ਾਨੇ ਨੂੰ ਬਹੁਤ ਭਾਰੀ ਧੱਕਾ ਜ਼ਰੂਰ ਲੱਗਿਆ।ਹਰ ਦੇਸ਼ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਕੋਲ ਹਾਟ ਲਾਈਨ ਫੋਨ ਲਾਈਨਾਂ ਮੌਜੂਦ ਹੁੰਦੀਆਂ ਹਨ,ਕੀ ਜ਼ਰੂਰੀ ਵਿਸ਼ਿਆਂ ਤੇ ਫੋਨ ਤੇ ਗੱਲ ਨਹੀਂ ਕੀਤੀ ਜਾ ਸਕਦੀ ਅੱਜਕੱਲ੍ਹ ਵੀਡੀਓ ਕਾਲ ਤੇ ਸਿੱਧੇ ਰੂਪ ਵਿਚ ਗੱਲਬਾਤ ਕਰਕੇ ਜਨਤਾ ਨੂੰ ਵੀ ਵਿਖਾਈ ਜਾ ਸਕਦੀ ਹੈ ਕੀ ਇਹ ਦੇਸ਼ ਦੇ ਹਿੱਤ ਤੇ ਪ੍ਰਧਾਨ ਮੰਤਰੀ ਦੀ ਮਸ਼ਹੂਰੀ ਲਈ ਬਹੁਤ ਨਹੀਂ,ਕੌਣ ਕਹੇ ਰਾਣੀ ਅੱਗਾ ਢੱਕ। ਸਾਡੇ ਦੇਸ਼ ਵਿੱਚ ਰਾਸ਼ਟਰਪਤੀ ਦੀ ਸੁਰੱਖਿਆ ਤੇ ਸਾਲਾਨਾ ਸਤਾਈ ਕਰੋੜ ਰੁਪਿਆ ਖਰਚ ਆਉਂਦਾ ਹੈ,ਸਾਢੇ ਸੱਤ ਲੱਖ ਇੱਕ ਦਿਨ ਦਾ ਖਰਚਾ ਹੈ।
ਦੇਸ਼ ਲਈ ਰਾਸ਼ਟਰਪਤੀ ਸਾਹਿਬ ਕੀ ਕਰਦੇ ਹਨ ਆਪਾਂ ਜਾਣਦੇ ਹੀ ਹਾਂ।ਸਦਕੇ ਜਾਈਏ ਅਬਦੁਲ ਕਲਾਮ ਜੀ ਸਾਥੋਂ ਵਿਛੜ ਚੁੱਕੇ ਰਾਸ਼ਟਰਪਤੀ ਸਾਹਿਬ ਨੇ ਆਪਣੇ ਅਨੇਕਾਂ ਅਧਿਕਾਰੀ ਤੇ ਨੌਕਰ ਰਾਸ਼ਟਰਪਤੀ ਭਵਨ ਵਿੱਚੋਂ ਵਿਦਾ ਕਰ ਦਿੱਤੇ ਸਨ ਉਨ੍ਹਾਂ ਦੇ ਕੱਪੜੇ ਤੇ ਖਾਣੇ ਬਾਰੇ ਆਪਾਂ ਹਰ ਰੋਜ਼ ਪੜ੍ਹਦੇ ਤੇ ਸੁਣਦੇ ਹਾਂ ਦੱਸਣ ਦੀ ਕੋਈ ਜ਼ਰੂਰਤ ਨਹੀਂ।ਪ੍ਰਧਾਨ ਮੰਤਰੀ ਦੀ ਸੁਰੱਖਿਆ ਤੇ ਪੱਚੀ ਕਰੋੜ ਸਾਲਾਨਾ ਖ਼ਰਚ ਆਉਂਦਾ ਹੈ,ਫੇਰ ਲੰਮੀ ਚੌੜੀ ਫ਼ੌਜ ਮੰਤਰੀਆਂ ਤੇ ਸਕੱਤਰਾਂ ਦੀ ਹੁੰਦੀ ਹੈ ਖ਼ਰਚਾ ਸੋਚ ਕੇ ਵੇਖੋ।ਸਤੱਤਰ ਹਜਾਰ ਕਰੋੜ ਰੁਪਿਆ ਸਾਡੇ ਦੇਸ਼ ਦੇ ਸਾਰੇ ਰਾਜਪਾਲ ਤੇ ਮੁੱਖ ਮੰਤਰੀਆਂ ਦੀ ਸੁਰੱਖਿਆ ਤੇ ਖਰਚ ਹੁੰਦਾ ਹੈ।ਤਿੰਨ ਸੌ ਵੀਹ ਲੱਖ ਕਰੋੜ ਸਾਡੇ ਦੇਸ਼ ਦੇ ਪ੍ਰਸ਼ਾਸਨਕ ਅਧਿਕਾਰੀਆਂ ਦੀ ਸੁਰੱਖਿਆ ਤੇ ਖਰਚ ਹੁੰਦਾ ਹੈ।
ਰਾਸ਼ਟਰਪਤੀ ਪ੍ਰਧਾਨਮੰਤਰੀ ਮੰਤਰੀਆਂ ਦੀ ਤਨਖਾਹ ਆਪਾਂ ਜਾਣਦੇ ਹੀ ਹਾਂ,ਬਾਕੀ ਇਨ੍ਹਾਂ ਦੇ ਫੱਤੇ ਤੇ ਸਿਰ ਦੁਖਣ ਲੱਗ ਜਾਵੇ ਜਾਂ ਜ਼ੁਕਾਮ ਹੋ ਜਾਵੇ ਇਨ੍ਹਾਂ ਲਈ ਵਿਦੇਸ਼ੀ ਡਾਕਟਰਾਂ ਕੋਲ ਇਲਾਜ ਕਰਾਉਣ ਦੀ ਪੂਰੀ ਖੁੱਲ੍ਹ ਹੈ।ਸਾਡੇ ਦੇਸ਼ ਵਿੱਚ ਆਮ ਆਦਮੀ ਦੀ ਆਮਦਨ ਸਿਰਫ਼ ਵੀਹ ਰੁਪਏ ਹੈ,ਗੁਜ਼ਾਰਾ ਕਿਵੇਂ ਹੁੰਦਾ ਹੋਵੇਗਾ ਤੇ ਸਾਡੀਆਂ ਸਰਕਾਰਾਂ ਦੇ ਖ਼ਰਚੇ ਨਾਲ ਅਨੁਪਾਤ ਕਰਕੇ ਵੇਖੋ। ਜਦੋਂ ਦੀ ਪ੍ਰਧਾਨਮੰਤਰੀ ਮੋਦੀ ਜੀ ਨੇ ਪ੍ਰਧਾਨਮੰਤਰੀ ਦੀ ਕਮਾਂਡ ਸੰਭਾਲੀ ਹੈ ਇਕ ਇਨ੍ਹਾਂ ਦਾ ਮਨੋਰੰਜਕ ਪ੍ਰੋਗਰਾਮ “ਮਨ ਕੀ ਬਾਤ”ਹਰ ਮਹੀਨੇ ਸਰਕਾਰੀ ਤੇ ਪ੍ਰਾਈਵੇਟ ਟੀ ਵੀ ਤੇ ਰੇਡੀਓ ਦੇ ਚੈਨਲਾਂ ਤੇ ਪੇਸ਼ ਕੀਤਾ ਜਾਂਦਾ ਹੈ।
ਇਕ ਪ੍ਰੋਗਰਾਮ ਤੇ ਕਰੋੜਾਂ ਰੁਪਿਆ ਖਰਚ ਹੁੰਦਾ ਹੈ ਜਿਸ ਵਿੱਚ ਜਨਤਾ ਲਈ ਕੋਈ ਗੱਲ ਨਹੀਂ ਹੁੰਦੀ ਨਾ ਹੀ ਕੋਈ ਸੁਧਾਰਵਾਦੀ ਨੀਤੀ ਦੱਸੀ ਜਾਂਦੀ ਹੈ ਕੋਈ ਵੀ ਵਿਸ਼ਾ ਆਪਣੇ ਮਨੋਰੰਜਨ ਲਈ ਚੁਣ ਕੇ ਲੰਮਾ ਚੌੜਾ ਭਾਸ਼ਣ ਦਿੱਤਾ ਜਾਂਦਾ ਹੈ।ਜਨਤਾ ਛੇ ਕੁ ਸਾਲ ਚੁੱਪ ਰਹੀ ਪਰ ਹੁਣ ਇਸ ਪ੍ਰੋਗਰਾਮ ਦੀ ਪਸੰਦ ਨਾਪਸੰਦ ਨੇ ਪ੍ਰੋਗਰਾਮ ਨੂੰ ਜ਼ੀਰੋ ਕਰ ਦਿੱਤਾ ਹੈ ਪਰ ਮੋਦੀ ਜੀ ਰਾਗ ਅਲਾਪਦੇ ਜਾ ਰਹੇ ਹਨ।ਇਸ ਪ੍ਰੋਗਰਾਮ ਵਿੱਚ ਹੀ ਲੋਕਾਂ ਨੂੰ ਛੋਟੇ ਛੋਟੇ ਧੰਦੇ ਤੇ ਪਕੌੜੇ ਤਲ਼ਕੇ ਨਵੇਂ ਰੁਜ਼ਗਾਰ ਪੈਦਾ ਕਰਨ ਦਾ ਸਾਨੂੰ ਸੱਦਾ ਦਿੱਤਾ ਜਾਂਦਾ ਹੈ।ਸਾਡੀ ਨੌਜਵਾਨ ਪੀੜ੍ਹੀ ਉੱਚ ਸਿੱਖਿਆ ਪ੍ਰਾਪਤ ਕਰ ਕੇ ਰੁਜ਼ਗਾਰ ਭੀਖ ਦੇ ਤੌਰ ਤੇ ਮੰਗ ਰਹੀ ਹੈ,ਇਹ ਕਿੱਧਰ ਨੂੰ ਜਾਣ ਇਸ ਬਾਰੇ ਕਦੇ ਕੁਝ ਨਹੀਂ ਦੱਸਿਆ ਗਿਆ ਕਿ ਤੁਸੀਂ ਕਿਵੇਂ ਆਤਮ ਨਿਰਭਰ ਹੋਵੋ।
ਮੋਦੀ ਜੀ ਨੇ ਪਹਿਲੀ ਵਾਰ ਜਦੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਸੀ ਉਸ ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਤੇ ਕਰੋੜਾਂ ਨੌਜਵਾਨਾਂ ਨੂੰ ਸਾਲ ਵਿੱਚ ਰੁਜ਼ਗਾਰ ਦੇਣ ਦਾ ਨਾਅਰਾ ਆਪਣੀ ਛਪੰਜਾ ਇੰਚ ਦੀ ਛਾਤੀ ਥਾਪੜ ਕੇ ਦਿੱਤਾ ਸੀ।ਕਿਸਾਨੀ ਲਈ ਤਿੰਨ ਕਾਲੇ ਕਾਨੂੰਨ ਪਾਸ ਕਰ ਦਿੱਤੇ ਸਾਡੇ ਕਿਸਾਨ ਮਜ਼ਦੂਰ ਸੜਕਾਂ ਤੇ ਰੁਲ ਰਹੇ ਹਨ ਕੀ ਇਸ ਨੂੰ ਹੀ ਦੁੱਗਣੀ ਆਮਦਨ ਕਹਿ ਸਕਦੇ ਹਾਂ।ਖੇਤੀ ਦੀ ਕਮਾਂਡ ਕਾਰਪੋਰੇਟ ਘਰਾਣੇ ਦੇ ਹੱਥਾਂ ਵਿੱਚ ਦੇਣ ਲਈ ਕਾਨੂੰਨ ਪਾਸ ਕੀਤੇ ਹਨ,ਇਸ ਨਾਲ ਕਾਰਪੋਰੇਟ ਘਰਾਣੇ ਆਤਮ ਨਿਰਭਰ ਹੋਣਗੇ ਜਾਂ ਫਿਰ ਕਿਸਾਨ ਤੇ ਮਜ਼ਦੂਰ ਇਸ ਬਾਰੇ ਕਦੇ ਕੁਝ ਨਹੀਂ ਦੱਸਿਆ। ਮੈਂ ਆਪਣੀ ਜ਼ਿੰਦਗੀ ਦੇ ਪੰਜ ਦਹਾਕੇ ਚੰਗੀ ਤਰ੍ਹਾਂ ਦੇਖੇ ਹਨ ਜੋ ਵੀ ਨੇਤਾ ਵਾਲੀ ਪੱਗ ਬੰਨ੍ਹ ਲਵੇ,ਜਾਂ ਜੈਕਟ ਪਹਿਨ ਲਵੇ ਉਸ ਨੂੰ ਤੁਰੰਤ ਆਪਣੀ ਰੱਖਿਆ ਲਈ ਬੰਦੂਕਧਾਰੀ ਪੁਲੀਸ ਕਰਮਚਾਰੀਆਂ ਦੀ ਜ਼ਰੂਰਤ ਪੈਂਦੀ ਹੈ।
ਜੋ ਵੀ ਕਿਸੇ ਚੋਣ ਵਿਚ ਖੜ੍ਹਾ ਹੋ ਕੇ ਜਿੱਤ ਜਾਂ ਹਾਰ ਜਾਵੇ,ਝੰਡੀ ਵਾਲੀ ਗੱਡੀ ਮਿਲੇ ਨਾ ਮਿਲੇ ਪਰ ਸਕਿਉਰਿਟੀ ਲਈ ਤਰਲੋ ਮੱਛੀ ਹੋ ਜਾਂਦੇ ਹਨ ਇੱਥੋਂ ਤੱਕ ਜਿਸ ਨੂੰ ਸਕਿਉਰਿਟੀ ਥੋੜ੍ਹੀ ਘੱਟ ਲੱਗੇ,ਆਪਣੇ ਚੇਲੇ ਚਪਟਿਆਂ ਤੋਂ ਹੀ ਆਪਣੀ ਗੱਡੀ ਤੇ ਇੱਟਾਂ ਵੱਟੇ ਮਰਵਾ ਕੇ ਸ਼ੀਸ਼ੇ ਤੋੜ ਲੈਂਦੇ ਹਨ।ਮੀਡੀਆ ਤੇ ਦੋ ਚਾਰ ਬਿਆਨ ਦਾਗ਼ ਦਿੱਤੇ ਜ਼ੈੱਡ ਸਕਿਉਰਿਟੀ ਮਿਲ ਜਾਂਦੀ ਹੈ।ਸਾਡੇ ਐਮ ਐਲ ਏ ਐਮ ਪੀ ਮੰਤਰੀ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਤੇ ਪ੍ਰਸ਼ਾਸਨਿਕ ਅਧਿਕਾਰੀ ਸੰਵਿਧਾਨ ਅਨੁਸਾਰ ਲੋਕ ਸੇਵਕ ਹਨ ਜਿਨ੍ਹਾਂ ਦੀ ਸੇਵਾ ਕਰਨੀ ਹੈ ਉਨ੍ਹਾਂ ਤੋਂ ਕਿਸ ਚੀਜ਼ ਦਾ ਡਰ ਹੈ।ਜੋ ਮੰਤਰੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਦੇ ਸਹੀ ਰੂਪ ਵਿੱਚ ਕੰਮਕਾਰ ਕਰੇਂਗਾ,ਲੋਕ ਤਾਂ ਉਸ ਦੀ ਆਰਤੀ ਉਤਾਰਨਗੇ ਤੇ ਉਸ ਦੇ ਦਰਸ਼ਨਾਂ ਨੂੰ ਤਰਸਣਗੇ ਫੇਰ ਬੰਦੂਕਧਾਰੀਆਂ ਦੀ ਕੀ ਜ਼ਰੂਰਤ ਹੈ।
ਸਾਡੇ ਦੇਸ਼ ਵਿੱਚ ਆਮ ਆਦਮੀ ਜਦੋਂ ਨੇਤਾ ਬਣ ਜਾਂਦਾ ਹੈ ਤਾਂ ਉਹ ਇਨਸਾਨੀਅਤ ਨਾਲੋਂ ਪੂਰਨ ਰੂਪ ਵਿੱਚ ਟੁੱਟ ਜਾਂਦਾ ਹੈ,ਪੰਜਾਬੀ ਦੀ ਇੱਕ ਕਹਾਵਤ ਹੈ ਕਿ “ਇਕ ਗਧੀ ਕਿਸੇ ਠਾਣੇਦਾਰ ਦਾ ਰੇਤਾ ਢੋ ਕੇ ਆ ਗਈ ਤਾਂ ਬਾਕੀ ਆਪਣੇ ਸਾਥੀਆਂ ਵਿੱਚ ਆ ਕੇ ਬੈਠਣ ਨੂੰ ਤਿਆਰ ਨਾ ਹੋਵੇ” ਇਹ ਗੁੜ੍ਹਤੀ ਗਧੀ ਨੇ ਸਾਡੇ ਨੇਤਾਵਾਂ ਨੂੰ ਦਿੱਤੀ ਹੈ ਜੋ ਇਨ੍ਹਾਂ ਤੇ ਤੁਰੰਤ ਗਹਿਰਾ ਅਸਰ ਕਰ ਜਾਂਦੀ ਹੈ।ਇੱਕ ਆਮ ਠਾਣੇਦਾਰ ਤੇ ਪ੍ਰਸ਼ਾਸਨਿਕ ਛੋਟਾ ਮੋਟਾ ਅਧਿਕਾਰੀ ਆਪਣੇ ਨਾਲ ਬੰਦੂਕਧਾਰੀਆਂ ਨੂੰ ਲੈ ਕੇ ਚੱਲਦਾ ਹੈ,ਬਾਹਰ ਤਾਂ ਆਪਣੀ ਜਨਤਾ ਦੇ ਨੇੜੇ ਆਉਣ ਦਾ ਕੋਈ ਸਵਾਲ ਹੀ ਨਹੀਂ,ਦਫ਼ਤਰ ਵਿੱਚ ਇੱਕ ਥਾਣੇ ਦੇ ਮੁਨਸ਼ੀ ਤੇ ਡਿਪਟੀ ਕਮਿਸ਼ਨਰ ਨੂੰ ਸਿੱਧੇ ਰੂਪ ਵਿਚ ਮਿਲ ਲੈਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਕੀ ਸਾਡੇ ਦੇਸ਼ ਵਿਚ ਇਹੋ ਹੀ ਲੋਕਰਾਜ ਦੀ ਪਰਿਭਾਸ਼ਾ ਹੈ।
ਆਓ ਮੇਰੇ ਦੇਸ ਵਾਸੀਓ ਆਪਾਂ ਆਪਣੇ ਨੇਤਾਵਾਂ ਨੂੰ ਆਤਮ ਨਿਰਭਰ ਹੋਣਾ ਸਿਖਾਈਏ।ਦੇਸ਼ ਦੀ ਆਜ਼ਾਦੀ ਲਈ ਗਾਂਧੀ ਜੀ ਵੱਲਭ ਭਾਈ ਪਟੇਲ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਊਧਮ ਸਿੰਘ ਜਿਹੇ ਨੇਤਾ ਉੱਠੇ ਜਿਨ੍ਹਾਂ ਦਾ ਮੁੱਖ ਮਨੋਰਥ ਆਪਣੇ ਦੇਸ਼ ਦੀ ਸੇਵਾ ਕਰਦੇ ਹੋਏ ਆਜ਼ਾਦੀ ਪ੍ਰਾਪਤ ਕਰਨੀ ਸੀ ਕੀ ਉਨ੍ਹਾਂ ਲਈ ਕੋਈ ਸਕਿਉਰਿਟੀ ਰੱਖੀ ਹੋਈ ਸੀ।ਉਹ ਨੇਤਾ ਜਨਤਾ ਦੀ ਸੇਵਾ ਲਈ ਉੱਠੇ ਸਨ ਕਦੇ ਸੋਚਿਆ ਸੀ ਕਿ ਸਾਨੂੰ ਕੋਈ ਖਤਰਾ ਹੈ ਉਹ ਤਾਂ ਆਪਣੀ ਮਰਜ਼ੀ ਨਾਲ ਦੇਸ ਉੱਤੋਂ ਜਾਨ ਵਾਰ ਗਏ,ਉਨ੍ਹਾਂ ਦੀਆਂ ਕੁਰਬਾਨੀਆਂ ਵਿਚੋਂ ਆਜ਼ਾਦੀ ਨਿਕਲੀ।ਹੁਣ ਲੋਕਰਾਜ ਵਿੱਚ ਨੇਤਾ ਸਾਡੀਆਂ ਵੋਟਾਂ ਨਾਲ ਮੰਤਰੀ ਬਣਦੇ ਹਨ,ਉਹ ਸਾਡੀ ਸੇਵਾ ਲਈ ਚੁਣੇ ਜਾਂਦੇ ਹਨ ਤੇ ਸਾਡੇ ਸੇਵਾਦਾਰ ਨੂੰ ਸੁਰੱਖਿਆ ਦੀ ਕੀ ਜ਼ਰੂਰਤ ਹੈ।ਸਾਡੇ ਨੇਤਾਵਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉੱਚ ਪੱਧਰ ਦੀ ਤਨਖ਼ਾਹ ਮਿਲਦੀ ਹੈ,ਹਰ ਤਰ੍ਹਾਂ ਦੇ ਭੱਤੇ ਮਿਲਦੇ ਹਨ।
ਉਹ ਤਨਖਾਹਾਂ ਤੇ ਭੱਤੇ ਕਿਸ ਲਈ ਮਿਲਦੇ ਹਨ ਕੁਰਸੀ ਤੇ ਬੈਠ ਕੇ ਨੇਤਾ ਤੇ ਪ੍ਰਸ਼ਾਸਨਿਕ ਅਧਿਕਾਰੀ ਭੁੱਲ ਜਾਂਦੇ ਹਨ।ਫੇਰ ਸਾਡੇ ਨੇਤਾਵਾਂ ਦੇ ਬੱਚੇ ਵਿਦੇਸ਼ਾਂ ਵਿਚ ਜਾ ਕੇ ਉੱਚ ਸਿੱਖਿਆ ਪ੍ਰਾਪਤ ਕਰਦੇ ਹਨ ਤੇ ਉਨ੍ਹਾਂ ਦਾ ਪਰਿਵਾਰ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਛੋਟੀ ਮੋਟੀ ਬਿਮਾਰੀ ਦਾ ਇਲਾਜ ਕਰਵਾਉਂਦੇ ਹਨ ਜਿਸ ਦਾ ਖਰਚਾ ਸਰਕਾਰੀ ਖ਼ਜ਼ਾਨੇ ਵਿੱਚੋਂ ਦਿੱਤਾ ਜਾਂਦਾ ਹੈ।ਹਰ ਇਨਸਾਨ ਲਈ ਸਿਹਤ ਸਿੱਖਿਆ ਤੇ ਖਾਣਾ ਬਹੁਤ ਜ਼ਰੂਰੀ ਹੈ,ਜਿਸ ਲਈ ਸਾਡੀ ਚੁਣੀ ਹੋਈ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੇਵਾ ਰੂਪੀ ਕੰਮ ਕਰਨਾ ਹੈ ਕੀ ਹੋ ਰਿਹਾ ਹੈ।ਪੂਰੀ ਦੁਨੀਆਂ ਵਿੱਚ ਕਿਸੇ ਵੀ ਵਰਗ ਲਈ ਇੱਕ ਨੌਕਰੀ ਇਕ ਪੈਨਸ਼ਨ ਦਾ ਅਧਿਕਾਰ ਹੁੰਦਾ ਹੈ।
ਪਰ ਸਾਡੇ ਦੇਸ਼ ਨੂੰ ਜੋ ਆਜ਼ਾਦੀ ਮਿਲੀ ਹੈ ਉਹ ਰਾਜਨੀਤਕ ਪਾਰਟੀਆਂ ਨੂੰ ਵੱਧ ਮਿਲ ਗਈ ਹੈ,ਸਾਡੇ ਸੱਤ ਦਹਾਕਿਆਂ ਵਿਚ ਕਿੰਨੇ ਐੱਮਪੀ ਤੇ ਐੱਮਐੱਲਏ ਚੁਣੇ ਗਏ ਹਨ,ਸਾਰਿਆਂ ਵਿਚੋਂ ਅੱਸੀ ਕੁ ਪ੍ਰਤੀਸ਼ਤ ਲੋਕਾਂ ਨੂੰ ਇਕ ਤੋਂ ਵੱਧ ਪੈਨਸ਼ਨਾਂ ਮਿਲ ਰਹੀਆਂ ਹਨ,ਇਹ ਕਿਹੜਾ ਖਾਸ ਕਾਨੂੰਨ ਹੈ।ਅਨੇਕਾ ਐੱਮਪੀ ਤੇ ਐੱਮਐੱਲਏ ਜੋ ਵਿਹਲੇ ਹੋ ਕੇ ਘਰ ਬੈਠੇ ਹਨ ਉਨ੍ਹਾਂ ਨੂੰ ਪੈਨਸ਼ਨ ਰੂਪੀ ਇਕ ਕਰੋੜ ਤੋਂ ਵੱਧ ਧਨ ਮਹੀਨੇ ਦਾ ਮਿਲ ਜਾਂਦਾ ਹੈ ਤੇ ਬਾਕੀ ਭੱਤੇ ਤੇ ਸੁਰੱਖਿਆ ਅਧਿਕਾਰੀ ਘਰ ਵਿਚ ਮੌਜੂਦ ਹਨ,ਇਸ ਬਾਰੇ ਜਨਤਾ ਨੇ ਕਦੇ ਨਹੀਂ ਸੋਚਿਆ ਸਾਡੇ ਨੇਤਾ ਸਾਡੇ ਰੱਬ ਬਣ ਜਾਂਦੇ ਹਨ। ਸੱਜਣੋਂ ਮਿੱਤਰੋ ਬੇਲੀਓ ਭੈਣੋ ਤੇ ਭਰਾਵੋ ਆਪਣੀ ਵੋਟ ਨਾਲ ਨੇਤਾ ਬਣਦੇ ਹਨ,ਆਪਾਂ ਕਦੋਂ ਆਪਣੀ ਵੋਟ ਦੀ ਕੀਮਤ ਪਹਿਚਾਣੋਗੇ ਕਦੋਂ ਤਕ ਇਨ੍ਹਾਂ ਦੀ ਗ਼ੁਲਾਮੀ ਸਹਿੰਦੇ ਰਹੋਗੇ ਕਦੇ ਸੋਚਿਆ ਹੈ।
ਸਾਡੇ ਦੇਸ਼ ਦਾ ਆਧਾਰ ਖੇਤੀਬਾੜੀ ਹੈ ਜਿਸ ਤੋਂ ਹਰ ਸਾਲ ਉਪਜ ਵਧਦੀ ਜਾ ਰਹੀ ਹੈ ਸਾਡੇ ਪੈਸੇ ਕਿੱਧਰ ਨੂੰ ਜਾਂਦੇ ਹਨ,ਸਕੂਲਾਂ ਵਿੱਚ ਅਧਿਆਪਕ ਨਹੀਂ ਹਸਪਤਾਲਾਂ ਵਿੱਚ ਡਾਕਟਰ ਨਹੀਂ ਪੈਸਾ ਕਿੱਧਰ ਜਾਂਦਾ ਹੈ,ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਨੇਤਾਵਾਂ ਦੀ ਤਨਖਾਹ ਭੱਤੇ ਤੇ ਪੈਨਸ਼ਨਾਂ ਉਨ੍ਹਾਂ ਦੇ ਖਾਤੇ ਵਿਚ ਸਿੱਧੀਆਂ ਹੀ ਪਹੁੰਚ ਜਾਂਦੀਆਂ ਹਨ।ਸਾਡੇ ਕਿਸਾਨ ਤੇ ਮਜ਼ਦੂਰ ਸੜਕਾਂ ਤੇ ਰੁਲ ਰਹੇ ਹਨ ਤੇ ਰਾਜਨੀਤਕ ਪਾਰਟੀਆਂ ਦਾ ਖੇਲ ਤਾਂਡਵ ਰੂਪੀ ਨਾਚ ਆਪਾਂ ਵੇਖ ਹੀ ਰਹੇ ਹਾਂ।ਜਦੋਂ ਰਾਜਨੀਤਕ ਪਾਰਟੀਆਂ ਵੋਟਾਂ ਵੇਲੇ ਘੋਸਣਾ ਪੱਤਰ ਬਣਾਇਆ ਜਾਂਦਾ ਹੈ ਜੋ ਕਿ ਸਾਡੇ ਲਈ ਇਕ ਕੁੱਤੇ ਵਾਲੀ ਬੁਰਕੀ ਹੁੰਦਾ ਹੈ,ਅਸੀਂ ਅੱਖਾਂ ਬੰਦ ਕਰਕੇ ਉਨ੍ਹਾਂ ਦੇ ਪਿੱਛੇ ਪਿੱਛੇ ਤੁਰੇ ਜਾਂਦੇ ਹਾਂ।
ਸਾਡੇ ਪਿੰਡ ਦੀਆਂ ਪੰਚਾਇਤਾਂ ਸਮਾਜਿਕ ਜਥੇਬੰਦੀਆਂ,ਸ਼ਹਿਰਾਂ ਵਿੱਚ ਚੁਣੇ ਹੋਏ ਐਮ ਸੀ ਤੇ ਜਥੇਬੰਦੀਆਂ ਨੂੰ ਚੋਣਾਂ ਤੋਂ ਪਹਿਲਾਂ ਆਪਣਾ ਇੱਕ ਖ਼ਾਸ ਪਰਨੋਟ ਪ੍ਰਮਾਣ ਪੱਤਰ ਟਾਈਪ ਕਰਾ ਕੇ ਜਾਂ ਲਿਖ ਕੇ ਰੱਖਣਾ ਪਵੇਗਾ।ਜਿਸ ਵਿੱਚ ਇੱਕ ਪੈਨਸ਼ਨ ਕੋਈ ਸੁਰੱਖਿਆ ਕਰਮਚਾਰੀ ਨਹੀਂ ਹੋਵੇਗਾ ਤੇ ਆਪਣੇ ਇਲਾਕੇ ਦੇ ਜ਼ਰੂਰੀ ਕੰਮਕਾਰ ਲਿਖ ਕੇ ਜੋ ਵੀ ਕਿਸੇ ਵੀ ਰਾਜਨੀਤਕ ਪਾਰਟੀ ਦਾ ਨੇਤਾ ਵੋਟਾਂ ਮੰਗਣ ਆਵੇਗਾ ਉਸ ਤੋਂ ਦਸਤਖ਼ਤ ਕਰਵਾ ਕੇ ਰੱਖ ਲਵੋ।ਤੁਹਾਡੀ ਗਲ ਵਿਚ ਪਾਈ ਹੋਈ ਕਾਨੂੰਨੀ ਪੰਜਾਲੀ ਚੁਣਿਆ ਹੋਇਆ ਨੇਤਾ ਕਿਵੇਂ ਉਤਾਰ ਸਕਦਾ ਹੈ,ਉਸ ਨੂੰ ਆਤਮ ਨਿਰਭਰ ਹੋਣ ਦੀ ਪਰਿਭਾਸ਼ਾ ਆਪਣੇ ਆਪ ਪਤਾ ਲੱਗ ਜਾਵੇਗੀ ਤੇ ਸਾਨੂੰ ਆਪਣੀ ਆਜ਼ਾਦੀ ਦਾ ਪੂਰਾ ਫ਼ਾਇਦਾ ਤੇ ਆਨੰਦ ਮਿਲੇਗਾ।
ਰਮੇਸ਼ਵਰ ਸਿੰਘ
ਸੰਪਰਕ ਨੰਬਰ-9914880392