ਨਵੀਂ ਦਿੱਲੀ (ਸਮਾਜ ਵੀਕਲੀ) : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਨੇ ਚਾਬਹਾਰ ਬੰਦਰਗਾਹ ਨੂੰ ਉੱਤਰ-ਦੱਖਣੀ ਟਰਾਂਸਪੋਰਟ ਕੋਰੀਡੋਰ (ਆਈਐੱਨਐੱਸਟੀਸੀ) ਰੂਟ ਵਿੱਚ ਸ਼ਾਮਲ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਆਈਐੱਨਐੱਸਟੀਸੀ ਵਿੱਚ ਸ਼ਾਮਲ ਦੇਸ਼ ਇਸ ਪ੍ਰਾਜੈਕਟ ਦਾ ਵਿਸਤਾਰ ਕਰ ਕੇ ਚਾਬਹਾਰ ਬੰਦਰਗਾਹ ਨੂੰ ਇਸ ਵਿੱਚ ਸ਼ਾਮਲ ਕਰਨ ਲਈ ਸਹਿਮਤ ਹੋਣਗੇ।
ਉਹ ‘ਚਾਬਹਾਰ ਦਿਵਸ’ ਮੌਕੇ ਭਾਰਤ ਸਮੁੰਦਰੀ ਸੰਮੇਲਨ 2021 ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਜੈਸ਼ੰਕਰ ਨੇ ਕਿਹਾ ਕਿ ਦੁਨਿਆਵੀ ਅਰਥਚਾਰੇ ਦੇ ਵਿਕਾਸ ਦਾ ਆਧਾਰ ਏਸ਼ੀਆ ਵੱਲ ਤਬਦੀਲ ਹੋਣ ਕਰ ਕੇ ਖਿੱਤੇ ਵਿੱਚ ਸੰਪਰਕ ਦੇ ਬੇਮਿਸਾਲ ਮੌਕੇ ਪੈਦਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਚਾਬਹਾਰ ਦਿਵਸ ਮਨਾਇਆ ਜਾਣਾ ਇਸ ਦੀ ਖੇਤਰੀ ਸੰਪਰਕ ਨੂੰ ਵਧਾਉਣ ਸਬੰਧੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ ਚਾਬਹਾਰ ਨੂੰ ਆਈਐੱਨਐੱਸਟੀਸੀ ਰੂਟ ਵਿੱਚ ਸ਼ਾਮਲ ਕਰਨ ਦਾ ਪ੍ਰਸਤਾਵ ਰੱਖਿਆ ਹੈ। ਆਈਐੱਨਐੱਸਟੀਸੀ ਇਕ ਅਹਿਮ ਕਾਰੋਬਾਰੀ ਲਾਂਘਾ ਪ੍ਰਾਜੈਕਟ ਹੈ ਜਿਸ ਵਿੱਚ ਭਾਰਤ ਦੇ ਨਾਲ 12 ਮੁਲਕ ਇਕ ਆਰਥਿਕ ਲਾਂਘਾ ਸਥਾਪਤ ਕਰਨ ਦੇ ਮਕਸਦ ਨਾਲ ਸਹਿਯੋਗ ਕਰ ਰਹੇ ਹਨ। ਇਹ 7200 ਕਿਲੋਮੀਟਰ ਲੰਬਾ ਬਹੁਪੱਖੀ ਲਾਂਘਾ ਪ੍ਰਾਜੈਕਟ ਹੈ ਜਿਸ ਨਾਲ ਭਾਰਤ, ਇਰਾਨ, ਅਫ਼ਗਾਨਿਸਤਾਨ, ਅਰਮੇਨੀਆ, ਅਜ਼ਰਬੈਜਾਨ, ਰੂਸ, ਕੇਂਦਰੀ ਏਸ਼ੀਆ ਤੇ ਯੂਰਪ ਵਿਚਾਲੇ ਕਾਰੋਬਾਰ ਆਸਾਨ ਹੋ ਜਾਵੇਗਾ।
ਸ੍ਰੀ ਜੈਸ਼ੰਕਰ ਨੇ ਕਿਹਾ, ‘‘ਅਸੀਂ ਉਜ਼ਬੇਕਿਸਤਾਨ ਤੇ ਅਫ਼ਗਾਨਿਸਤਾਨ ਵੱਲੋਂ ਬਹੁਪੱਖੀ ਕੋਰੀਡੋਰ ਪ੍ਰਾਜੈਕਟ ਵਿੱਚ ਰੁਚੀ ਲੈਣ ਦਾ ਸਵਾਗਤ ਕਰਦੇ ਹਾਂ। ਮੈਂ ਆਸਵੰਦ ਹਾਂ ਕਿ ਆਈਐੱਨਐੱਸਟੀਸੀ ਤਾਲਮੇਲ ਕੌਂਸਲ ਦੀ ਮੀਟਿੰਗ ਵਿੱਚ ਮੈਂਬਰ ਮੁਲਕ ਆਈਐੱਨਐੱਸਟੀਸੀ ਰੂਟ ਵਿੱਚ ਵਿਸਤਾਰ ਕਰਦੇ ਹੋਏ ਚਾਬਹਾਰ ਬੰਦਰਗਾਹ ਨੂੰ ਇਸ ਵਿੱਚ ਸ਼ਾਮਲ ਕਰਨ ਅਤੇ ਇਸ ਪ੍ਰਾਜੈਕਟ ਦੀ ਮੈਂਬਰਸ਼ਿਪ ਦੇ ਵਿਸਤਾਰ ਲਈ ਸਹਿਮਤ ਹੋ ਜਾਣਗੇ।’’