” ਸਰਕਾਰੀ ਹਸਪਤਾਲਾਂ ਦੀ ਪ੍ਰਬੰਧਕੀ ਨਾਲਾਇਕੀ ਕਰਦੇ ਓ ਬੇਨਕਾਬ, ਪ੍ਰਾਈਵੇਟਾਂ ਦੇ ਮਾਲਕਾਂ ਨਾਲ ਨਰਮੀ ਕਿਓਂ?”

(ਸਮਾਜ ਵੀਕਲੀ)

*ਅਜੋਕੇ ਦੌਰ ਦੀ ਪੱਤਰਕਾਰੀ ਚੁਸਤ ਤੇ ਦਰੁਸਤ ਹੋ ਰਹੀ ਹੈ। ਮੀਡੀਆ ਦਾ ਰੋਲ ਖੋਜੀ ਪੱਤਰਕਾਰੀ ਦੇ ਲਿਹਾਜ਼ ਨਾਲ ਵੀ ਬਹੁਤ ਉਸਾਰੂ ਹੈ।
ਹੋਰਨਾਂ ਪੱਖਾਂ ਨੂੰ ਏਸ ਮਜ਼ਮੂਨ ਵਿਚ ਛੱਡ ਵੀ ਦੇਈਏ ਤੇ ਕੇਵਲ ਸਰਕਾਰੀ ਹਸਪਤਾਲਾਂ ਵਿਚ ਮੌਜੂਦ ਪ੍ਰਬੰਧਕੀ ਨਾ-ਲਾਇਕੀ ਦਾ ਪੱਖ ਵੇਖੀਏ, ਤਦ ਵੀ ਏਸ ਗੱਲੋਂ ਸੁਖਾਂਤਕ ਤੇ ਹਾਂ ਪੱਖੀ ਨਤੀਜਾ ਸਾਡੇ ਸਾਮ੍ਹਣੇ ਹੈ ਕਿ ਬਹੁਤ ਸਾਰੇ ਮਾਮਲਿਆਂ ਵਿਚ ਖ਼ਬਰਨਵੀਸਾਂ ਨੇ ਸਕੈਂਡਲ ਬੇਨਕਾਬ ਕੀਤੇ ਹਨ। ਡਾਕਟਰਾਂ ਦੀ ਘਾਟ, ਪ੍ਰਬੰਧਕੀ ਨਾਲਾਇਕੀਆਂ ਨੂੰ ਉਜਾਗਰ ਕੀਤਾ ਹੈ। ਲੋਕਾਂ ਨੂੰ ਲਾਭ ਹੋਇਆ ਹੈ। ਸਿਸਟਮ ਵਿਚ ਹਾਕਮਾਂ ਨੂੰ ਮਜਬੂਰਨ ਸੁਧਾਰ ਕਰਨਾ ਪਿਆ ਹੈ। ਇਹ ਲੋਕ ਹਿਤੈਸ਼ੀ ਪੱਤਰਕਾਰੀ ਦੀ ਜਿੱਤ ਹੈ।
**
ਹਸਪਤਾਲਾਂ ਦੇ ਪ੍ਰਸ਼ਾਸਨਕ ਮਾਮਲਿਆਂ ਦੇ ਮਾਹਰ ਆਪਣਾ ਨਾਮ ਨਾ ਛਪਵਾਉਣ ਦੀ ਸ਼ਰਤ ਉੱਤੇ ਦੱਸਦੇ ਹਨ ਕਿ ਖੋਜੀ ਬਿਰਤੀ ਸਦਕਾ ਜਦੋਂ ਕਿਸੇ ਖ਼ਬਰਨਵੀਸ ਦੀ ਰਿਪੋਰਟ ਛਪ ਕੇ ਲੋਕਾਈ ਦੇ ਘਰਾਂ, ਦਫਤਰਾਂ ਤੇ ਸਬੰਧਤ ਸਰਕਾਰੀ ਹਸਪਤਾਲਾਂ ਵਿਚ ਪੁੱਜਦੀ ਹੈ ਤਾਂ ਇਕ ਤਰ੍ਹਾਂ ਨਾਲ ਭੜਥੂ ਪੈਣ ਵਾਲੀ ਸੂਰਤ ਬਣੀ ਹੁੰਦੀ ਹੈ। ਓਸ ਦਿਨ ਸਾਰਾ ਸਟਾਫ ਇੰਝ ਚੁੱਪ ਚੁਪੀਤੇ ਤੇ ਬੀਬੇ ਬਣ ਕੇ ਕੰਮ ਕਰਦਾ ਹੈ, ਜਿਵੇਂ ਇਨ੍ਹਾਂ ਤੋਂ ਵੱਧ ਕੇ, ਮੁਲਕ ਦੇ ਕਿਸੇ ਹੋਰ ਜੀਅ ਨੂੰ ਦੇਸ, ਕੌਮ ਦਾ ਫ਼ਿਕਰ ਈ ਨਾ ਹੋਵੇ। ਪਰ ਕੀ ਇੰਝ ਹਰ ਰੋਜ਼ ਨਹੀਂ ਹੋ ਸਕਦਾ?

*ਲੋਕ ਚਾਹੁੰਦੇ ਹਨ ਵਧੇਰੇ ਸਖ਼ਤ ਕਾਰਵਾਈਆਂ*
ਹੁਣ ਕਿਉਂਜੋ ਸਿਹਤ ਮਾਮਲਿਆਂ ਦਾ ਪਾਰਲੀਮਾਨੀ ਸਕੱਤਰ ਬਣਦੀ ਕਾਰਵਾਈ ਨਹੀਂ ਕਰਦਾ, ਸਿਹਤ ਮਾਮਲਿਆਂ ਦਾ ਮੰਤਰੀ ਕਿਸੇ ਵੀ ਕੰਮ ਚੋਰ ਸਿਹਤ ਮੁਲਾਜ਼ਮ ਨੂੰ ਬਣਦੀ ਸਖ਼ਤ ਸਜ਼ਾ ਨਹੀਂ ਦਿੰਦਾ, ਕਾਫ਼ੀ ਅਰਸੇ ਤੋਂ ਇਹੋ ਜਿਹਾ ਇਕ ਵੀ ਡਾਕਟਰ ਕਿਸੇ ਸਰਕਾਰੀ ਹਸਪਤਾਲ ਦੇ ਪ੍ਰਬੰਧਕਾਂ ਨੇ ਕੰਮ ਤੋਂ ਫ਼ਾਰਗ ਨਹੀਂ ਕੀਤਾ, ਜਿਹਨੇ ਕੰਮ ਵਿਚ ਵੱਡੀ ਲਾਪਰਵਾਹੀ ਕੀਤੀ ਸੀ, ਏਸ ਲਈ ਹੁਣ ਸਰਕਾਰੀ ਸਿਹਤ ਸਟਾਫ ਲੋਕਲ ਅਖਬਾਰਾਂ ਤੋਂ ਲੈ ਕੇ ਖ਼ਬਰੀ ਚੈਨਲਾਂ ਤੋਂ ਨਹੀਂ ਡਰਦਾ। ਦੇਸ ਦੇ ਕੌਮੀ ਪੱਧਰ ਦੇ ਅੰਗਰੇਜ਼ੀ ਮੀਡੀਆ ਦਾ ਭੈਅ ਵੀ ਪਹਿਲਾਂ ਦੇ ਮੁਕਾਬਲੇ ਘੱਟ ਪ੍ਰਤੀਤ ਹੋ ਰਿਹਾ ਹੈ।

ਹਾਲਾਂਕਿ ਬੀ ਬੀ ਸੀ, ਅਲ ਜਜ਼ੀਰਾ, ਸੀ ਐੱਨ ਐੱਨ ਕਿਉਂਜੋ ਕੌਮਾਂਤਰੀ ਮੀਡੀਆ ਗਰੁੱਪ ਹਨ ਪਰ ਉਨ੍ਹਾਂ ਨੇ ਵੀ ਭਾਰਤ ਵਿਚ ਵਿਚਰਦਿਆਂ ਬੇਸ਼ਕ਼ ਬਹੁਤ ਤਰਥੱਲੀ ਪਾਊ ਰਿਪੋਰਤਜ਼ ਤਿਆਰ ਕਰ ਕੇ ਸਰਕਾਰੀ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਭਾਜੜਾਂ ਪਾਈਆਂ ਹਨ ਪਰ ਲੋਕਾਂ ਨਾਲ ਗੱਲ ਕਰੀਏ ਤਾਂ ਉਹ ਖੁੱਲ੍ਹ ਕੇ ਆਖਦੇ ਹਨ ਕਿ ਅੰਗਰੇਜ਼ੀ ਮੀਡੀਆ ਸਖਤ ਰਿਪੋਰਟਾਂ ਖੁੱਲ੍ਹ ਕੇ ਪੇਸ਼ ਨਹੀਂ ਕਰ ਰਿਹਾ। ਸਰਕਾਰੀ ਹਸਪਤਾਲਾਂ ਦਾ ਸਾਰਾ ਅਮਲਾ, ਫੇਰ ਭਾਵੇਂ ਉਹ ਕੋਈ ਵੀ ਹੋਵੇ, ਆਪਣੇ ਕੰਮ ਵਿਚ ਓਹ ਸਿਫ਼ਤੀ ਤਬਦੀਲੀ ਨ੍ਹੀ ਲਿਆ ਸਕੇ ਜੀਹਦੇ ਸਦਕਾ ਮੁਲਕ ਖ਼ਾਸਕਰ ਪੰਜਾਬ ਦਾ ਨਾਂ ਰੌਸ਼ਨ ਹੁੰਦਾ ਹੋਵੇ।

*ਪ੍ਰਾਈਵੇਟ ਹਸਪਤਾਲਾਂ ਵਿਚ ਵੀ ਸਭ ਚੰਗਾ ਨਹੀਂ!*
ਸਾਨੂੰ ਭਲੀ ਭਾਂਤ ਚੇਤੇ ਏ ਕਿ ਕੁਝ ਵਕ਼ਤ ਪਹਿਲਾਂ ਪਟਿਆਲਾ ਤੋਂ ਰਿਪੁਦਮਨ ਸਿੰਘ ਰੂਪ ਹੁਰਾਂ ਦੀ ਖੁੱਲ੍ਹੀ ਚਿੱਠੀ ਕੁਝਨਾਂ ਅਖ਼ਬਾਰਾਂ ਵਿਚ ਛਪੀ ਸੀ। ਓਸ ਚਿੱਠੀ ਦਾ ਸਾਰ ਤੱਤ ਇਹ ਸੀ ਕਿ ਸਾਰਾ ਮੀਡੀਆ ਸਿਰਫ ਸਰਕਾਰੀ ਹਸਪਤਾਲਾਂ ਦੇ ਪ੍ਰਬੰਧਕਾਂ ਤੇ ਡਾਕਟਰਾਂ ਦੀਆਂ ਨਾ-ਲਾਇਕੀਆਂ ਨੂੰ ਉਜਾਗਰ ਕਰਦਾ ਹੈ ਕੀ ਪ੍ਰਾਈਵੇਟ ਹਸਪਤਾਲਾਂ ਅੰਦਰ ਵਾਕ਼ਈ ਸੱਭੇ ਕੁਝ ਠੀਕ ਏ?

ਓਸ ਚਿੱਠੀ ਨੂੰ ਔਸਤ ਪਾਠਕਾਂ ਨੇ ਭਾਵੇਂ ਬਹੁਤ ਹੌਲੇ ਤੇ ਰੁਟੀਨ ਢੰਗ ਨਾਲ ਲਿਆ ਹੋਵੇ ਜਦਕਿ ਸਰਕਾਰੀ ਹਸਪਤਾਲਾਂ ਵਿਚ ਨੌਕਰੀ ਲੱਗੇ ਡਾਕਟਰ, ਸਟਾਫ ਨਰਸਾਂ ਇਥੋਂ ਤਕ ਕਿ ਚਪੜਾਸੀ ਚਪੜਾਸਨਾਂ ਨੇ ਇੰਝ ਮਹਿਸੂਸ ਕੀਤਾ ਸੀ ਜਿਵੇਂ ਉਨ੍ਹਾਂ ਦੇ ਹਕ਼ ਵਿਚ ਕਿਤਿਓਂ ਆਵਾਜ਼ ਬੁਲੰਦ ਹੋ ਗਈ ਹੋਵੇ। ਜਦਕਿ ਗੱਲ ਤਾਂ ਇਹ ਸੀ ਕਿ ਪ੍ਰਾਈਵੇਟ ਹਸਪਤਾਲਾਂ ਵਿਚ ਮੁਸਲਸਲ ਜਾਰੀ ਬਦ ਇੰਤਜ਼ਾਮੀ ਦੀ ਹੈ।

ਮੈਨੂੰ ਯਾਦ ਐ ਕਿ ਮੈਂ ਇਕ ਮਰੀਜ਼ ਦੋਸਤ ਦੀ ਤੀਮਾਰਦਾਰੀ ਖ਼ਾਤਰ ਸਿਵਲ ਹਸਪਤਾਲ ਜਲੰਧਰ ਵਿਚ ਮੌਜੂਦ ਸਾਂ, ਓਦਣ ਇੰਝ ਜਾਪਦਾ ਸੀ ਕਿ ਜਿਵੇਂ ਸਰਕਾਰੀ ਹਸਪਤਾਲ ਦਾ ਲਾਪਰਵਾਹੀ ਵਿਚ ਮਸ਼ਹੂਰ ਹਰੇਕ ਮੁਲਾਜ਼ਮ ਸੁਰਖ਼ ਰੂ ਹੋਇਆ ਤੁਰ ਫਿਰ ਰਿਹਾ ਸੀ।

*ਕੀ ਕਰਨਾ ਚਾਹੀਦਾ*
ਸਵਾਲ ਇਹ ਹੈ ਕਿ ਭਾਵੇਂ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ ਕਿਸੇ ਟੱਬਰ ਦਾ ਜੀਅ ਮਰ ਗਿਆ ਹੋਵੇ ਜਾਂ ਫੇਰ ਇਲਾਜ ਦੌਰਾਨ ਮੌਤ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਹੋਈ ਹੋਵੇ। ਸਰਕਾਰ ਤੇ ਹਸਪਤਾਲ ਪ੍ਰਬੰਧਕਾਂ ਨੂੰ ਕੁਝ ਸੁਝਾਅ ਮੰਨਣੇ ਤੇ ਲਾਗੂ ਕਰਨੇ ਪੈਣਗੇ।

1. ਜਿਹੜਾ ਵੀ ਬੰਦਾ ਜਾਂ ਜ਼ਨਾਨੀ ਹਸਪਤਾਲ ਦਾ ਪ੍ਰਬੰਧਕ ਹੈ, ਓਹਦਾ ਨਿੱਜੀ ਮੋਬਾਈਲ ਨੰਬਰ ਸੂਚਨਾ ਪੱਟੀ ਉੱਤੇ ਦਰਜ ਕੀਤਾ ਜਾਵੇ। ਕਿਹੜਾ ਡਾਕਟਰ ਕਿੰਨੇ ਵਜੇ ਤਕ ਡਿਊਟੀ ਉੱਤੇ ਰਹਵੇਗਾ, ਓਹਦਾ ਨਾਂ ਅਤੇ ਫੋਨ ਨੰਬਰ ਫਲੈਸ਼ ਕਰਨਾ ਚਾਹੀਦਾ।

2. ਦਵਾਈਆਂ ਦੀ ਵਿਕਰੀ ਵਧਾਉਣ ਲਈ ਦਰ ਦਰ ਤੁਰੇ ਫਿਰਦੇ ਮੈਡੀਕਲ ਰੈਪ (medical representative) ਦਾ ਖ਼ਾਸਕਰ ਸਰਕਾਰੀ ਹਸਪਤਾਲਾਂ ਵਿਚ ਤੁਰੇ ਫਿਰਨਾ ਬੰਦ ਜਾਂ ਘੱਟ ਕਰਵਾਇਆ ਜਾਵੇ। ਵਜ੍ਹਾ ਇਹ ਹੈ ਕਿ ਗਰੀਬ ਵਰਗ ਦੇ ਲੋਕਾਂ ਦੀ ਭੀੜ ਵੱਧ ਹੋਣ ਕਾਰਨ ਦਵਾਈ ਏਜੰਟਾਂ ਨੂੰ ਗਾਹ ਨਹੀਂ ਪਾਉਣ ਦੇਣਾ ਚਾਹੀਦਾ।

3. ਭੀੜ ਵਧਣ ਕਾਰਨ ਉਂਝ ਵੀ ਹਸਪਤਾਲਾਂ ਵਿਚ ਤਿਲ ਸੁੱਟਣ ਜੋਗੀ ਥਾਂ ਨਹੀਂ ਹੁੰਦੀ, ਏਸ ਲਈ ਦਵਾਈ ਕੰਪਨੀਆਂ ਦੇ ਏਜੰਟਾਂ ਦਾ ਤੋਰਾ ਫੇਰਾ ਘਟਾਉਣ ਵਿਚ ਈ ਬੇਹਤਰੀ ਨਜ਼ਰ ਆਉਂਦੀ ਹੈ।

4. ਮੈਡੀਕਲ ਸਟਾਫ ਦੇ ਸੀਨੀਅਰ ਮੈਂਬਰਾਂ ਜਿਵੇਂ ਕਿ ਡਾਕਟਰਾਂ ਤੇ ਸਟਾਫ਼ ਨਰਸਾਂ ਲਈ ਜ਼ਰੂਰੀ ਹੋਵੇ ਕਿ ਓਹ ਦੇਸ ਦੁਨੀਆ ਦੀਆਂ ਖਬਰਾਂ ਬਾਰੇ ਸੁਚੇਤ ਤੇ ਚੇਤੰਨ ਕੀਤੇ ਜਾਣ। ਇਸ ਨਾਲ ਉਨ੍ਹਾਂ ਦੇ ਸੁਭਾਅ ਵਿਚ ਖੂਹ ਦਾ ਡੱਡੂਪੁਣਾ ਨਹੀਂ ਆਵੇਗਾ। ਹੁੰਦਾ ਇਹ ਕਿ ਹੈ ਸਧਾਰਨ ਵਿਅਕਤੀ ਚਿੱਟਾ ਕੁੜਤਾ ਪਜਾਮਾ ਪਾ ਕੇ ਆਪਣੇ ਵਰਗੇ ਦੋ ਚਾਰ ਜਣੇ ਲੈ ਕੇ, ਰਕਾਰੀ ਹਸਪਤਾਲਾਂ ਵਿਚ ਆ ਵੜੇ ਤਾਂ ਬਹੁਤਾ ਸਟਾਫ “ਨੇਤਾਜੀ ਆ ਗਏ, ਨੇਤਾ ਜੀ ਆਏ”, ਦੀ ਤੋਤਾ ਰੱਟ ਲਾ ਲੈਂਦਾ ਹੈ। ਮਨੋ ਵਿਗਿਆਨਕ ਦੱਸਦੇ ਹਨ ਕਿ ਡਰ ਕਾਰਨ ਵੀ ਸਟਾਫ ਦੇ ਕੰਮ ਤੇ ਵਤੀਰੇ ਵਿਚ ਨੁਕਸਦਾਰ ਤਬਦੀਲੀ ਆਉਂਦੀ ਹੈ। ਕੀ ਹਰ ਸਿਆਸੀ ਪਾਰਟੀ ਵਿਚ ਤੁਰਿਆ ਫਿਰਦਾ ਬੰਦਾ, ਨੇਤਾ ਹੁੰਦੈ?

5. ਕਿਸੇ ਵੀ ਸਿਹਤ ਕਾਮੇ ਵੱਲੋਂ ਕੰਮ ਵਿਚ ਕੀਤੀ ਕੁਤਾਹੀ ਬਾਰੇ ਖ਼ਬਰ ਛਪੀ ਹੋਵੇ ਜਾਂ ਕਿਹੇ ਖ਼ਬਰੀ ਚੈਨਲ ਨੇ ਕੋਈ ਵੀਡੀਓ ਰਿਪੋਰਟ ਪ੍ਰਸਾਰਤ ਕੀਤੀ ਹੋਵੇ, ਓਹਨੂੰ ਲੈ ਕੇ ਸਿਰਫ ਸੰਗੀ ਜਾਣ ਨਾਲੋਂ ਸੰਵਾਦ ਰਚਾਉਣ ਵੱਲ ਅੱਗੇ ਵਧਣਾ ਚਾਹੀਦਾ ਹੈ। ਅਧਿਕਾਰੀ ਵਰਗ ਨੂੰ ਚਾਹੀਦਾ ਹੈ ਕਿ “ਹਊ ਪਰ੍ਹੇ” ਵਾਲੇ ਰਵਈਏ ਦੇ ਨੁਕਸਾਨ ਸਾਮ੍ਹਣੇ ਆਉਂਦੇ ਹਨ, ਏਸ ਲਈ ਸਬੰਧਤ ਕਰਮਚਾਰੀ ਉੱਤੇ ਬਣਦੀ ਸਖ਼ਤੀ ਕਰਨੀ ਚਾਹੀਦੀ ਹੈ। ਏਸ ਨਾਲ ਬਕਾਇਆ ਲਾਪਰਵਾਹ ਇਲਾਜ ਕਾਮੇ ਸੁਧਰ ਸਕਣਗੇ।

*ਨੌਕਰੀ ਦਾ ਰਿਕਾਰਡ ਪਾਉਂਦੈ ਅਸਰ*
ਇਕ ਮਿਸਾਲ ਦੇ ਰਿਹਾ ਹਾਂ। ਜਲੰਧਰ ਵਿਚ ਮਸ਼ਹੂਰ ਇਲਾਕਾ ਗੜਾ ਹੈ। ਓਥੇ ਪਬਲਿਕ ਪ੍ਰਾਈਵੇਟ ਭਾਈਵਾਲੀ ਦੀ ਤਰਜ਼ ਉੱਤੇ ਹਸਪਤਾਲ ਚੱਲ ਰਿਹਾ ਹੈ। ਉਨ੍ਹਾਂ ਨੂੰ ਕਰਮਚਾਰੀ ਚਾਹੀਦੇ ਸਨ। ਉਨ੍ਹਾਂ ਨੇ ਕੁਝਨਾਂ ਥਾਵਾਂ ਉੱਤੇ ਇਸ਼ਤਿਹਾਰ ਦਿੱਤੇ। ਪੰਜਾਬ ਦੇ ਚਰਚਿਤ ਸਰਕਾਰੀ ਹਸਪਤਾਲ ਵਿਚ ਉੱਚੇ ਅਹੁਦੇ ਉੱਤੇ ਕੰਮ ਕਰ ਚੁੱਕਿਆ ਸਾਡਾ ਇਕ ਵਾਕਫ਼ ਵੀ ਨੌਕਰੀ ਦੀ ਆਸ ਵਿਚ ਚਲਾ ਗਿਆ। ਸੂਰਤੇਹਾਲ ਦਾ ਮਨੋ ਵਿਗਿਆਨਕ ਪੱਖ ਇਹ ਹੈ ਕਿ ਸੇਵਾ ਮੁਕਤ ਹੋਣ ਮਗਰੋਂ ਓਹਦਾ ਜੀਅ ਨਹੀਂ ਲੱਗ ਰਿਹਾ ਸੀ। ਪੁੱਤਰਾਂ ਤੇ ਨੂੰਹਾਂ ਉੱਤੇ ਇਹ ਅਸਰ ਪਾਉਣ ਕਿ ਉਹ ਰਿਟਾਇਰਡ ਹੋ ਕੇ ਨਵੀਂ ਥਾਂ ਕੰਮ ਉੱਤੇ ਲੱਗ ਸਕਦਾ ਹੈ, ਉਹ ਨੌਕਰੀ ਲਈ ਯਤਨਸ਼ੀਲ ਹੋ ਗਿਆ।

ਅੱਗਿਓਂ ਸਥਿਤੀ ਇਹ ਕਿ ਪ੍ਰਬੰਧਕਾਂ ਨੇ ਇਹ ਆਖ ਕੇ ਮੋੜ ਦਿੱਤਾ ਕਿ ਤੁਸੀਂ ਜਿਹੜੇ ਸਰਕਾਰੀ ਹਸਪਤਾਲ ਵਿਚ ਕੰਮ ਕਰਦੇ ਸਓ, ਵੀਰਜੀ ਓਥੇ ਦੀ ਬਦ ਇੰਤਜ਼ਾਮੀ ਬਾਰੇ ਖਬਰਾਂ ਪੜ੍ਹਦੇ ਰਹੇ ਸਾਂ, ਲਿਹਾਜ਼ਾ ਇਹ ਨੌਕਰੀ ਤੁਹਾਨੂੰ ਨਹੀਂ ਦੇ ਸਕਦੇ ਹਾਂ। ਗੱਲ ਕੱਥ ਦਾ ਕੁਲ ਮਤਲਬ ਇਹ ਕਿ ਪਿਛਲਾ ਰਿਕਾਰਡ ਵੀ ਕਈ ਦਫ਼ਾ ਚੁਗਲੀ ਕਰ ਜਾਂਦਾ ਹੈ। ਉਹ ਸਾਬਕਾ ਐੱਸ ਐੱਮ ਓ ਵਿਚਾਰਗੀ ਦੀ ਮਨੋ ਅਵਸਥਾ ਵਿਚ ਘਰ ਪਰਤ ਗਿਆ ਸੀ। ਹਾਲਾਂਕਿ ਜਦੋਂ ਓਹਦੇ ਹੱਥ ਵਿਚ ਤਾਕ਼ਤ ਸੀ, ਉਦੋਂ ਓਹਨੇ ਕਿਸੇ ਨਾ ਲਾਇਕ ਸਿਹਤ ਮੁਲਾਜ਼ਮ ਤੇ ਸਾਥੀ ਡਾਕਟਰ ਉੱਤੇ ਕਾਰਵਾਈ ਨਹੀਂ ਕੀਤੀ ਸੀ, ਹਾਲਾਂਕਿ ਕਰਨ ਦੀ ਜ਼ਰੂਰਤ ਸੀ।

*ਪ੍ਰਾਈਵੇਟ ਹਸਪਤਾਲਾਂ ਦੀ ਹੋਵੇ ਨਿਗਰਾਨੀ*
ਪ੍ਰਾਈਵੇਟ ਹਸਪਤਾਲ ਵਿਚ ਪਰਚਿਆਂ ਕੱਟਣ ਵਾਲੀ ਇਕ ਭੈਣ ਸਾਨੂੰ ਦੱਸ ਰਹੀ ਸੀ, ਓਹਦੇ ਇਲਾਜ ਅਦਾਰੇ ਦਾ ਮਾਲਕ ਧਨ ਬੱਚਤ ਦੀ ਨੀਤ ਨਾਲ ਕਈ ਹਲਕੇ ਕਾਰੇ ਕਰ ਜਾਂਦਾ ਹੈ।

ਇਕ ਪੱਤਰਕਾਰ ਨੇ ਪੁੱਛਿਆ, ਕੀ ਮਤਲਬ? ਤਾਂ ਉਹ ਦੱਸਣ ਲੱਗੀ ਕਿ ਜਿਹੜਾ ਮੁੰਡਾ ਐੱਮ ਆਰ ਆਈ ਤੇ ਹੋਰ ਟੈਸਟ ਕਰਦਾ ਹੈ, ਓਹੀ ਮੁੰਡਾ ਹਸਪਤਾਲ ਦੇ ਦਫ਼ਤਰੀ ਕੰਮ ਕਰਦਾ ਹੈ। ਮਾਲਕ ਦੇ ਕਾਕੇ ਨੂੰ ਟਿਊਸ਼ਨ ਛਡਣਾ ਤੇ ਲੈ ਕੇ ਆਉਣਾ ਓਹਦੇ ਜ਼ਿੱਮੇ ਹੈ। ਜ਼ੁਲਮ ਇਹ ਹੈ ਕਿ ਉਹ ਤਕਨੀਕੀ ਟੈਸਟ ਕਰਨ ਲਈ ਕੁਆਲੀਫਾਈ ਨਹੀਂ ਹੈ ਪਹਿਲਾਂ ਕਿਸੇ ਹਸਪਤਾਲ ਵਿਚ ਕੀਤੀ ਨੌਕਰੀ ਦੇ ਤਜਰਬੇ ਕਾਰਨ ਏਸ ਨਿੱਜੀ ਮਾਲਕੀ ਵਾਲੇ ਹਸਪਤਾਲ ਵਿਚ ਲੱਗਾ ਹੈ।

ਇਹ ਕੋਈ ਇੱਕੋ ਇਕ ਕੇਸ ਨਹੀਂ। ਜੇਕਰ ਅਸੀਂ ਪ੍ਰਾਈਵੇਟ ਹਸਪਤਾਲਾਂ ਦੇ ਮਾਲਕਾਂ ਦੇ ਇਹੋ ਜਿਹੇ ਕਿੱਸੇ ਲਿਖਣ ਬਹਿ ਜਾਈਏ ਤਾਂ ਜਿਥੇ ਪਾਠਕ ਦੰਦਾਂ ਥੱਲੇ ਜੀਭ ਦੇਣ ਨੂੰ ਬੇਵੱਸ ਹੋ ਜਾਣਗੇ ਓਥੇ ਪੈਸੇ ਲੋਭੀ ਲਾਣੇ ਦੇ ਕਾਰੇ ਵੀ ਸਾਮ੍ਹਣੇ ਆਉਣਗੇ। ਅਸੀਂ ਸਮਝਦੇ ਹਾਂ ਕਿ ਅਜੋਕਾ ਦੌਰ ਸੋਸ਼ਲ ਮੀਡੀਆ ਦਾ ਏ, ਇਹ ਆਰਟੀਕਲ ਸਤ ਸਮੁੰਦਰ ਪਾਰ ਵੀ ਪੜ੍ਹੇ ਜਾਣੇ ਹਨ, ਸੋ ਆਪਣੇ ਸਮਾਜ ਤੇ ਆਪਣੇ ਮੁਲਕ ਬਾਰੇ ਇਹ ਗੱਲ ਬਹੁਤੀ ਬਾਹਿਰ ਨਹੀਂ ਜਾਣੀ ਚਾਹੀਦੀ। ਜਦਕਿ ਨਿਰਪੱਖ ਪੱਤਰਕਾਰੀ ਦੇ ਅਸੂਲਾਂ ਦੇ ਮੱਦੇਨਜ਼ਰ ਸਾਨੂੰ ਮੈਡੀਕਲ ਖੇਤਰ ਦੀਆਂ ਕਾਲੀਆਂ ਭੇਡਾਂ ਬਾਰੇ ਪਤਾ ਹੋਣ ਉੱਤੇ ਪਰਦਾ ਨ੍ਹੀ

ਪਾਉਣਾ ਚਾਹੀਦਾ।

*ਲੋਕਾਂ ਦੀ ਸੁਣੇ ਸਰਕਾਰ*
ਲੋਕ ਚਾਹੁੰਦੇ ਹਨ ਕਿ ਸਿਵਲ ਸਰਜਨ ਨੂੰ ਸਖ਼ਤ ਤੋਂ ਸਖ਼ਤ ਹਿਦਾਇਤਾਂ ਦੇ ਕੇ ਚੁਸਤ ਦਰੁਸਤ ਕੀਤਾ ਜਾਵੇ।
ਪ੍ਰਾਈਵੇਟ ਹਸਪਤਾਲਾਂ ਵਿਚ ਸਰਕਾਰ ਇਹੋ ਜਿਹੀ ਮੋਨੀਟਰਿੰਗ ਵਿਵਸਥਾ ਉਸਾਰੇ, ਆਪਣੇ ਖ਼ਾਸਮ ਖਾਸ ਸੂਹੀਏ ਵਾੜੇ। ਏਸ ਪੱਧਰ ਦੀ ਨਿਗਰਾਨੀ ਲਈ ਖ਼ਬਰਨਵੀਸਾਂ ਨੂੰ ਮਰੀਜ਼ ਬਣਾ ਕੇ ਪ੍ਰਾਈਵੇਟ ਹਸਪਤਾਲਾਂ ਦੀ ਅੰਦਰਲੀ ਹਕੀਕਤ ਬਾਰੇ ਸੱਚ ਬਾਹਰ ਲਿਆਂਦਾ ਜਾ ਸਕਦਾ ਹੈ।

ਸਾਹਿਤ ਪੜ੍ਹਨ ਜਾਂ ਲਿਖਣ ਵਾਲੇ ਚਕਿਤਸਕਾਂ ਨੂੰ ਇਨਾਮ ਦੇਣੇ ਚਾਹੀਦੇ ਹਨ। ਸਾਹਿਤ ਬ-ਕ਼ਮਾਲ ਸ਼ੈ ਹੈ, ਜਿਹੜਾ ਪੜ੍ਹੇਗਾ ਜਾਂ ਪੜ੍ਹੇਗੀ, ਓਹਦਾ ਮਨ ਲਾਜ਼ਮੀ ਤੌਰ ਉੱਤੇ ਨਰਮ ਹੋਵੇਗਾ।

ਸਭ ਤੋਂ ਖ਼ਾਸ ਪੱਖ ਇਹ ਹੈ ਕਿ ਜੇ ਕਿਸੇ ਵੀ ਕੇਸ ਵਿਚ ਮਰੀਜ਼ ਦੀ ਮੌਤ ਹੋ ਜਾਂਦੀ ਆ ਜਾਂ ਕਿਸੇ ਦਾ ਕੋਈ ਅੰਗ ਖਰਾਬ ਹੋ ਜਾਂਦਾ ਏ ਤਾਂ ਮਰੀਜ਼ ਦੇ ਸੰਭਾਲੂਆਂ ਵੱਲੋਂ ਪਾਈ ਕੁਰਲਾਹਟ ਨੂੰ ਹੰਗਾਮਾ ਨਹੀਂ ਮੰਨ ਲੈਣਾ ਚਾਹੀਦਾ। ਮਨੋ ਵਿਗਿਆਨਕ ਦੱਸਦੇ ਨੇ ਕਿ ਜਿਹੜੇ ਪਰਵਾਰ ਦਾ ਜੀਅ, ਇਲਾਜ ਦੌਰਾਨ ਮੋਇਆ ਹੁੰਦਾ ਏ, ਓਹ ਲੋਕ ਰੋਂਦੇ ਪਿੱਟਦੇ ਹੁੰਦੇ ਨੇ। ਏਸ ਹਰਕਤ ਨੂੰ ਅਸੱਭਿਅਕ ਆਖ ਕੇ ਸਰਕਾਰ ਨੂੰ ਭਾਰੂ ਧਿਰ ਨੂੰ ਸ਼ੈਹ ਨਹੀਂ ਦੇਣੀ ਚਾਹੀਦੀ।

ਸਰਕਾਰੀ ਹਸਪਤਾਲਾਂ ਵਿਚ ਬਦਬੋ ਹੁੰਦੀ ਐ, ਗੰਦਗੀ ਹੁੰਦੀ ਐ, ਸਟਾਫ ਉੱਤੇ ਕੰਮ ਦਾ ਵਾਧੂ ਬੋਝ ਹੁੰਦਾ ਐ। ਕਈ ਵਾਰ ਨੌਕਰੀ ਇੱਕੋ ਇੱਕ ਸਹਾਰਾ ਹੋਣ ਕਾਰਨ, ਘਰ ਦੀ ਗੁਰਬਤ ਜਾਂ ਹੋਰ ਵਜ੍ਹਾਹ ਕਾਰਨ ਸਟਾਫ ਦੇ ਮੁੰਡੇ/-ਕੁੜੀਆਂ ਦੇ ਵਿਆਹ ਨਹੀਂ ਹੁੰਦੇ, ਕਈ ਵਾਰ ਮਨ ਦੀ ਰੀਝ ਮੁਤਾਬਕ ਰਿਸ਼ਤੇ ਨਾ ਮਿਲਣ ਕਾਰਨ ਵੀ ਇਹ ਸਟਾਫ ਨਿਰਾਸ਼ਾ ਦਾ ਸ਼ਿਕਾਰ ਹੁੰਦਾ ਹੈ। ਪਰ ਸਟਾਫ ਦੀ ਲਾਪਰਵਾਹੀ ਦਾ ਖ਼ਮਿਆਜ਼ਾ ਆਮ ਲੋਕ ਭੁਗਤਦੇ ਹਨ। ਏਸ ਲਈ ਲੋਕਾਂ ਨੇ ਪ੍ਰਾਈਵੇਟ ਹਸਪਤਾਲਾਂ ਵਿਚ ਜਾਣਾ ਹੁੰਦਾ ਹੈ। ਸਰਕਾਰ ਜੇਕਰ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਨਾਲਾਇਕ ਪ੍ਰਬੰਧਕਾਂ ਉੱਤੇ ਵੇਲੇ ਸਿਰ ਬਣਦੀ ਸਖ਼ਤੀ ਕਰੇਗੀ ਤਾਂ ਸਾਡੇ ਅਜ਼ੀਜ਼ ਵਤਨ ਭਾਰਤ ਦਾ ਨਾਂ ਹੋਰ ਉਘਾ ਹੋਏਗਾ। ਹੋਰਨਾਂ ਮੁਲਕਾਂ ਦੇ ਮਰੀਜ਼, ਸਾਡੇ ਦੇਸ ਵਿਚ ਇਲਾਜ ਖਾਤਰ ਆਉਣਗੇ। ਮੁਲਕ ਵਿਚ ਵਿਦੇਸ਼ੀ ਕਰੰਸੀ ਆਏਗੀ। ਮੁਲਕ, ਸੋਨੇ ਦੀ ਚਿੜੀ ਬਣ ਸਕੇਗਾ।

… ਪਰ, ਇਲਾਜ ਖੇਤਰ ਦੀਆਂ ਕਾਲੀਆਂ ਭੇਡਾਂ ਨਾਲ ਸਖ਼ਤੀ ਕਰਨੀ ਪਏਗੀ। ਇਹੀ ਚਲੰਤ ਸਮੇਂ ਦੀ ਅਣਸਰਦੀ ਜ਼ਰੂਰਤ ਏ।

 

ਯਾਦਵਿੰਦਰ

 

 

 

 

 

 

 

 

+919465329617, 6284336773
ਸੰਪਰਕ : ਸਰੂਪ ਨਗਰ, ਰਾਓਵਾਲੀ, ਦੋਆਬਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article150ਲੋਕਾਂ ਨੂੰ ਵੈਕਸੀਨੇਸ਼ਨ ਲਗਾਈ ਗਈ
Next articleਕੇਜਰੀਵਾਲ ਮੁੜ ਚੁਣੇ ਗਏ ‘ਆਪ’ ਦੇ ਕੌਮੀ ਕਨਵੀਨਰ