ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰ ਸਰਕਾਰ ਨੇ ਕੋਵਿਡ- 19 ਕੇਸਾਂ ਦੀ ਗਿਣਤੀ ’ਚ ਵਾਧਾ ਦਰਸਾਉਣ ਵਾਲੇ ਸੂਬਿਆਂ ਤੇ ਯੂਟੀਜ਼ ਨੂੰ ਕੋਵਿਡ- 19 ਸਬੰਧੀ ਨੇਮਾਂ ਦੀ ਉਲੰਘਣਾ ਨਾਲ ਸਖ਼ਤੀ ਨਾਲ ਨਜਿੱਠਣ ਤੇ ਕੇਸਾਂ ਦੀ ਗਿਣਤੀ ’ਚ ਸੰਭਾਵੀ ਪੱਧਰ ’ਤੇ ਵਾਧਾ ਹੋਣ ਦੀ ਸਥਿਤੀ ’ਚ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਰੱਖਣ ਲਈ ਕਿਹਾ ਹੈ ਤਾਂ ਕਿ ਪਿਛਲੇ ਵਰ੍ਹੇ ਪ੍ਰਾਪਤ ਕੀਤੇ ਟੀਚੇ ਪ੍ਰਭਾਵਿਤ ਨਾ ਹੋ ਸਕਣ। ਕੈਬਨਿਟ ਸਕੱਤਰ ਰਾਜੀਵ ਗੁਪਤਾ ਨੇ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ’ਚ ਮਹਾਰਾਸ਼ਟਰ, ਪੰਜਾਬ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ, ਤੇਲੰਗਾਨਾ ਤੇ ਜੰਮੂ ਕਸ਼ਮੀਰ ਦੇ ਮੁੱਖ ਸਕੱਤਰਾਂ ਨੇ ਹਿੱਸਾ ਲਿਆ।
ਪਿਛਲੇ ਹਫ਼ਤੇ ਦੌਰਾਨ ਇਨ੍ਹਾਂ ਸੂਬਿਆਂ ਤੇ ਯੂਟੀਜ਼ ਵਿੱਚ ਜਾਂ ਤਾਂ ਕੋਵਿਡ- 19 ਦੇ ਐਕਟਿਵ ਕੇਸਾਂ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਗਿਆ ਹੈ ਤੇ ਜਾਂ ਨਵੇਂ ਕੇਸਾਂ ਦੀ ਗਿਣਤੀ ਵਧਣ ਲੱਗੀ ਹੈ।ਕੇਂਦਰੀ ਸਿਹਤ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਕਿਹਾ,‘ਇਨ੍ਹਾਂ ਸੂਬਿਆਂ ਤੇ ਯੂਟੀਜ਼ ਨੂੰ ਆਪਣੀ ਸੁਰੱਖਿਆ ਪ੍ਰਣਾਲੀ ਮਜ਼ਬੂਤ ਬਣਾਈ ਰੱਖਣ, ਕੋਵਿਡ- 19 ਦੀ ਰੋਕਥਾਮ ਸਬੰਧੀ ਨੇਮਾਂ ਦੀ ਸਹੀ ਢੰਗ ਨਾਲ ਪਾਲਣਾ ਕਰਨ ਤੇ ਅਜਿਹਾ ਨਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਕਿਹਾ ਗਿਆ ਹੈ। ਇਸ ਮੌਕੇ ਪ੍ਰਭਾਵਸ਼ਾਲੀ ਟੈਸਟਿੰਗ, ਵੱਡੇ ਪੱਧਰ ’ਤੇ ਕੇਸਾਂ ਦਾ ਟਰੈਕ ਰੱਖਣ, ਪਾਜ਼ੇਟਿਵ ਕੇਸਾਂ ਵਾਲੇ ਵਿਅਕਤੀਆਂ ਨੂੰ ਤੁਰੰਤ ਵੱਖਰਾ ਕਰਨ ਤੇ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਨੂੰ ਵੀ ਤੁਰੰਤ ਏਕਾਂਤਵਾਸ ਕਰਨ ’ਤੇ ਜ਼ੋਰ ਦਿੱਤਾ ਗਿਆ।
ਇਸ ਮੌਕੇ ਸੂਬਿਆਂ ਨੂੰ ਇਹ ਸਲਾਹ ਦਿੱਤੀ ਗਈ ਕਿ ਕਰੋਨਾ ਦੇ ਵੱਧ ਕੇਸ ਮਿਲਣ ਵਾਲੇ ਜ਼ਿਲ੍ਹਿਆਂ ’ਚ ਪਹਿਲ ਦੇ ਆਧਾਰ ’ਤੇ ਟੀਕਾਕਰਨ ਕਰਵਾਉਣ ਤੋਂ ਇਲਾਵਾ ਕਰੋਨਾ ਦੇ ਨਵੇਂ ਰੂਪਾਂ ਦੇ ਫੈਲਾਅ ਦੀ ਸਹੀ ਢੰਗ ਨਾਲ ਮੌਨੀਟਰਿੰਗ ਅਤੇ ਮੁੱਢਲੇ ਪੱਧਰ ’ਤੇ ਕੇਸਾਂ ਦੀ ਪਛਾਣ ਤੇ ਕੰਟਰੋਲ ਲਈ ਕਲੱਸਟਰਿੰਗ ’ਤੇ ਜ਼ੋਰ ਦਿੱਤਾ ਜਾਵੇ। ਇਨ੍ਹਾਂ ਸੂਬਿਆਂ ਤੇ ਯੂਟੀਜ਼ ਨੂੰ ਟੈਸਟਿੰਗ ਘਟਣ ਵਾਲੇ ਜ਼ਿਲ੍ਹਿਆਂ ’ਚ ਟੈਸਟਿੰਗ ਵਧਾਉਣ ਤੇ ਐਂਟੀਜਨ ਟੈਸਟਿੰਗ ਦੀ ਵੱਧ ਗਿਣਤੀ ਵਾਲੇ ਜ਼ਿਲ੍ਹਿਆਂ ਵਿੱਚ ਆਰਟੀ-ਪੀਸੀਆਰ ਟੈਸਟਿੰਗ ਵਧਾਉਣ ਲਈ ਵੀ ਕਿਹਾ ਗਿਆ ਹੈ। ਇਸ ਦੌਰਾਨ ਮੁੱਖ ਸਕੱਤਰਾਂ ਨੇ ਸੂਬਿਆਂ ਦੀ ਮੌਜੂਦਾ ਸਥਿਤੀ ਤੇ ਕੋਵਿਡ-19 ਦੇ ਕੇਸਾਂ ਵਿੱਚ ਵਾਧੇ ਨਾਲ ਨਜਿੱਠਣ ਸਬੰਧੀ ਉਨ੍ਹਾਂ ਦੀ ਤਿਆਰੀ ਬਾਰੇ ਦੱਸਿਆ।