ਕਾਂਗਰਸ ਦਾ ਨਾਰਾਜ਼ ਧੜਾ ਮੁੜ ਸਰਗਰਮ

ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਦੇ ਨਾਰਾਜ਼ ਆਗੂਆਂ ਦਾ ਧੜਾ ਅਹਿਮ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੜ ਸਰਗਰਮ ਹੋ ਗਿਆ ਹੈ। ਜੀ-23 ਵਜੋਂ ਜਾਣੇ ਜਾਂਦੇ ਧੜੇ ਦੇ ਮੁੱਖ ਆਗੂਆਂ ਨੇ ਜੰਮੂ ’ਚ ਇਕ ਸਮਾਗਮ ਦੌਰਾਨ ਕਾਂਗਰਸ ਦੇ ਕਮਜ਼ੋਰ ਹੋਣ ਦਾ ਦਾਅਵਾ ਕਰਦਿਆਂ ਉਸ ਦੀ ਮਜ਼ਬੂਤੀ ਲਈ ਕਦਮ ਚੁੱਕਣ ’ਤੇ ਜ਼ੋਰ ਦਿੱਤਾ। ਇਸ ਸਮਾਗਮ ’ਚ ਕਪਿਲ ਸਿੱਬਲ, ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਵਿਵੇਕ ਤਨਖਾ, ਮਨੀਸ਼ ਤਿਵਾੜੀ, ਰਾਜ ਬੱਬਰ ਅਤੇ ਭੁਪਿੰਦਰ ਸਿੰਘ ਹੁੱਡਾ ਸਮੇਤ ਹੋਰ ਆਗੂਆਂ ਨੇ ਵੀ ਹਾਜ਼ਰੀ ਭਰੀ। ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਮਹਾਤਮਾ ਗਾਂਧੀ ਨੂੰ ਸਮਰਪਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ,‘‘ਸਚਾਈ ਇਹ ਹੈ ਕਿ ਸਾਨੂੰ ਕਾਂਗਰਸ ਹੋਰ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ।

ਇਸ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ। ਅਸੀਂ ਪਹਿਲਾਂ ਵੀ ਇਕੱਠੇ ਹੋਏ ਸੀ ਅਤੇ ਸਾਨੂੰ ਸਾਰਿਆਂ ਨੂੰ ਰਲ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਪਵੇਗਾ।’’ ਕਾਂਗਰਸ ਆਗੂਆਂ ਨੇ ਗੁਲਾਮ ਨਬੀ ਆਜ਼ਾਦ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸਿੱਬਲ ਨੇ ਕਿਹਾ ਕਿ ਇਹ ਸਮਝ ਨਹੀਂ ਆ ਰਿਹਾ ਕਿ ਪਾਰਟੀ ਉਨ੍ਹਾਂ ਵਰਗੇ ਤਜਰਬੇਕਾਰ ਆਗੂ ਦੀ ਸਹਾਇਤਾ ਕਿਉਂ ਨਹੀਂ ਲੈ ਰਹੀ ਹੈ। ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਨੇ ਕਿਹਾ ਕਿ ਉਹ ਪਾਰਟੀ ਦੀ ਬਿਹਤਰੀ ਲਈ ਆਵਾਜ਼ ਬੁਲੰਦ ਕਰ ਰਹੇ ਹਨ। ‘ਨਵੀਂ ਪੀੜ੍ਹੀ ਨੂੰ ਪਾਰਟੀ ਨਾਲ ਜੋੜਨਾ ਚਾਹੀਦਾ ਹੈ। ਅਸੀਂ ਕਾਂਗਰਸ ਦੇ ਚੰਗੇ ਦਿਨਾਂ ਨੂੰ ਦੇਖਿਆ ਹੈ।

ਜਿਵੇਂ ਜਿਵੇਂ ਸਾਡੀ ਉਮਰ ਵਧ ਰਹੀ ਹੈ ਅਸੀਂ ਪਾਰਟੀ ਨੂੰ ਕਮਜ਼ੋਰ ਹੁੰਦਾ ਨਹੀਂ ਦੇਖਣਾ ਚਾਹੁੰਦੇ ਹਾਂ।’ ਸ੍ਰੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਕਿਸੇ ਨੂੰ ਇਹ ਅਧਿਕਾਰ ਨਹੀਂ ਦਿੱਤਾ ਕਿ ਉਹ ਦੱਸੇ ਕਿ ਉਹ ਕਾਂਗਰਸੀ ਹਨ ਜਾਂ ਨਹੀਂ। ‘ਅਸੀਂ ਪਾਰਟੀ ਨੂੰ ਮਜ਼ਬੂਤ ਕਰਾਂਗੇ। ਜਦੋਂ ਕਾਂਗਰਸ ਇਕਜੁੱਟ ਹੁੰਦੀ ਹੈ ਤਾਂ ਦੇਸ਼ ਦਾ ਮਨੋਬਲ ਵੀ ਵਧੇਗਾ।’ ਰਾਜ ਬੱਬਰ ਨੇ ਕਿਹਾ ਕਿ ਜੀ-23 ਤੋਂ ਭਾਵ ਮਹਾਤਮਾ ਗਾਂਧੀ ਦੇ 23 ਬੰਦੇ ਹੈ। ਜਿਨ੍ਹਾਂ ਦਾ ਮਕਸਦ ਕਾਂਗਰਸ ਨੂੰ ਮਜ਼ਬੂਤ ਅਤੇ ਜੇਤੂ ਬਣਾਉਣਾ ਹੈ।’ਰਾਜ ਸਭਾ ਦੇ ਸਾਬਕਾ ਮੈਂਬਰ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਜੰਮੂ, ਕਸ਼ਮੀਰ ਜਾਂ ਲੱਦਾਖ ਹੋਵੇ, ਉਹ ਸਾਰੇ ਧਰਮਾਂ, ਲੋਕਾਂ ਅਤੇ ਜਾਤਾਂ ਦਾ ਸਤਿਕਾਰ ਕਰਦੇ ਹਨ।

‘ਇਹ ਸਾਡੀ ਤਾਕਤ ਹੈ ਅਤੇ ਸਾਰਿਆਂ ਦਾ ਸਤਿਕਾਰ ਕਰਨਾ ਜਾਰੀ ਰੱਖਾਂਗੇ।’ ਉਨ੍ਹਾਂ ਦਾ ਇਹ ਬਿਆਨ ਰਾਹੁਲ ਗਾਂਧੀ ਦੇ ਵਿਵਾਦਤ ਬਿਆਨ ਮਗਰੋਂ ਆਇਆ ਹੈ ਜਿਸ ’ਚ ਉਨ੍ਹਾਂ ਉੱਤਰ ਪ੍ਰਦੇਸ਼ ਅਤੇ ਕੇਰਲਾ ਦੇ ਵੋਟਰਾਂ ਵਿਚਕਾਰ ਫਰਕ ਦਾ ਜ਼ਿਕਰ ਕੀਤਾ ਸੀ। ਸ੍ਰੀ ਆਜ਼ਾਦ ਨੇ ਕਿਹਾ ਕਿ ਉਹ ਭਾਵੇਂ ਰਾਜ ਸਭਾ ਤੋਂ ਸੇਵਾਮੁਕਤ ਹੋ ਗਏ ਹਨ ਪਰ ਸਿਆਸਤ ’ਚੋਂ ਅਜੇ ਤੱਕ ਲਾਂਭੇ ਨਹੀਂ ਹੋਏ ਹਨ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਕਾਂਗਰਸ ’ਚ ਦੋ ਤਰ੍ਹਾਂ ਦੇ ਲੋਕ ਹਨ। ‘ਕੁਝ ਤਾਂ ਕਾਂਗਰਸ ’ਚ ਹਨ ਜਦਕਿ ਆਜ਼ਾਦ ਵਰਗੇ ਆਗੂਆਂ ਅੰਦਰ ਕਾਂਗਰਸ ਵਸਦੀ ਹੈ।’ ਇਸ ਦੌਰਾਨ ਕਾਂਗਰਸ ਨੇ ਨਾਰਾਜ਼ ਆਗੂਆਂ ਦੇ ਇਕੱਠ ਬਾਰੇ ਬਹੁਤ ਧਿਆਨ ਨਾਲ ਪ੍ਰਤੀਕਰਮ ਦਿੱਤਾ ਹੈ।

ਅਭਿਸ਼ੇਕ ਮਨੂ ਸਿੰਘਵੀ ਨੇ ਆਪਣੇ ਸਾਥੀਆਂ ਨੂੰ ਬੇਨਤੀ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ’ਚ ਕੰਮ ਕਰਨ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਇਨ੍ਹਾਂ ਆਗੂਆਂ ’ਤੇ ‘ਮਾਣ’ ਹੈ ਅਤੇ ਉਹ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਚੋਣਾਂ ਵਾਲੇ ਸੂਬਿਆਂ ’ਚ ਆਪਣਾ ਯੋਗਦਾਨ ਦੇਣ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ’ਚ ਕਾਂਗਰਸ ਆਗੂਆਂ ਕਪਿਲ ਸਿੱਬਲ ਅਤੇ ਗੁਲਾਮ ਨਬੀ ਆਜ਼ਾਦ ਸਮੇਤ ਹੋਰਾਂ ਨੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਚੋਣਾਂ ’ਚ ਹੋਈ ਹਾਰ ਦੀ ਪੜਚੋਲ ਕਰਨ ਲਈ ਆਖਦਿਆਂ ਪੂਰੇ ਸਮੇਂ ਲਈ ਪਾਰਟੀ ਦਾ ਪ੍ਰਧਾਨ ਥਾਪਣ ਦੀ ਮੰਗ ਕੀਤੀ ਸੀ। ਦਸੰਬਰ ’ਚ ਸੋਨੀਆ ਗਾਂਧੀ ਨੇ ਨਾਰਾਜ਼ ਆਗੂਆਂ ਨਾਲ ਮੁਲਾਕਾਤ ਕਰਕੇ ਪਾਰਟੀ ਨੂੰ ਉਭਾਰਨ ਦਾ ਖਾਕਾ ਤਿਆਰ ਕੀਤਾ ਸੀ। ਇਸ ਤਹਿਤ ਜੂਨ ’ਚ ਨਵੇਂ ਕਾਂਗਰਸ ਪ੍ਰਧਾਨ ਦੀ ਚੋਣ ਆਦਿ ਫ਼ੈਸਲੇ ਸ਼ਾਮਲ ਸਨ।

Previous articleਨੇਮਾਂ ਦੀ ਪਾਲਣਾ ਅਤੇ ਚੌਕਸੀ ਦੇ ਆਦੇਸ਼
Next article‘Afghans want dignified, permanent peace’