ਐਮ.ਏ., ਬੀ. ਐਡ. ਆਦਿ ਬਹੁਤ ਸਾਰੀ ਪੜ੍ਹਾਈ ਕਰਨ ਤੋਂ ਬਾਅਦ ਵੀ ਜਦੋਂ ਸਰਕਾਰੀ ਨੌਕਰੀ ਨਾਂ ਮਿਲੀ ਤਾਂ ਮੈਂ ਪ੍ਰਾਈਵੇਟ ਨੌਕਰੀ ਕਰਨ ਦਾ ਫ਼ੈਸਲਾ ਕਰ ਲਿਆ।
ਇਸੇ ਮਿਸ਼ਨ ਦੇ ਲਈ ਮੈਂ ਆਪਣੀ ਪੜ੍ਹਾਈ ਅਤੇ ਹੋਰ ਪ੍ਰਾਪਤੀਆਂ ਦਾ ਵੇਰਵਾ ਤਿਆਰ ਕਰਕੇ ਕਈ ਵਧੀਆ ਸਕੂਲਾਂ ਵਿੱਚ ਦੇ ਦਿੱਤਾ।
ਪਰ ਹੈਰਾਨੀ ਦੀ ਗੱਲ ਇਹ ਸੀ ਕਿ ਮੈਂ ਜਿਹੜੇ ਵੀ ਸਕੂਲ ਜਾਂਦੀ ਉਹ ਇੱਕ ਫਾਰਮ ਦੇ ਦਿੰਦੇ ਕਿ ਪਹਿਲਾਂ ਇਹ ਫਾਰਮ ਭਰਨਾ ਪਵੇਗਾ ਤੇ ਇਸ ਫਾਰਮ ਦੀ ਕੀਮਤ ਸੌ ਤੋਂ ਲੈ ਕੇ ਅੱਠ ਸੌ ਤੱਕ ਸੀ। ਦੂਜੀ ਗੱਲ ਇਹ ਕਿ ਫਾਰਮ ਭਰ ਕੇ ਨੌਕਰੀ ਮਿਲੇ ਜਾਂ ਨਾਂ ਮਿਲ਼ੇ, ਕੋਈ ਪੱਕੀ ਗੱਲ ਨਹੀਂ ਸੀ।
ਖ਼ੈਰ ਮਰਦਾ ਕੀ ਨਾਂ ਕਰਦਾ! ਅਨੁਸਾਰ ਮੈਂ ਕਈ ਜਗ੍ਹਾ ਫਾਰਮ ਭਰ ਆਈ। ਇੰਝ ਲੱਗਦਾ ਸੀ ਜਿਵੇਂ ਕੋਈ ਡੰਨ ਭਰ ਰਹੀ ਹੋਵਾਂ।
ਜਦੋਂ ਕਿਸੇ ਪੰਜਾਬ ਬੋਰਡ ਦੇ ਸਕੂਲ ਵਿੱਚ ਜਾਂਦੀ ਤਾਂ ਉੱਥੇ ਤਨਖ਼ਾਹ ਦੇ ਨਾਂ ਤੇ ਮਜ਼ਾਕ ਹੀ ਹੋ ਰਿਹਾ ਲੱਗਦਾ ਸੀ। ਥੱਕ ਹਾਰ ਕੇ ਮੈਂ ਘਰ ਬੈਠ ਗਈ। ਕਦੇ ਕਦੇ ਅਫ਼ਸੋਸ ਹੁੰਦਾ ਕਿ ਇੰਨੀ ਮਿਹਨਤ ਕਰਕੇ ਤੇ ਦੂਰ ਦੂਰ ਧੱਕੇ ਖਾ ਕੇ ਕੀਤੀ ਪੜ੍ਹਾਈ ਦਾ ਕੋਈ ਮੁੱਲ ਨਹੀਂ ਹੈ। ਕਾਸ਼! ਨਾਂ ਪੜ੍ਹੀ ਹੁੰਦੀ ਤਾਂ ਹੀ ਚੰਗਾ ਸੀ।
ਅਖ਼ੀਰ ਇੱਕ ਦਿਨ ਇੱਕ ਸਕੂਲ ਤੋਂ ਫ਼ੋਨ ਆਇਆ ਤਾਂ ਬਹੁਤ ਖ਼ੁਸ਼ੀ ਹੋਈ।
ਮੈਂ ਸੱਭ ਤੋਂ ਪਹਿਲਾਂ ਆਪਣੇ ਵਿਸ਼ੇ ਦੀ ਚੰਗੀ ਤਰ੍ਹਾਂ ਤਿਆਰੀ ਕੀਤੀ ਤੇ ਫ਼ੇਰ ਵਧੀਆ ਤਿਆਰ ਹੋ ਕੇ ਸਕੂਲ ਪਹੁੰਚੀ। ਜਦੋਂ ਮੈਂ ਰਿਸੈਪਸ਼ਨ ਤੇ ਜਾ ਕੇ ਆਪਣਾ ਨਾਂ ਦੱਸਿਆ ਤਾਂ ਉਹਨਾਂ ਮੈਨੂੰ ਗ਼ੌਰ ਨਾਲ ਦੇਖਿਆ ਤੇ ਇੱਕ ਪਾਸੇ ਬੈਠਣ ਦਾ ਇਸ਼ਾਰਾ ਕੀਤਾ।
ਬਹੁਤ ਲੰਬੀ ਉਡੀਕ ਤੋਂ ਬਾਅਦ ਪ੍ਰਿੰਸੀਪਲ ਮੈਡਮ ਨੇ ਮੈਨੂੰ ਅੰਦਰ ਬੁਲਾਇਆ। ਮੈਂ ਸਤਿ ਸ੍ਰੀ ਅਕਾਲ ਬੁਲਾਈ ਤਾਂ ਉਹਨਾਂ ਵੀ
ਮੇਰੇ ਵੱਲ ਚੰਗੀ ਤਰ੍ਹਾਂ ਦੇਖਿਆ। ਮੈਂ ਪੰਜਾਬੀ ਸੂਟ ਪਾਇਆ ਹੋਇਆ ਸੀ।
ਮੈਨੂੰ ਬੈਠਣ ਲਈ ਕਹਿ ਕੇ ਉਹਨਾਂ ਅੰਗਰੇਜ਼ੀ ਵਿੱਚ ਕਈ ਸਵਾਲ ਪੁੱਛੇ ਤੇ ਮੈਂ ਪੰਜਾਬੀ ਵਿਚ ਜਵਾਬ ਦਿੰਦੀ ਰਹੀ।
ਤੁਸੀਂ ਅੰਗਰੇਜ਼ੀ ‘ਚ ਜਵਾਬ ਦਿਓ, ਇੱਥੇ ਪੰਜਾਬੀ ਬੋਲਣ ਦੀ ਇਜ਼ਾਜ਼ਤ ਨਹੀਂ ਹੈ, ਉਹਨਾਂ ਨੇ ਮੈਨੂੰ ਅੰਗਰੇਜ਼ੀ ਵਿੱਚ ਕਿਹਾ।
ਪਰ ਮੈਡਮ ਜੀ, ਮੈਂ ਤਾਂ ਪੰਜਾਬੀ ਵਿਸ਼ਾ ਹੀ ਪੜਾਉਣ ਲਈ ਆਈ ਹਾਂ, ਮੈਂ ਸੰਖੇਪ ਜਵਾਬ ਦਿੱਤਾ।
ਉਹ ਮੈਨੂੰ ਨਹੀਂ ਪਤਾ, ਪਰ ਤੁਸੀਂ ਅੰਗਰੇਜ਼ੀ ਹੀ ਬੋਲਣੀ ਹੈ, ਨਹੀਂ ਤਾਂ ਤੁਸੀਂ ਜਾ ਸਕਦੇ ਹੋ, ਮੈਡਮ ਨੇ ਅੰਗਰੇਜ਼ੀ ਵਿੱਚ ਹੀ ਦੁਬਾਰਾ ਕਿਹਾ ਤੇ ਹੱਥ ਦੇ ਇਸ਼ਾਰੇ ਨਾਲ਼ ਮੈਨੂੰ ਦਰਵਾਜ਼ਾ ਦਿਖਾਇਆ।
ਮੈਨੂੰ ਅੰਗਰੇਜ਼ੀ ਬਹੁਤ ਚੰਗੀ ਤਰ੍ਹਾਂ ਆਉਂਦੀ ਹੈ ਪਰ ਮੈਂ ਇਸ ਲਈ ਪੰਜਾਬੀ ਬੋਲ ਰਹੀ ਸੀ ਕਿ ਮੈਂ ਪੰਜਾਬ ਦੇ ਇੱਕ ਸਕੂਲ ਵਿੱਚ ਆਈ ਹਾਂ ਨਾਂ ਕਿ ਅੰਗਰੇਜਾਂ ਦੇ ਇੰਗਲੈਂਡ ਵਿੱਚ। ਮੈਂ ਇਸ ਵਾਰ ਅੰਗਰੇਜ਼ੀ ਵਿੱਚ ਕਿਹਾ ਤੇ ਬਾਹਰ ਆ ਗਈ।
ਪਰ ਹੁਣ ਇਹ ਅਫ਼ਸੋਸ ਹੋ ਰਿਹਾ ਸੀ ਕਿ ਪੰਜਾਬ ਵਿੱਚ ਪੰਜਾਬੀਆਂ ਨੇ ਹੀ ਮਾਂ ਬੋਲੀ ਨੂੰ ਪਰਾਇਆ ਕਰ ਦਿੱਤਾ ਤੇ ਅੰਗਰੇਜ਼ੀ ਦਾ ਤਾਜ ਸਿਰ ਤੇ ਚੁੱਕੀ ਬੈਠੇ ਹਨ। ਸੱਚੀ ਗੱਲ ਤਾਂ ਇਹ ਹੈ ਕਿ ਜੇ ਜ਼ਰੂਰੀ ਨਾਂ ਹੁੰਦਾ ਤਾਂ ਇਹਨਾਂ ਨੇ ਪੰਜਾਬੀ ਵਿਸ਼ਾ ਪੜ੍ਹਾਉਣਾ ਹੀ ਬੰਦ ਕਰ ਦੇਣਾ ਸੀ। ਵਾਹਿਗੁਰੂ ਇਨ੍ਹਾਂ ਪੰਜਾਬੀਆਂ ਨੂੰ ਸੁਮੱਤ ਬਖ਼ਸ਼ੇ! ਅਰਦਾਸ ਕਰਦਿਆਂ ਮੈਂ ਘਰ ਪਹੁੰਚ ਗਈ।
ਮਨਜੀਤ ਕੌਰ ਧੀਮਾਨ
ਸ਼ੇਰਪੁਰ,ਲੁਧਿਆਣਾ।
ਸੰ:9464633059