ਕੈਨਬਰਾ (ਸਮਾਜ ਵੀਕਲੀ) : ਚੀਨ ਨੇ ਚੀਨ ਕੇਂਦਰੀ ਟੈਲੀਵਿਜ਼ਨ ਦੇ ਅੰਗਰੇਜ਼ੀ ਭਾਸ਼ਾ ਦੇ ਚੈਨਲ ਸੀਜੀਟੀਐੱਨ ਦੀ ਚੀਨ ’ਚ ਜਨਮੀ ਆਸਟਰੇਲਿਆਈ ਪੱਤਰਕਾਰ ਚੇਂਗ ਲੇਈ ਨੂੰ ਸਰਕਾਰੀ ਗੁਪਤ ਜਾਣਕਾਰੀ ਦੇਸ਼ ਤੋਂ ਬਾਹਰ ਸਾਂਝੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਆਸਟਰੇਲੀਆ ਦੇ ਵਿਦੇਸ਼ ਮੰਤਰੀ ਮੈਰਿਸ ਪੇਨ ਨੇ ਅੱਜ ਇੱਕ ਬਿਆਨ ਰਾਹੀਂ ਦੱਸਿਆ ਕਿ ਚੇਂਗ ਲੇਈ ਨੂੰ ਅਪਰਾਧਕ ਮਾਮਲੇ ਦੀ ਜਾਂਚ ਅਤੇ ਛੇ ਮਹੀਨੇ ਹਿਰਾਸਤ ’ਚ ਰੱਖਣ ਮਗਰੋਂ ਲੰਘੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸ੍ਰੀ ਪੇਨ ਨੇ ਕਿਹਾ, ‘ਆਸਟਰੇਲੀਆ ਸਰਕਾਰ ਚੇਂਗ ਦੀ ਹਿਰਾਸਤ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਤੋਂ ਲਗਾਤਾਰ ਤੋਂ ਉੱਚ ਪੱਧਰ ਦੇ ਅਧਿਕਾਰੀਆਂ ਨੂੰ ਜਾਣੂੰ ਕਰਵਾਉਂਦੀ ਰਹੀ ਹੈ, ਜਿਸ ਵਿੱਚ ਹਿਰਾਸਤ ਵਿੱਚ ਉਸ ਦੀ ਸਿਹਤ ਅਤੇ ਹਾਲਤ ਸਬੰਧੀ ਚਿੰਤਾ ਵੀ ਸ਼ਾਮਲ ਹੈ।’ ਉਨ੍ਹਾਂ ਕਿਹਾ, ‘ਅਸੀਂ ਕੌਮਾਂਤਰੀ ਨਿਯਮਾਂ ਮੁਤਾਬਕ ਨਿਆਂ ਦੇ ਬੁਨਿਆਦੀ ਮਾਨਕਾਂ, ਨਿਰਪੱਖ ਪ੍ਰਕਿਰਿਆ ਅਤੇ ਮਨੁੱਖੀ ਵਤੀਰੇ ਦੀ ਉਮੀਦ ਕਰਦੇ ਹਾਂ।’ ਚੀਨ ਦੇ ਵਿਦੇਸ਼ ਮੰਤਰੀ ਨੇ ਚੇਂਗ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸ ਨੂੰ ਆਪਣੇ ਮਨੁੱਖੀ ਅਧਿਕਾਰਾਂ ਦੀ ਵਰਤੋਂ ਕਰਨ ਦੇਣ ਦੀ ‘ਪੂਰੀ ਗਾਰੰਟੀ ਦਿੱਤੀ ਗਈ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੇਂਗ ਵੇਨਬਿਨ ਨੇ ਰੋਜ਼ਾਨਾ ਪੱਤਰਕਾਰ ਸੰਮੇਲਨ ’ਚ ਕਿਹਾ, ‘ਅਸੀਂ ਉਮੀਦ ਕਰਦੇ ਹਾਂ ਕਿ ਆਸਟਰੇਲੀਆ, ਚੀਨ ਦੀ ਨਿਆਂਇਕ ਪ੍ਰਭੂਸੱਤਾ ਦਾ ਸਨਮਾਨ ਕਰੇਗਾ ਅਤੇ ਮਾਮਲੇ ਸਬੰਧੀ ਕਾਨੂੰਨੀ ਪ੍ਰਕਿਰਿਆ ’ਚ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਤੋਂ ਬਚੇੇਗਾ।’