ਨਵਾਂ ਸ਼ਹਿਰ (ਸਮਾਜ ਵੀਕਲੀ) : ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਦੀ ਆਮਦ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਉੱਤੇ ਪੁਲੀਸ ਨੇ ਲਾਠੀਚਾਰਜ ਕੀਤਾ ਜਿਸ ’ਚ ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ਅਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਬੂਟਾ ਸਿੰਘ ਸਮੇਤ ਚਾਰ ਵਿਅਕਤੀ ਫੱਟੜ ਹੋ ਗਏ। ਪੁਲੀਸ ਰੋਕਾਂ ਦੇ ਬਾਵਜੂਦ ਕਿਸਾਨ ਅਤੇ ਹੋਰ ਜਥੇਬੰਦੀਆਂ ਦੇ ਕਾਰਕੁਨ ਕਮਿਊਨਿਟੀ ਹਾਲ ਦਾ ਘਿਰਾਓ ਕਰਨ ਵਿਚ ਕਾਮਯਾਬ ਹੋ ਗਏ ਜਿੱਥੇ ਅਸ਼ਵਨੀ ਸ਼ਰਮਾ ਨੇ ਭਾਜਪਾ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨਾ ਸੀ। ਕਿਸਾਨਾਂ ਦੇ ਤਿੱਖੇ ਵਿਰੋਧ ਦੀ ਭਿਣਕ ਜਦੋਂ ਅਸ਼ਵਨੀ ਸ਼ਰਮਾ ਨੂੰ ਲੱਗੀ ਤਾਂ ਉਨ੍ਹਾਂ ਨਵਾਂ ਸ਼ਹਿਰ ਦਾ ਦੌਰਾ ਰੱਦ ਕਰਨਾ ਹੀ ਬਿਹਤਰ ਸਮਝਿਆ।
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਅੱਜ ਸਵੇਰੇ ਅਸ਼ਵਨੀ ਕੁਮਾਰ ਸ਼ਰਮਾ ਦੇ ਇਥੇ ਆਉਣ ਦੀ ਜਾਣਕਾਰੀ ਮਿਲ ਗਈ ਸੀ ਜਿਸ ਮਗਰੋਂ ਕਿਸਾਨ ਰਿਲਾਇੰਸ ਕੰਪਨੀ ਦੇ ਸਟੋਰ ਅੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਕਿਸਾਨਾਂ ਦੇ ਇਕੱਠ ਨੇ ਜਦੋਂ ਦੁਪਹਿਰ ਬਾਅਦ ਸਥਾਨਕ ਪੰਡੋਰਾ ਮੁਹੱਲੇ ਵਾਲੇ ਕਮਿਊਨਿਟੀ ਹਾਲ ਵੱਲ ਵਧਣਾ ਸ਼ੁਰੂ ਕੀਤਾ ਤਾਂ ਪੁਲੀਸ ਨੇ ਉਨ੍ਹਾਂ ਨੂੰ ਵੱਖ ਵੱਖ ਨਾਕਿਆਂ ’ਤੇ ਰੋਕਿਆ। ਜਿਵੇਂ ਹੀ ਕਿਸਾਨ ਪੰਡੋਰਾ ਮੁਹੱਲਾ ਮੋੜ ’ਤੇ ਪੁੱਜੇ ਤਾਂ ਪੁਲੀਸ ਨੇ ਹਲਕਾ ਲਾਠੀਚਾਰਜ ਕੀਤਾ। ਲਾਠੀਚਾਰਜ ’ਚ ਗੁਰਬਖਸ਼ ਕੌਰ ਸੰਘਾ, ਬੂਟਾ ਸਿੰਘ, ਹਰਬੰਸ ਸਿੰਘ ਪੈਲੀ ਅਤੇ ਨਵਪ੍ਰੀਤ ਸਿੰਘ ਸੰਘਾ ਦੇ ਸੱਟਾਂ ਲੱਗੀਆਂ ਹਨ। ਇਸ ਦੇ ਬਾਵਜੂਦ ਕਿਸਾਨ ਕਮਿਊਨਿਟੀ ਹਾਲ ਨੂੰ ਘੇਰ ਕੇ ਖੜ੍ਹੇ ਹੋ ਗਏ। ਸੂਬਾ ਪ੍ਰਧਾਨ ਦੇ ਸਵਾਗਤ ਲਈ ਹਾਲ ਵਿਚ ਜੁੜੇ ਭਾਜਪਾ ਵਰਕਰਾਂ ਨੂੰ ਕਿਸਾਨਾਂ ਨੇ ਘਿਰਾਓ ਸਮਾਪਤ ਹੋਣ ਤੱਕ ਘੇਰੀ ਰੱਖਿਆ।
ਹਾਲ ਅੰਦਰ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਬਲੱਗਣ ਅਤੇ ਸ਼ਾਮ ਸੁੰਦਰ ਜਾਡਲਾ ਵੀ ਮੌਜੂਦ ਸਨ। ਇਸ ਮੌਕੇ ਬੁਲਾਰਿਆਂ ਨੇ ਭਾਜਪਾ ਆਗੂਆਂ ’ਤੇ ਦੋਸ਼ ਲਾਇਆ ਕਿ ਉਹ ਨਵਾਂ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਭਾਜਪਾ ਵਰਕਰਾਂ ਅਤੇ ਲੀਡਰਸ਼ਿਪ ਨੂੰ ਚਿਤਾਵਨੀ ਦਿੱਤੀ ਕਿ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਭੁਪਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ, ਜਸਬੀਰ ਦੀਪ, ਅਮਰਜੀਤ ਸਿੰਘ ਬੁਰਜ, ਪਰਮਜੀਤ ਸਿੰਘ ਸ਼ਹਾਬਪੁਰ, ਬਲਵੀਰ ਸਿੰਘ ਜਾਡਲਾ, ਕੁਲਦੀਪ ਸਿੰਘ ਸੁੱਜੋਂ, ਹਰਮਿੰਦਰ ਸਿੰਘ ਫੌਜੀ, ਮਲਕੀਤ ਸਿੰਘ ਰਾਹੋਂ, ਮੱਖਣ ਸਿੰਘ ਭਾਨਮਜਾਰਾ ਨੇ ਵੀ ਸੰਬੋਧਨ ਕੀਤਾ।