ਪ੍ਰਧਾਨ ਮੰਤਰੀ ਨੇ ਭਾਰਤੀ ਖੇਤਰ ਚੀਨ ਦੀ ਝੋਲੀ ਪਾਇਆ: ਰਾਹੁਲ

ਨਵੀਂ ਦਿੱਲੀ (ਸਮਾਜਵੀਕਲੀ) :  ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੱਦਾਖ ਵਿੱਚ ਚੀਨ ਨਾਲ ਅਸਲ ਕੰਟਰੋਲ ਰੇਖਾ ਨੂੰ ਲੈ ਕੇ ਜਾਰੀ ਤਲਖੀ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਭਾਰਤੀ ਖੇਤਰ ਚੀਨ ਦੀ ਝੋਲੀ ਪਾ ਦਿੱਤਾ ਹੈ। ਰਾਹੁਲ ਨੇ ਇਕ ਟਵੀਟ ’ਚ ਕਿਹਾ, ‘ਪ੍ਰਧਾਨ ਮੰਤਰੀ ਨੇ ਚੀਨ ਦੇ ਹਮਲਾਵਰ ਰੁਖ਼ ਅੱਗੇ ਭਾਰਤੀ ਖੇਤਰ ਚੀਨ ਨੂੰ ਸੌਂਪ ਦਿੱਤਾ ਹੈ।’

ਰਾਹੁਲ ਨੇ ਸਵਾਲ ਕੀਤਾ ਕਿ ਜੇਕਰ ਇਹ ਧਰਤੀ ਚੀਨ ਦੀ ਸੀ ਤਾਂ ਸਾਡੇ ਫੌਜੀ ਉਥੇ ਕਿਉਂ ਸ਼ਹੀਦ ਹੋਏ? ਉਹ ਕਿੱਥੇ ਸ਼ਹੀਦ ਹੋਏ? ਕਾਬਿਲੇਗੌਰ ਹੈ ਕਿ ਸ੍ਰੀ ਮੋਦੀ ਨੇ ਲੰਘੇ ਦਿਨ ਭਾਰਤ-ਚੀਨ ਤਣਾਅ ਨੂੰ ਲੈ ਕੇ ਸੱਦੀ ਸਰਬ ਪਾਰਟੀ ਮੀਟਿੰਗ ਵਿੱਚ ਦਾਅਵਾ ਕੀਤਾ ਸੀ ਕਿ ਨਾ ਤਾਂ ਭਾਰਤੀ ਖੇਤਰ ਵਿੱਚ ਕੋਈ ਘੁਸਪੈਠ ਹੋਈ ਹੈ ਤੇ ਨਾ ਹੀ ਕਿਸੇ ਨੇ ਸਾਡੀ ਫੌਜੀ ਚੌਕੀ ’ਤੇ ਕਬਜ਼ਾ ਕੀਤਾ ਹੈ। ਉਧਰ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨੇ ਚੀਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ?

ਉਨ੍ਹਾਂ ਇਕ ਟਵੀਟ ’ਚ ਕਿਹਾ, ‘ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਸਰਹੱਦ ਵਿੱਚ ਕੋਈ ਵਿਦੇਸ਼ੀ (ਭਾਵ ਚੀਨੀ) ਨਹੀਂ ਹੈ। ਜੇਕਰ ਇਹ ਸਹੀ ਹੈ ਤਾਂ ਫਿਰ 5-6 ਮਈ ਨੂੰ ਕੀ ਹੋਇਆ? ਪਿਛਲੇ ਦਿਨੀਂ ਦੋਵਾਂ ਮੁਲਕਾਂ ਦੇ ਫੌਜੀਆਂ ਵਿਚਾਲੇ ਟਕਰਾਅ ਕਿਉਂ ਹੋਇਆ।’ ਸ੍ਰੀ ਚਿਦੰਬਰਮ ਨੇ ਟਵੀਟ ਵਿੱਚ ਸਰਕਾਰ ਨੂੰ ਹੋਰ ਵੀ ਕਈ ਤਿੱਖੇ ਸਵਾਲ ਕੀਤੇ।

Previous articleਪੀਐੱਮਓ ਵੱਲੋਂ ਮੋਦੀ ਦੀਆਂ ਟਿੱਪਣੀਆਂ ਬਾਰੇ ਸਪਸ਼ਟੀਕਰਨ
Next articleਇਕਾਂਤਵਾਸ ਕਰਨ ਦਾ ਫ਼ੈਸਲਾ ਵਾਪਸ