ਰੇਤ ਮਾਫੀਆ ਵੱਲੋਂ ਮਸ਼ੀਨਰੀ ਚੁੱਕਣੀ ਸ਼ੁਰੂ
ਰੇਤ ਮਾਫੀਏ ਦੇ ਕੰਡਾ ਚੁੱਕਣ ਤੱਕ ਧਰਨਾ ਜਾਰੀ ਰਹੇਗਾ-ਰਘਬੀਰ ਸਿੰਘ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਿੰਡ ਬਾਜਾ ਕੋਲ ਦਰਿਆ ਬਿਆਸ ਦੇ ਕੰਢੇ ਤੋਂ ਪਿਛਲੇ ਲੰਬੇ ਸਮੇਂ ਤੋਂ ਦਿਨ ਰਾਤ ਹੁੰਦੀ ਮਾਈਨਿੰਗ ਦੇ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਇਲਾਕੇ ਦੇ ਕਿਸਾਨਾਂ ਨਾਲ ਲਗਾਤਾਰ ਸਤਵੇਂ ਦਿਨ ਵੀ ਧਰਨਾ ਜਾਰੀ ਰੱਖਿਆ ਗਿਆ ਅਤੇ ਰੇਤ ਮਾਫੀਆ ਵਿਰੁੱਧ ਜਬਰਦਸਤ ਨਾਅਰੇਬਾਜੀ ਕੀਤੀ ਗਈ । ਕਿਸਾਨਾਂ ਦੇ ਵਧਦੇ ਰੋਹ ਅੱਗੇ ਝੁਕਦਿਆਂ ਰੇਤ ਮਾਫੀਆ ਵੱਲੋਂ ਅੱਜ ਰੇਤ ਭਰਨ ਲਈ ਲਗਾਈ ਮਸ਼ੀਨਰੀ ਲਿਜਾਣੀ ਸ਼ੁਰੂ ਕਰ ਦਿੱਤੀ ਹੈ ।
ਅੱਜ ਪੋਕ ਮਸ਼ੀਨ ਉਠਾ ਲਈ ਗਈ ਇਸ ਮੌਕੇ ਯੂਨੀਅਨ ਦੇ ਸੂਬਾ ਸਕੱਤਰ ਰਸ਼ਪਾਲ ਸਿੰਘ ਨੇ ਕਿਹਾ ਕਿ ਮਸ਼ੀਨਰੀ ਚੁੱਕਣ ਲਈ ਮਜਬੂਰ ਕਰਨਾਂ ਕਿਸਾਨ ਏਕਤਾ ਦੀ ਇਕੱ ਵੱਡੀ ਜਿੱਤ ਹੈ ਪਰ ਧਰਨਾਂ ਓਦੋਂ ਤੱਕ ਜਾਰੀ ਰਹੇਗਾ ਜਦ ਤੱਕ ਰੇਤ ਮਾਫੀਆ ਆਪਣਾ ਕੰਡਾ ਨਹੀਂ ਲਿਜਾਂਦਾ। ਬਲਾਕ ਪ੍ਰਧਾਨ ਰਘਬੀਰ ਸਿੰਘ ਮਹਿਰਵਾਲਾ ਜਿਨ੍ਹਾ ਦੀ ਅਗਵਾਈ ਹੇਠ ਇਹ ਧਰਨਾ ਚੱਲ ਰਿਹਾ ਹੈ ਨੇ ਕਿਹਾ ਕਿ ਕੋਈ ਵੀ ਕਾਨੂੰਨ ਜਾਂ ਸਰਕਾਰੀ ਕੰਮ ਜਿਸ ਨਾਲ ਕਿਸਾਨਾਂ ਦੇ ਹਿੱਤ ਪਭਾਵਿਤ ਹੋਣਗੇ ਜਥੇਬੰਦੀ ਓਸਦਾ ਡੱਟ ਕੇ ਵਿਰੋਧ ਕਰਦੀ ਰਹੇਗੀ।
ਓਹਨਾਂ ਕਿਹਾ ਜੇ ਰੇਤ ਮਾਈਨਿੰਗ ਲਈ ਅਲਾਟ ਖੱਡਾਂ ਨਾਲ ਕਿਸਾਨਾਂ ਦੀ ਜਮੀਨ ਨੂੰ ਖਤਰਾ ਪੈਦਾ ਹੋਵੇਗਾ ਤਾਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਏਸਦਾ ਡੱਟ ਕੇ ਵਿਰੋਧ ਕਰੇਗੀ। ਓਹਨ ਕਿਹਾ ਕਿ ਕੇਂਦਰ ਦੇ ਕਾਲੇ ਕਨੂੰਨਾਂ ਵਿਰੁੱਧ ਕੱਲ ਬੱਸ ਸਟੈਂਡ ਫੱਤੂਢੀਂਗਾ ਵਿਖੇ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਰਜਿੰਦਰ ਸਿੰਘ ਮਝੈਲ, ਸ਼ਮਸ਼ੇਰ ਸਿੰਘ ਰੱਤੜਾ ,ਮੋਹਨ ਸਿੰਘ, ਰੇਸ਼ਮ ਸਿੰਘ, ਸੁਰਿੰਦਰ ਸਿੰਘ ,ਹੁਕਮ ਸਿੰਘ , ਨਿਰਮਲ ਸਿੰਘ ਬਾਜਾ, ਮਨਜੀਤ ਸਿੰਘ, ਛਿੰਦਰ ਸਿੰਘ ,ਜਗਤਾਰ ਸਿੰੰਘ,ਸਲਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।