ਯੈਂਗੋਨ (ਸਮਾਜ ਵੀਕਲੀ): ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਆਂਗ ਸਾਂ ਸੂ ਕੀ ਜੋ ਕਿ ਪੰਜ ਦਹਾਕਿਆਂ ਦੇ ਫ਼ੌਜੀ ਸ਼ਾਸਨ ਤੋਂ ਬਾਅਦ 2016 ਵਿਚ ਮਿਆਂਮਾਰ ਦੀ ਆਗੂ ਬਣੀ ਸੀ, ਨੇ ਕਈ ਵਾਰ ਖ਼ਦਸ਼ਾ ਜ਼ਾਹਿਰ ਕੀਤਾ ਸੀ ਕਿ ਫ਼ੌਜ ਤਖ਼ਤਾ ਪਲਟ ਕਰ ਸਕਦੀ ਹੈ। ਉਸ ਨੇ ਕਿਹਾ ਸੀ ਕਿ ਮੁਲਕ ਵਿਚ ਲੋਕਤੰਤਰਿਕ ਸੁਧਾਰ ਤਾਂ ਹੀ ਸਫ਼ਲ ਹੋਣਗੇ ਜੇਕਰ ਤਾਕਤਵਰ ਫ਼ੌਜ ਤਬਦੀਲੀਆਂ ਨੂੰ ਸਵੀਕਾਰ ਕਰਦੀ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਮਿਆਂਮਾਰ ਵਿਚ ਫ਼ੌਜ ਨੇ ਤਖ਼ਤਾ ਪਲਟ ਦਿੱਤਾ ਹੈ ਤੇ ਸੂ ਕੀ ਸਣੇ ਕਈ ਸਿਆਸੀ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਫ਼ੌਜ ਨੇ ਕਿਹਾ ਹੈ ਕਿ ਉਹ ਇਕ ਸਾਲ ਲਈ ਐਮਰਜੈਂਸੀ ਲਾ ਕੇ ਸ਼ਾਸਨ ਕਰੇਗੀ। ਫ਼ੌਜ ਨੇ 2010 ਵਿਚ ਮੁਲਕ ਵਿਚ ਚੋਣਾਂ ਦੀ ਇਜਾਜ਼ਤ ਦਿੱਤੀ ਸੀ ਤੇ ਸੂ ਕੀ ਦੀ ਪਾਰਟੀ ‘ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ’ ਨੇ ਸੱਤਾ ਸੰਭਾਲੀ ਸੀ। ਮਿਆਂਮਾਰ ਦੇ ਸੈਂਕੜੇ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੀਆਂ ਸਰਕਾਰੀ ਰਿਹਾਇਸ਼ਾਂ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ ਤੇ ਫ਼ੌਜ ਬਾਹਰ ਪਹਿਰਾ ਦੇ ਰਹੀ ਹੈ।