ਚੰਡੀਗੜ੍ਹ (ਸਮਾਜ ਵੀਕਲੀ): ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਚਾਹੀਦੀ ਹੈ ਤੇ ਇਸ ਤੋਂ ਘੱਟ ਕੁੱਝ ਵੀ ਪ੍ਰਵਾਨ ਨਹੀਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਹਾਲੇ ਤਾਂ ਕਿਸਾਨ ਸਿਰਫ਼ ਕਾਨੂੰਨ ਵਾਪਸੀ ਦੀ ਗੱਲ ਕਰ ਰਹੇ ਹਨ, ਜੇ ਕਿਸਾਨ ਗੱਦੀ ਵਾਪਸੀ ਦੀ ਮੰਗ ’ਤੇ ਆ ਗਏ ਤਾਂ ਕੀ ਹੋਵੇਗਾ। ਇਹ ਗੱਲ ਸਰਕਾਰ ਭਲੀਭਾਂਤ ਸੋਚ ਲਵੇ। ਉਨ੍ਹਾਂ ਇਹ ਗੱਲ ਹਰਿਆਣਾ ਦੇ ਜੀਂਦ ਵਿੱਚ ਸਰਵ ਜਾਤੀ ਕੰਡੇਲਾ ਖਾਪ ਦੀ ਅਗਵਾਈ ਵਿੱਚ ਖਾਪ ਮਹਾ ਪੰਚਾਇਤ ਦੌਰਾਨ ਕਹੀ।
ਮਹਾ ਪੰਚਾਇਤ ਵਿੱਚ ਮੁੱਖ ਸਟੇਜ ’ਤੇ ਭੀੜ ਜ਼ਿਆਦਾ ਹੋਣ ਕਰਕੇ ਸਟੇਜ ਟੁੱਟ ਗਈ ਹੈ। ਸਟੇਜ ’ਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ ਸਣੇ ਵੱਡੀ ਗਿਣਤੀ ਵਿੱਚ ਆਗੂ ਮੌਜੂਦ ਸਨ, ਜਿਨ੍ਹਾਂ ਦਾ ਸੱਟ ਲੱਗਣ ਤੋਂ ਬਚਾਅ ਰਹਿ ਗਿਆ ਹੈ। ਜੀਂਦ ਵਿੱਚ ਸਰਵ ਜਾਤੀ ਕੰਡੇਲਾ ਖਾਪ ਦੀ ਅਗਵਾਈ ਵਿੱਚ ਕੀਤੀ ਗਈ ਇਸ ਮਹਾਂ ਪੰਚਾਇਤ ਵਿੱਚ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਖਾਪਾਂ ਦੇ ਆਗੂ ਹਾਜ਼ਰ ਸਨ, ਜਿਨ੍ਹਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਆਖਰ ਤੱਕ ਡਟੇ ਰਹਿਣ ਦਾ ਸੱਦਾ ਦਿੱਤਾ ਹੈ।