(ਸਮਾਜ ਵੀਕਲੀ)
ਰੋਜ਼ ਵਾਂਗ ਗਰਮ ਤੇ ਉੰਮਸ ਭਰਿਆ ਦਿਨ। ਕਿਸੇ ਤਰ੍ਹਾਂ ਪਸੀਨੇ ਵਿੱਚ ਨਹਾਉਂਦੇ ਤੇ ਸ਼ਾਹ ਲੈਂਦੇ ਯਾਤਰੀਆਂ ਨੂੰ ਸਮੇਟ ਕੇ ਲੋਕਲ ਟ੍ਰੇਨ ਆਪਣੀ ਪੂਰੀ ਰਫ਼ਤਾਰ ਨਾਲ ਦੌੜੀ ਜਾ ਰਹੀ ਸੀ। ਯਾਤਰੂਆਂ ਦੀ ਇਸ ਭੀੜ ਵਿੱਚ ਮੈਂ ਆਪਣਾ ਨਵਾਂ ਖਰੀਦਿਆ ਗਿਟਾਰ ਸੰਭਾਲੇ ਖੜਾ ਸਾਂ। ਅਜਿਹੇ ਹਾਲਾਤ ਵਿੱਚ ਗਿਟਾਰ ਤੇ ਖੁਦ ਨੂੰ ਸੰਭਾਲਣਾ ਬੜਾ ਮੁਸ਼ਕਲ ਲੱਗ ਰਿਹਾ ਸੀ। ਖੁਸ਼ਕਿਸਮਤੀ ਨਾਲ ਦੋ ਸਟੇਸ਼ਨਾਂ ਤੋਂ ਬਾਅਦ ਬੈਠਣ ਦੀ ਥਾਂ ਮਿਲ ਗਈ।
ਲੋਕਲ ਦੇ ਸੋਰ ਵਿੱਚ ਇੱਕ ਸੁਰ ਸੁਣਾਈ ਦਿੱਤਾ , ‘ ਜੋ ਦੇ ਉਸਕਾ ਭੀ ਭਲਾ, ਜੋ ਨਾ ਦੇ ਉਸਕਾ ਭੀ ਭਲਾ।’ ਇੱਕ ਲੰਗੜਾ ਭਿਖਾਰੀ ਭੀਖ਼ ਮੰਗਦਿਆਂ ਨਿਕਲਿਆ, ਫੇਰ ਦੋ ਬੱਚੇ ਨਿਕਲੇ। ਉਸਤੋਂ ਬਾਅਦ ਇੱਕ ਔਰਤ ਖੀਰਾ ਵੇਚਦੀ ਆਈ। ਇੱਕ ਚਾਹ ਵਾਲਾ, ਤੇ ਉਸਦੇ ਪਿੱਛੇ ਇੱਕ ਗੁਟਕਾ , ਤੰਬਾਕੂ ਦੇ ਪਾਉਚ ਵਾਲਾ ਚਿੱਲਾਂਦੇ ਹੋਏ ਨਿਕਲੇ। ਕਿਨਾਰੇ ਦੀ ਸ਼ੀਟ ਤੇ ਪ੍ਰੇਸ਼ਾਨ ਬੈਠੇ ਸੱਜਣ ਬੜੇ ਧਿਆਨ ਨਾਲ ਉਨ੍ਹਾਂ ਨੂੰ ਦੇਖ ਰਹੇ ਸੀ। ਬੋਲੇ ,” ਇੰਨੀ ਭੀੜ ਵਿੱਚ ਵੀ ਇਨ੍ਹਾਂ ਫੇਰੀ ਵਾਲਿਆਂ, ਭਿਖਾਰੀਆਂ ਨੂੰ ਥਾਂ ਮਿਲ ਹੀ ਜਾਂਦੀ ਹੈ। ” ਹੁਣੇ ਮੇਰੇ ਤੇ ਗਰਮ ਚਾਹ ਗਿਰਦੇ ਗਿਰਦੇ ਬਚੀ। ਅੱਜਕਲ ਤਾਂ ਛੋਟੇ ਛੋਟੇ ਬੱਚੇ ਵੀ ਭੀਖ ਮੰਗ ਰਹੇ ਹਨ।
ਤਦੇ ਇੱਕ ਲੜਕੀ ਛੋਟੇ ਜਿਹੇ ਬੱਚੇ ਨੂੰ ਕੁੱਛੜ ਚੁੱਕੀ ਭੀਖ ਮੰਗਦਿਆਂ ਨਿਕਲੀ। ਉਸਦੇ ਕਟੇ ਫਟੇ ਕੱਪੜੇ ਉਸਦੀ ਪਹਿਚਾਣ ਕਰਾ ਰਹੇ ਸਨ। ਦੂਜੇ ਯਾਤਰੂ ਨੇ ਕਿਹਾ, ” ਇਹ ਦੇਖੋ ਭਾਵੀ ਭਿਖਾਰੀ।” ਪਤਾ ਨਹੀਂ ਇਨ੍ਹਾਂ ਦੇ ਮਾਂ ਬਾਪ ਪੈਦਾ ਕਿਉਂ ਕਰਦੇ ਹਨ। ਪਿਛਲੇ ਛੇ ਮਹੀਨਿਆਂ ਤੋਂ ਮੈਂ ਇਸੇ ਰੂਟ ਤੇ ਚੱਲ ਰਿਹਾ ਹਾਂ ਪਰ ਮੈਂ ਇਨ੍ਹਾਂ ਬੱਚਿਆਂ ਨੂੰ ਪਹਿਲਾਂ ਕਦੇ ਭੀਖ ਮੰਗਦਿਆਂ ਨਹੀਂ ਦੇਖਿਆ। ਪਹਿਲੇ ਯਾਤਰੀ ਨੇ ਕਿਹਾ, ‘ ਅਸਲ ਵਿੱਚ, ਪਰਸੋਂ ਜਿਸ ਭਿਖਾਰਨ ਦੀ ਟ੍ਰੇਨ ਨਾਲ ਕਟ ਕੇ ਮੌਤ ਹੋਈ ਸੀ ਇਹ ਉਸੇ ਦੇ ਹੀ ਬੱਚੇ ਹਨ। ‘
ਹੁਣ ਛੋਟੇ ਬੱਚਿਆਂ ਦੇ ਭੀਖ ਮੰਗਣ ਦੇ ਕਾਰਨ ਨੇ ਅਜੀਬ ਜਹੀ ਖ਼ਮੋਸ਼ੀ ਅਖ਼ਤਿਆਰ ਕਰ ਲਈ ਸੀ।ਸਾਰੇ ਫੇਰੀ ਵਾਲਿਆਂ , ਭਿਖਾਰੀਆਂ ਦੀ ਤਰ੍ਹਾਂ ਉਸ ਲੜਕੀ ਨੇ ਵੀ ਬੱਚੇ ਨੂੰ ਕੁੱਛੜ ਚੁੱਕੀ ਕਈਂ ਫੇਰੇ ਲਗਾਏ। ਮੈਂ ਧਿਆਨ ਦਿੱਤਾ ਕਿ ਆਣ ਜਾਣ ਵੇਲੇ ਉਨ੍ਹਾਂ ਦੀ ਨਜ਼ਰ ਮੇਰੇ ਤੇ ਠਹਿਰਦੀ ਸੀ। ਟ੍ਰੇਨ ਦੌੜੀ ਜਾ ਰਹੀ ਸੀ। ਲੋਕਲ ਦਾ ਅੰਤਿਮ ਪੜਾਅ ਤੇ ਮੇਰਾ ਸਫ਼ਰ ਖ਼ਤਮ ਹੋਣ ਵਿੱਚ ਕੁਝ ਹੀ ਸਮਾਂ ਬਾਕੀ ਸੀ। ਬਿਖਰੇ ਹੋਏ ਬਾਲ਼, ਉਦਾਸ ਚਿਹਰਾ, ਫਟੀ ਹੋਈ ਕਿਸੇ ਸਕੂਲ ਦੀ ਵਰਦੀ ਵਿੱਚ ਬੱਚੇ ਨੂੰ ਕੁੱਛੜ ਚੁੱਕੀ ਉਹ ਲੜਕੀ ਹੁਣ ਮੇਰੇ ਐਨ ਸਾਹਮਣੇ ਸੀ। ਮੈਨੂੰ ਲੱਗਿਆ ਨਾ ਸਿਰਫ ਉਹ ਮੇਰੇ ਵੱਲ ਦੇਖ ਰਹੀ ਸੀ ਬਲਕਿ ਉਸਨੇ ਆਪਣਾ ਹੱਥ ਵੀ ਅੱਗੇ ਵਧਾ ਰੱਖਿਆ ਸੀ।
ਮੈਨੂੰ ਆਪਣੇ ਵੱਲ ਦੇਖਦਿਆਂ ਉਹ ਬੋਲੀ, ” ਅੱਜ ਮੇਰੇ ਭਰਾ ਦਾ ਜਨਮ ਦਿਨ ਹੈ।” ਆਮਤੌਰ ਤੇ ਮੇਰੀ ਜੇਬ ਵਿੱਚ ਚਾਕਲੇਟ ਪਈ ਹੁੰਦੀ ਹੈ। ਮੈਂ ਗੋਦ ਵਿੱਚ ਰੱਖਿਆ ਗਿਟਾਰ ਪਾਸੇ ਰੱਖ ਕੇ ਜੇਬ ਟਟੋਲੀ ਤੇ ਦੋ ਚਾਕਲੇਟ ਕੱਢ ਕੇ ਉਸਨੂੰ ਦਿੱਤੀਆਂ। ਛੋਟਾ ਬੱਚਾ ਕਿਲਕਾਰੀ ਮਾਰਦਿਆਂ ਉਸ ਉੱਤੇ ਝਪਟਿਆ। ਬੱਚੀ ਦੀ ਉਂਗਲ ਹਾਲੇ ਵੀ ਮੇਰੇ ਵੱਲ ਸੀ। ਹੁਣ ਤੱਕ ਸਾਰੇ ਯਾਤਰੂਆਂ ਦਾ ਧਿਆਨ ਵੀ ਸਾਡੇ ਵੱਲ ਹੋ ਗਿਆ ਸੀ। ਕੁਝ ਉਨ੍ਹਾਂ ਨੂੰ ਗਾਲ਼ਾਂ ਕੱਢਦਿਆਂ ਉੱਥੋਂ ਜਾਣ ਲਈ ਆਖਣ ਲੱਗੇ।ਇਸ ਤੋਂ ਪਹਿਲਾਂ ਕਿ ਮੈਂ ਕੁਝ ਸਮਝਾਂ , ਉਸਨੇ ਫੇਰ ਕਿਹਾ, ” ਅੱਜ ਮੇਰੇ ਭਰਾ ਦਾ ਜਨਮ ਦਿਨ ਹੈ।” ਮੈਂ ਸਵਾਲੀਆ ਚਿੰਨ੍ਹ ਵਾਂਗ ਉਸਨੂੰ ਤੱਕ ਰਿਹਾ ਸੀ।
ਉਹ ਲੜਕੀ ਫੇਰ ਬੋਲੀ, ” ਅੱਜ ਮੇਰੇ ਭਰਾ ਦਾ ਜਨਮ ਦਿਨ ਹੈ।” ਹੈਪੀ ਬਰਥਡੇ ਵਜਾ ਦਿਓ ਨਾ ! ” ਲੋਕਲ ਰੋਜ ਵਾਂਗ ਆਪਣੀ ਰਫ਼ਤਾਰ ਵਿੱਚ ਸੀ। ਮੈਂ ਕੇਸ ਵਿਚੋਂ ਆਪਣਾ ਨਵਾਂ ਗਿਟਾਰ ਬਾਹਰ ਕੱਢਿਆ ਤੇ ਹੈਪੀ ਬਰਥਡੇ ਟੂ ਯੂ ਬਜਾਉਣ ਲੱਗਾ। ਛੋਟਾ ਬੱਚਾ ਕੁੱਛੜ ਤੋਂ ਉਤਰ ਕੇ ਨੱਚਣ ਲੱਗਾ। ਨਾਲ ਵਾਲੇ ਯਾਤਰੂ ਹੈਰਾਨੀ ਵਿੱਚ ਸਨ। ਲੜਕੀ ਦੀ ਅੱਖਾਂ ਵਿੱਚ ਵੀ ਅਜਬ ਚਮਕ ਸੀ। ਹੈਪੀ ਬਰਥਡੇ ਟੂ ਯੂ ਵਜਾਉਂਦੇ ਵਜਾਉਂਦੇ ਮੇਰੀਆਂ ਅੱਖਾਂ ਵੀ ਗਿੱਲੀਆਂ ਹੋ ਗਈਆਂ।
ਪੇਸ਼ਕਸ਼ : ਗੁਰਮਾਨ ਸੈਣੀ
ਰਾਬਤਾ : 8360487488