ਭੋਗਾਂ ਉੱਤੇ ਹੁੰਦਾ ਨਾਜਾਇਜ਼ ਖ਼ਰਚ

ਜਸਕੀਰਤ ਸਿੰਘ

(ਸਮਾਜ ਵੀਕਲੀ)

ਜਿਵੇਂ ਜਿਵੇਂ ਦੁਨੀਆ ਤਰੱਕੀ ਦੇ ਰਾਹ ਫੜ ਰਹੀ ਹੈ । ਉਵੀਂ ਉਵੀਂ ਹੀ ਲੋਕਾਂ ਦੇ ਰੀਤੀ ਰਿਵਾਜਾਂ ਵਿਚ ਵੱਡੇ ਪੱਧਰ ਉੱਤੇ ਬਦਲਾਵ ਆ ਰਿਹਾ ਹੈ । ਸਮੇਂ ਦੇ ਬਦਲਣ ਨਾਲ ਲੋਕਾਂ ਨੇ ਆਪਣਾ ਰਹਿਣ ਸਹਿਣ , ਰੀਤੀ ਰਿਵਾਜ਼ , ਖਾਣ ਪੀਣ ਸਭ  ਕੁੱਝ ਬਦਲ ਲਿਆ ਹੈ । ਹਾਲਾਂਕਿ ਏ ਸਭ ਸਮੇਂ ਦੀਆ ਖੇਡਾਂ ਨੇ ਪਰ ਲੋਕਾਂ ਨੇ ਇਸਨੂੰ ਬਹੁਤ ਜਲਦੀ ਆਪਣੇ ਜੀਵਲ ਉਪਰ ਲਾਗੂ ਕਰ ਲਿਆ ਹੈ ।

ਇਕ ਸਮਾਂ ਹੁੰਦਾ ਸੀ । ਕਿ ਜਦੋਂ ਲੋਕਾਂ ਵਲੋਂ ਕੀਤਾ ਕੋਈ ਵੀ ਕਾਰਜ਼ , ਭਾਵੇਂ ਉਹ ਕਾਰਜ਼ ਖੁਸ਼ੀ ਦਾ ਹੁੰਦਾ ਭਾਵੇਂ ਗ਼ਮੀ ਦਾ , ਲੋਕ ਉਨ੍ਹਾਂ ਕਾਰਜਾਂ ਨੂੰ ਪੂਰਨ ਰੀਤੀ ਰਿਵਾਜਾਂ ਅਤੇ ਮਰਿਆਦਾ ਵਿਚ ਰਹਿ ਕੇ ਕਰਦੇ ਸਨ । ਮੱਤਲਬ ਲੋਕ ਦਿਖਾਵਾ ਨਹੀਂ ਕਰਦੇ ਸਨ। ਜੋ ਰੀਤੀ ਰਿਵਾਜ਼ ਪੁਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਸੀ । ਉਸਦਾ ਪੂਰਾ ਮਾਨ ਆਦਰ ਕਰਦੇ  ਸਨ ।

ਉਸ ਸਮੇਂ ਜਦੋਂ ਕਿਸੇ ਦੇ ਘਰੇ ਵਿਆਹ ਦਾ ਜਾਂ ਖੁਸ਼ੀ ਦਾ ਮਾਹੌਲ ਹੁੰਦਾ ਸੀ , ਤਾਂ ਉਸਦਾ ਸਾਰਾ ਖਾਣ ਪੀਣ ਮਿਠਾਈਆਂ , ਦਾਲ ਰੋਟੀ ਸਭ ਘਰੇ ਤਿਆਰ ਕੀਤਾ ਜਾਂਦਾ ਸੀ । ਬਾਹਰ ਦਾ ਕੁੱਝ ਵੀ ਘਰੇ ਨਹੀਂ ਸੀ ਆਉਂਦਾ , ਬਾਜ਼ਾਰੀ ਸਮਾਨ ਤੋਂ ਪਰਹੇਜ਼ ਕੀਤਾ ਜਾਂਦਾ ਸੀ । ਘਰ ਦਾ ਬਣਿਆਂ ਸਮਾਨ ਹੀ ਚੰਗਾ ਅਤੇ ਸੰਤੁਲਿਤ ਮੰਨਿਆ ਜਾਂਦਾ ਸੀ ।

ਪਰ ਫੇਰ ਹੌਲੀ ਹੌਲੀ ਸਮਾਂ ਬਦਲਣ ਦੇ ਨਾਲ ਨਾਲ ਉਹ ਘਰ ਵਿਚ ਬਣੀਆਂ ਮਿਠਾਈਆਂ ਵੀ ਬਦਲ ਗਈਆਂ । ਹੁਣ ਦੇ ਸਮੇਂ ਵਿਚ ਲੋਕ ਸਾਰਾ ਸਮਾਨ ਬਾਹਰੋ ਲਿਆਉਂਣਾ ਚੰਗਾ ਸੱਮਝਦੇ ਹਨ । ਘਰ ਦੀ ਬਣੀ ਮਿਠਾਈ ਤੋਂ ਪਰਹੇਜ਼ ਕਰਦੇ ਹਨ । ਜੇ ਉਨ੍ਹਾਂ ਨੂੰ ਰੋਕੋ ਤਾਂ ਅਗੋਂ ਏ ਆਖਦੇ ਹਨ ਕਿ ਬਜ਼ਾਰ ਵਰਗੀ ਮਿਠਾਈ ਘਰੇ ਨਹੀਂ ਬਣਦੀ , ਜੋ ਬਜ਼ਾਰੀ ਹੈ ਉਹ ਹੀ ਚੰਗੀ ਹੈ ਉਸ ਵਰਗੀ ਕੋਈ ਰੀਸ ਨਹੀਂ । ਭਲਾ ਸਾਡੀ ਵੀ ਕੋਈ ਇੱਜਤ  ਹੈ ਅਸੀਂ ਏ ਸਭ ਘਰੇ ਬਣਵਾਕੇ ਆਪਣੀ ਇੱਜਤ ਘੱਟ ਥੋੜੀ ਨਾ ਕਰਵਾਉਂਣੀ ਏ , ਲੋਕਾਂ ਨੂੰ ਵੀ ਤਾਂ ਪਤਾ ਲੱਗੇ ਕਿ ਇਨ੍ਹਾਂ ਨੂੰ ਵੀ ਦੁਨੀਆਦਾਰੀ ਦਾ ਪਤਾ ਏ , ਇਹਨਾਂ ਦਾ ਵੀ ਕੋਈ ਆਪਣਾ ਰੁੱਤਬਾ ਹੈ । ਇਹ ਵੀ ਸਭ ਕੁੱਝ ਕਰ ਸਕਦੇ ਹਨ । ਭਾਵ ਲੋਕ ਦਿਖਾਵਾ ਕਰ ਸਕਦੇ ਹਨ।

ਅਜੋਕੇ ਸਮੇਂ ਦੇ ਲੋਕੀ ਇਸ ਲੋਕ ਦਿਖਾਵੇਂ  ਵਿਚ ਲੱਖਾਂ ਰੁਪਇਆ ਖ਼ਰਚ ਕਰ ਦਿੰਦੇ ਹਨ । ਭਾਵੇਂ ਉਸ ਦਿਖਾਵੇਂ ਲਈ ਕਰਜ਼ਾ ਕਿਉਂ ਨਾ ਚੁੱਕਣਾ ਪੈ ਜਾਵੇਂ । ਬਸ ਆਪਣੀ ਅਣਖ਼ ਨੂੰ  ਸਮਾਜ ਅੱਗੇ ਨੀਵਾਂ ਨਹੀਂ ਹੋਣ ਦੇਣਾ ਚਾਉਂਦੇ ।

ਤੇ ਰਹੀ ਦੂਜੀ ਗੱਲ ਜੋ ਸਾਡਾ ਅਸਲੀ ਮੁੱਦਾ ਹੈ ਜਿਸ ਬਾਰੇ ਜ਼ਰੂਰੀ ਗੱਲ ਕਰਨੀ ਹੈ । ਜੋ ਹੈ ਅੱਜ ਦੇ ਅਜੋਕੇ ਸਮੇਂ ਵਿਚ ਭੋਗਾਂ ਉੱਤੇ ਹੋ ਰਿਹਾ ਨਾਜਾਇਜ਼ ਖ਼ਰਚ ।

ਪਹਿਲਾਂ ਦੇ ਸਮੇ ਵਿਚ ਜਦੋਂ ਕੋਈ ਇਨਸਾਨ ਦੁਨੀਆ ਤੋਂ ਫ਼ਾਨੀ ( ਮਰ ) ਹੋ ਜਾਂਦਾ ਸੀ । ਤਾਂ ਉਸਦੇ ਅੰਤਿਮ ਭੋਗ ਉੱਤੇ ਬਹੁਤ ਹੀ ਸਾਦੇ ਤਰੀਕੇ ਅਤੇ ਮਰਿਆਦਾ ਵਿਚ ਰਹਿ ਕੇ ਸਾਧ ਸੰਗਤ ਵਿਚ ਬੈਠ ਇਕ ਪੰਗਤ ਵਿਚ ਲੰਗਰ ਛਕਾਇਆ ਜਾਂਦਾ ਸੀ । ਜਿਸ ਵਿਚ ਦਾਲ ਰੋਟੀ ਅਹਿਮ ਹੁੰਦੀਂ ਸੀ । ਜਿਸ ਵਿਚ ਮਿਠਾਈਆਂ ਨੂੰ ਨਹੀਂ ਸੀ ਵਰਤਾਇਆ ਜਾਂਦਾ । ਦੁੱਖ ਦੀ ਘੜੀ ਵਿਚ ਮਿਠਾਈਆਂ ਦਾ ਵਰਤਣਾ ਚੰਗਾ ਨਹੀਂ  ਮੰਨਦੇ ਸਨ । ਉਸ ਸਮੇ ਲੋਕ ਗੁਰਬਾਣੀ ਦੇ ਰਾਹ ਪਏ ਹੋਏ ਸਨ । ਜਿਸ ਕਾਰਨ ਲੋਕ ਕੋਈ ਵੀ ਕਾਰਜ਼ ਵਿਹਾਰ ਗੁਰਬਾਣੀ ਦੀ ਮਰਿਆਦਾ ਵਿਚ ਰਹਿ ਕੇ ਕਰਦੇ ਸਨ । ਮ੍ਰਿਤਕ ਦੇ ਭੋਗ ਸਮੇਂ ਸਾਦਾ ਭੋਜਨ ਵਰਤਾਇਆ ਜਾਂਦਾ ਸੀ ।

ਪਰ ਫੇਰ 21ਵੀ ਸਦੀ ਦੇ ਆਉਣ ਨਾਲ ਲੋਕਾਂ ਵਿਚ ਭਾਰੀ ਬਦਲਾਵ ਆ ਗਿਆ । ਜਿੱਥੇ ਲੋਕੀ ਵਿਆਹ ਸ਼ਾਦੀਆਂ ਦੇ ਸਮੇਂ ਵੱਖ ਵੱਖ ਪਕਵਾਨ ਬਨਾਉਂਣ ਲੱਗ ਪਏ ਹਨ । ਉਥੇ ਹੀ ਮ੍ਰਿਤਕ ਦੇ ਭੋਗ ਉੱਤੇ ਵੀ ਵੱਖ ਵੱਖ ਕਿਸਮ ਦਾ ਭੋਜਨ ਅਤੇ ਮਿਠਾਈਆਂ ਦੀ ਵਰਤੋਂ ਕਰਦੇ ਹਨ । ਜਵਾਨ ਵਿਅਕਤੀ ਦੀ ਮੌਤ ਉੱਤੇ ਤਾਂ ਸਾਦੀ ਦਾਲ ਰੋਟੀ ਹੁੰਦੀ ਹੈ । ਪਰ ਉਸਦੇ ਨਾਲ ਹੀ ਕਿਸੇ ਬਜ਼ੁਰਗ ਦੇ ਭੋਗ ਉੱਤੇ ਵਿਆਹ ਵਾਲਾ ਕਾਰਜ਼ ਕੀਤਾ ਜਾਂਦਾ ਹੈ । ਭੋਗਾਂ ਉੱਤੇ ਪਕੌੜਿਆਂ , ਮਿਠਾਈਆਂ ਦੀ ਖੂਬ ਵਰਤੋਂ ਕੀਤੀ ਜਾਂਦੀ ਹੈ ਜੋ ਵੱਖ ਵੱਖ ਕਿਸਮਾਂ ਦੇ ਵੀ ਹੁੰਦੇ ਹਨ ਅਤੇ ਰੋਟੀ ਸਬਜ਼ੀ ਵੀ ਕਈ ਪ੍ਰਕਾਰ ਦੀ ਹੁੰਦੀ ਹੈ ਜਿਸ ਵਿਚ ਤਾਂ ਮਟਰ ਪਨੀਰ ਮੁੱਖ ਮਹਿਮਾਨ ਹੁੰਦਾ ਹੈ ।  ਕੁੱਝ ਭੋਗਾਂ ਉੱਤੇ ਤਾਂ ਫੋਟੋਗ੍ਰਾਫਰ ਵੀ ਬੁਲਾਇਆਂ ਜਾਂਦਾ ਹੈ ।

ਏ ਸਭ ਉਸ ਮ੍ਰਿਤਕ ਦੀ ਰੂਹ ਨੂੰ ਖੁਸ਼ ਕਰਨ ਲਈ ਕੀਤਾ ਜਾਂਦਾ ਹੈ। ਜੋ ਇਸ ਦੁਨੀਆਂ ਨੂੰ ਛੱਡ ਚੁੱਕਿਆ ਹੈ । ਜਿਸਨੂੰ ਉਸਦੇ ਭੋਗ ਉੱਤੇ ਕਿ ਬਣਿਆ ਹੈ ਕਿ ਨਹੀਂ  ਕੋਈ ਫ਼ਰਕ ਨਹੀਂ ਪੈਣ ਲੱਗਾ ।

ਭਾਵੇਂ ਉਸ ਦੇ ਜਿਊਂਦੇ ਜੀ ਉਸ ਨੂੰ ਕੋਈ ਪਾਣੀ ਵੀ ਨਾ ਪੁੱਛਦਾ ਹੋਵੇਂ । ਪਰ ਉਸਦੀ ਮੌਤ ਉੱਤੇ ਖੁੱਲਾ ਖ਼ਰਚ ਕੀਤਾ ਜਾਂਦਾ ਹੈ।  ਪਰ ਏ ਸਾਰਾ ਖ਼ਰਚ ਉਸ ਮ੍ਰਿਤਕ ਨੂੰ ਖੁਸ਼ ਕਰਨ ਲਈ ਨਹੀਂ ਸਗੋਂ ਸਾਰੇ ਸਮਾਜ ਅਤੇ ਸ਼ਰੀਕਾ ਨੂੰ ਆਪਣਾ ਉੱਚਾ ਰੁੱਤਬਾ ਦਿਖਾਉਂਣ ਲਈ ਕੀਤਾ ਜਾਂਦਾ ਹੈ । ਤਾਂਕਿ ਲੋਕੀਂ ਏ ਸਮਝਣ ਕਿ ਇਹਨਾਂ ਦਾ ਵੀ ਸਮਾਜ ਅੱਗੇ ਵੱਡਾ ਰੁੱਤਬਾ ਹੈ  ।  ਲੋਕੀ ਉਹਨਾਂ ਦੀ ਵਾਹ ਵਾਹੀ ਕਰਨ ਕਿ ਕਿਆ ਸ਼ਾਨਦਾਰ ਭੋਗ ਪਾਇਆ ਹੈ ਬੁਢੇ ਦਾ ਤੁਸੀਂ ਤਾਂ ਸਾਰੇ ਸਮਾਜ ਵਿਚ ਧਨ ਧਨ ਕਰਵਾ ਛੱਡੀ ਹੈ ।

ਏ ਸਭ ਦੁਨਿਆਵੀ ਦਿਖਾਵਾ ਹੈ ਜਿਸ ਦਾ ਸਾਨੂੰ ਕੋਈ ਲਾਭ ਨਹੀਂ ਹੋਣ ਲੱਗਾ । ਸਗੋਂ ਘਾਟਾ ਜ਼ਰੂਰ ਹੋਵੇਗਾ ।  ਜੋ ਮਰ ਗਿਆ ਹੈ ਉਸਨੇ ਤੁਹਾਡੇ ਸ਼ਾਨਦਾਰ ਭੋਗ ਤੋਂ ਕਿ ਲੈਣਾ ਹੈ।  ਉਸਨੂੰ ਇਸ ਵੱਡੇ ਭੋਗ ਨਾਲ ਕੋਈ ਖੁਸ਼ੀ ਨਹੀਂ ਮਿਲਣ ਲੱਗੀ , ਜਦੋਂ ਉਸਦੇ ਜਿਊਂਦੇ ਜੀ ਹੀ ਉਸਨੂੰ ਕੋਈ ਖੁਸ਼ੀ ਨਹੀਂ ਨਸੀਬ ਹੋਈ ਫਿਰ ਮਰਨ ਤੋਂ ਬਾਅਦ ਇਸ ਝੂੱਠੀ ਖੁਸ਼ੀ ਦਾ ਕੀ ਕਰਨਾ ਹੈ ਉਸਨੇ । ਭਾਵੇਂ ਉਸ ਦੀ ਜਿਆਦਾਤਰ ਉੱਮਰ ਸੜਕਾਂ ਜਾਂ ਵਰਿਧ ਆਸ਼ਰਮ ਵਿਚ ਲੰਗੀ ਹੋਵੇਂ । ਫਿਰ ਉਸਦੇ ਮਰਨ ਤੋਂ ਬਾਅਦ ਉਸਦੇ ਭੋਗ ਉੱਤੇ ਲਾਏ ਲੱਖਾਂ ਰੁਪਇਆ ਦਾ ਕੀ ਲਾਭ ।

ਅਸੀਂ ਦੁਨੀਆਦਾਰੀ ਨੂੰ ਆਪਣੀ ਅਮੀਰੀ ਦਿਖਾਉਂਣ ਵਿਚ ਇਨ੍ਹਾਂ ਰੁੱਝ ਗਏ ਹਾਂ ।  ਕਿ ਅਸੀਂ ਆਪਣੇ ਹੀ ਪਰਿਵਾਰ ਨੂੰ ਸਮਾਂ ਨਹੀਂ ਦੇ ਪਾਉਂਦੇ । ਫਿਰ ਜਦੋ ਉਹ ਪਰਿਵਾਰ ਦਾ ਕੋਈ ਜੀ ਮਰ ਜਾਂਦਾ ਹੈ ਫੇਰ ਉਸਦੇ ਭੋਗ ਉੱਤੇ ਨਾਜਾਇਜ਼ ਖ਼ਰਚਾ ਕਰਕੇ ਦੁਨੀਆਂ ਨੂੰ ਆਪਣਾ ਰੁੱਤਬਾ ਉੱਚਾ ਦਿਖਾਉਂਦੇ ਹਾਂ ।

ਜੇ ਭੋਗ ਉੱਤੇ ਕੋਈ ਖ਼ਰਚਾ ਕਰਨਾ ਵੀ ਹੈ ਤਾਂ ਸਾਭ ਦਾ ਕਰੋ ਐਵੇਂ ਲੋਕ ਦਿਖਾਵਾ ਕਰਨ ਲਈ ਕਰਜ਼ਾ ਲੈਣਾ ਜ਼ਰੂਰੀ ਨਹੀਂ । ਕਿਸੇ ਵੀ ਦੁੱਖ ਦੀ ਘੜੀ ਵਿਚ ਸਾਦਾ ਲੰਗਰ ਲਾਓ ,ਜੇ ਖ਼ਰਚ ਕਰਨ ਹੀ ਹੈ ਤਾਂ ਕਿਸੇ ਗਰੀਬ ਬਸਤੀ ਵਿਚ ਲੰਗਰ ਦੇ ਆਓ ਜਿਸਨੂੰ ਦੇਖ ਉਸ ਮ੍ਰਿਤਕ ਦੀ ਰੂਹ ਨੂੰ ਖੁਸ਼ੀ ਮਿਲੇ , ਜਿਸ ਲਈ ਤੁਸੀਂ ਏ ਸਭ ਕੁੱਝ ਕਰ ਰਹੇ ਹੋ । ਜਿਸ ਨਾਲ ਤੁਹਾਨੂੰ ਅਸੀਸਾਂ ਮਿਲਣ ਗੀਆ । ਐਵੇਂ ਝੂੱਠੇ ਦਿਖਾਵਿਆ ਨਾਲ ਤੁਸੀ ਆਪਣੇ ਆਪ ਨੂੰ ਜਾਂ ਸਮਾਜ ਨੂੰ ਤਾਂ ਖੁਸ਼ ਕਰ ਸਕਦੇ ਹੋ ਪਰ ਉਸ ਨੂੰ ਨਹੀਂ ਜਿਸ ਨੇ ਸਾਨੂੰ ਸਿਰਜਿਆ ਹੈ ।

ਜਸਕੀਰਤ ਸਿੰਘ
ਮੋਬਾਈਲ :- 98889-49201
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ :- ਫਤਿਹਗੜ੍ਹ ਸਾਹਿਬ )

Previous articleਪਹਿਲਾ ਸੰਗੀਤ
Next articleਖੇਤੀ ਜੀਵਨ ਸਾਡਾ