(ਸਮਾਜ ਵੀਕਲੀ)
” ਦਿੱਲ੍ਹੀ ਦੇ ਰਾਹਵਾਂ ਨੂੰ ਭਾਗ ਲੱਗੇ ਪਏ ਨੇੰ,
ਧਰਤੀ ਦੇ ਪੁੱਤਾਂ ਪੱਕੇ ਤੰਬੂ ਗੱਡ ਲਏ ਨੇਂ;
ਕੱਲ੍ਹਾ-ਕੱਲ੍ਹਾ ਸਿੰਘ ਇਤਿਹਾਸ ਲਿਖੀ ਜਾਂਦਾ ਏ,
ਕੁੱਝ ਤਾਂ ਵਕ਼ਤ ਜੋ ਖ਼ਾਸ ਲਿਖੀ ਜਾਂਦਾ ਏ;
ਕਲਮਾਂ ‘ਚ ਭਰੀ ਸਾਡੇ ਲਹੂ ਦੀ ਸਿਆਹੀ ਨਾਲ,
ਸਮਿਆਂ ਦੀ ਹਿੱਕ ਉੱਤੇ ਲਿਖ ਲੇਖ ਆਇਆ ਹਾਂ;
ਕੁੱਝ ਚਿਰ ਪਹਿਲਾਂ ਜਿਹੜੀ ਦਿੱਲ੍ਹੀ ਸਾਨੂੰ ਦੂਰ ਸੀ,
ਅੱਜ ਨੇੜੇ ਲੱਗੀ,ਮੈਂ ਵੀ ਦਿੱਲ੍ਹੀ ਦੇਖ ਆਇਆ ਹਾਂ…;
ਹਕੂਕੀਆਂ ਦਾ ਹਾਕਮਾਂ ਲਈ ਜੰਗ ਦਾ ਐਲਾਨ ਹੈ,
ਅੰਬਰਾਂ ਤੋਂ ਉੱਚੀ ਹੋਈ ਹਕੂਕੀਆਂ ਦੀ ਸ਼ਾਨ ਏ;
ਹਰਿਆਣਵੀਆਂ ਬਾਹਾਂ ਖੋਲ ਸਾਨੂੰ ਗਲ਼ ਲਾਇਆ,
ਦਿਲਵਾਲਿਆਂ ਦੀ ਦਿੱਲ੍ਹੀ ਸਾਨੂੰ ਪਲਕੀਂ ਬਿਠਾਇਆ;
ਸਾਡਿਆਂ ਪਿਆਰਾਂ ਦੀ ਸੀਨਿਆਂ ‘ਚ ਬਲ਼ਦੀ ਜੋ,
ਦਿੱਲ੍ਹੀ ਦੀ ਬਰੂਹਾਂ ‘ਤੇ ਉਹ ਅੱਗ ਸੇਕ ਆਇਆ ਹਾਂ;
ਅੱਜ ਨੇੜੇ ਲੱਗੀ,ਮੈਂ ਵੀ ਦਿੱਲ੍ਹੀ ਦੇਖ ਆਇਆ ਹਾਂ…;
ਮੰਦਿਰਾਂ ਮਸੀਤਾਂ ਦੀ ਕੰਧ ਸਾਂਝੀ ਹੋ ਗਈ,
ਦਰਬਾਰ ਸਾਹਿਬ ਵਿੱਚ ਨਮਾਜ਼ ਪੜ੍ਹੀ ਜਾਂਦੀ ਏ;
ਜੰਗਲ਼ਾਂ ਦੇ ਵਿੱਚ ਉੱਥੇ ਮੇਲੇ ਲੱਗੇ ਪਏ ਨੇਂ,
ਨਾਨਕ ਦਾ ਨਾਮ ਲੈਕੇ ਆਇਤ ਪੜ੍ਹੀ ਜਾਂਦੀ ਏ;
ਹਵਾ ਵਿੱਚ ਫਿਰੇ ਉੱਥੇ ਉੱਡਦੀ ਜਵਾਨੀ,
ਬਾਬਿਆਂ ਨੂੰ ਚੜ੍ਹਦੀ ਜਵਾਨੀ ਦੇਖ ਆਇਆ ਹਾਂ;
ਅੱਜ ਨੇੜੇ ਲੱਗੀ,ਮੈਂ ਵੀ ਦਿੱਲ੍ਹੀ ਦੇਖ ਆਇਆ ਹਾਂ…;
ਅੱਲ੍ਹਾ ਰਾਮ ਇਕੱਠੇ ਬੈਠ ਸਾਖੀਆਂ ਸੁਣਾਉਂਦੇ ਨੇੰ,
ਮੱਕੇ ਮਦੀਨਿਆਂ ‘ਚੋਂ ਨਾਨਕ ਚੱਲ ਆਉਂਦੇ ਨੇਂ;
ਢਹਿੰਦੀ ਨਹੀਉਂ ਢੇਰੀ ਸੁਣ ਸਿੰਘਾਂ ਦੀਆਂ ਵਾਰਾਂ ਨੂੰ,
ਢਾਡੀ ਜੱਥੇ ਚੜ੍ਹਦੀਕਲਾ ਦੇ ਗੀਤ ਗਾਉਂਦੇ ਨੇਂ;
ਪੋਹ ਦੀਆਂ ਰਾਤਾਂ,ਸਿੰਘੂ ਸਰਹੰਦ ਬਣ ਗਈ ਏ,
ਸ਼ੀਸ਼ ਝੁਕਾਕੇ ਮੈਂ ਵੀ ਉੱਥੇ ਮੱਥਾ ਟੇਕ ਆਇਆ ਹਾਂ,
ਕੁੱਝ ਚਿਰ ਪਹਿਲਾਂ ਜਿਹੜੀ ਦਿੱਲ੍ਹੀ ਸਾਨੂੰ ਦੂਰ ਸੀ,
ਅੱਜ ਨੇੜੇ ਲੱਗੀ,ਮੈਂ ਵੀ ਦਿੱਲ੍ਹੀ ਦੇਖ ਆਇਆ ਹਾਂ…!!”
ਹਰਕਮਲ ਧਲੀਵਾਲ
ਸੰਪਰਕ:- 8437403720