ਮੋਗਾ: ਆਬਕਾਰੀ ਤੇ ਕਰ ਵਿਭਾਗ ਦਾ ਇੰਸਪੈਕਟਰ ਰਿਸ਼ਵਤ ਲੈਂਦਾ ਕਾਬੂ, ਈਟੀਓ ਫ਼ਰਾਰ

ਮੋਗਾ (ਸਮਾਜ ਵੀਕਲੀ) : ਇਥੇ ਵਿਜੀਲੈਂਸ ਬਿਊਰੋ ਨੇ 40 ਹਜ਼ਾਰ ਦੀ ਵੱਢੀ ਲੈਂਦਾਂ ਆਬਕਾਰੀ ਤੇ ਕਰ ਵਿਭਾਗ ਉੱਡਣ ਦਸਤੇ ਦੇ ਇੰਸਪੈਕਟਰ ਨੂੰ ਕਾਬੂ ਕੀਤਾ ਹੈ। ਵਿਜੀਲੈਂਸ ਨੇ ਉੱਡਣ ਦਸਤੇ ਦੇ ਈਟੀਓ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਹੈ। ਡੀਆਈਜੀ ਵਿਜੀਲੈਂਸ ਸੁਰਜੀਤ ਸਿੰਘ ਅਤੇ ਵਿਜੀਲੈਂਸ ਦੀ ਨਵੀਂ ਬਣੀ ਰੇਂਜ ਫ਼ਰੀਦਕੋਟ ਦੇ ਐੱਸਐਸਪੀ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਦੀਪਕ ਗੋਇਲ ਨੇ ਡੀਐੱਸਪੀ ਵਿਜੀਲੈਂਸ ਕੇਵਲ ਕ੍ਰਿਸ਼ਨ ਕੋਲ ਬਿਆਨ ਦਰਜ ਕਰਵਾਇਆ ਕਿ ਉਸ ਦੇ ਪਿਤਾ ਅਸ਼ੋਕ ਕੁਮਾਰ ਦੀ ਫ਼ਰੀਦਕੋਟ ਵਿਖੇ ਫਰੀਦ ਐਂਟਰਪ੍ਰਾਈਜ਼ਜ਼ ਨਾਮ ਉੱਤੇ ਖਿਡੌਣੇ ਬਣਾਉਣ ਦੀ ਫਰਮ ਹੈ।

6 ਜਨਵਰੀ ਲੁਧਿਆਣਾ ਤੋਂ ਪਲਾਸਟਿਕ ਦਾਣਾ ਕਰੀਬ 45 ਕੁਇੰਟਲ ਖਰੀਦ ਕਰਕੇ ਕੈਂਟਰ ਰਾਹੀਂ ਲੁਧਿਆਣਾ ਤੋਂ ਫਰੀਦਕੋਟ ਲਿਅਦਾ ਜਾ ਰਿਹਾ ਸੀ। ਇਸ ਦੌਰਾਨ ਸੇਲ ਟੈਕਸ ਵਿਭਾਗ ਉੱਡਣ ਦਸਤਾ ਮੋਬਾਈਲ ਵਿੰਗ ਦੇ ਫਾਜ਼ਿਲਕਾ ਈਟੀਓ ਰਾਜੀਵ ਪੁਰੀ ਨੇ ਕੈਂਟਰ ਰੋਕ ਕੇ ਚੈੱਕ ਕੀਤਾ। ਉਨ੍ਹਾਂ ਕੋਲ ਪਲਾਸਟਿਕ ਦਾਣੇ ਦਾ ਬਿੱਲ ਨਾ ਹੋਣ ਕਰਕੇ ਬਾਘਾਪੁਰਾਣਾ ਵਿਖੇ ਚਲਾਨ ਕੱਟ ਕੇ ਕੈਂਟਰ ਨੂੰ ਥਾਣਾ ਬਾਘਾਪੁਰਾਣਾ ਵਿਖੇ ਬੰਦ ਕਰਵਾ ਦਿੱਤਾ। ਰਾਜੀਵ ਪੁਰੀ ਨਾਲ ਉਨ੍ਹਾਂ ਮੋਬਾਈਲ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ 8 ਜਨਵਰੀ ਨੂੰ ਅਬੋਹਰ ਆਉਣ ਲਈ ਆਖਿਆ ਗਿਆ। ਇਸ ਮਗਰੋਂ ਸ਼ਿਕਾਇਤਕਰਤਾ ਨੂੰ ਬਿੱਟੂ ਦੇ ਢਾਬਾ ਗਿੱਦੜਬਾਹਾ ਵਿਖੇ ਵਿਭਾਗ ਦੇ ਉੱਡਣ ਦਸਤਾ ਇੰਸਪੈਕਟਰ ਵਿਕਾਸ ਕੁਮਾਰ ਨੂੰ ਮਿਲਣ ਲਈ ਕਿਹਾ।

ਵਿਜੀਲੈਂਸ ਮੁਤਾਬਕ ਮੁਲਜ਼ਮ ਇੰਸਪੈਕਟਰ ਨੇ ਫੜੇ ਮਾਲ ਦੀ ਕੀਮਤ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕਰੀਬ 4.50 ਲੱਖ ਉੱਤੇ 118 ਫ਼ੀਸਦੀ ਜੁਰਮਾਨਾ ਪਾਉਣ ਦਾ ਗੱਲ ਆਖੀ। ਜੁਰਮਾਨਾ ਰਾਸ਼ੀ ਘੱਟ ਕਰਨ ਦੇ ਇਵਜ਼ ਬਦਲੇ 80 ਹਜਾਰ ਰੁਪਏ ਦੀ ਵੱਢੀ ਮੰਗੀ ਅਤੇ ਸੌਦਾ 40 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਮੁਲਜ਼ਮ ਇੰਸਪੈਕਟਰ ਵਿਕਾਸ ਕੁਮਾਰ ਨੂੰ ਮਲੋਟ ਤੋਂ ਵੱਢੀ ਦੀ ਰਕਮ 40 ਹਜਾਰ ਰੁਪਏ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਬਰਾਮਦ ਕਰਕੇ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਜੀਲੈਂਸ ਮੁਤਾਬਕ ਮੁਲਜਮ ਈਟੀਓ ਰਾਜੀਵ ਪੁਰੀ ਨੂੰ ਨਾਮਜ਼ਦ ਕਰ ਦਿੱਤਾ ਗਿਆ ਹੈ ਅਤੇ ਉਸਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Previous articleਦਿੱਲੀ ਵਿੱਚ 18 ਜਨਵਰੀ ਤੋਂ ਸਕੂਲ ਖੋਲ੍ਹਣ ਦੀ ਇਜਾਜ਼ਤ
Next articleਈਡੀ ਵੱਲੋਂ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਕੇਡੀ ਸਿੰਘ ਗ੍ਰਿਫ਼ਤਾਰ