ਹਨੁਮਾ ਵਿਹਾਰੀ ਤੇ ਅਸ਼ਵਿਨ ਦੀ ਠਰ੍ਹੰਮੇ ਵਾਲੀਆਂ ਪਾਰੀਆਂ ਨਾਲ ਸਿਡਨੀ ਟੈਸਟ ਡਰਾਅ

ਸਿਡਨੀ (ਸਮਾਜ ਵੀਕਲੀ): ਹਨੁਮਾ ਵਿਹਾਰੀ ਤੇ ਰਵੀਚੰਦਰਨ ਅਸ਼ਵਿਨ ਦੀ ਠਰ੍ਹੰਮੇ ਵਾਲੀਆਂ ਪਾਰੀਆਂ ਦੀ ਬਦੌਲਤ ਭਾਰਤ ਅੱਜ ਇਥੇ ਆਸਟਰੇਲੀਆ ਖ਼ਿਲਾਫ਼ ਤੀਜਾ ਟੈਸਟ ਡਰਾਅ ਖੇਡਣ ਵਿੱਚ ਸਫ਼ਲ ਰਿਹਾ। ਦੋਵਾਂ ਨੇ ਮਿਲ ਕੇ 42 ਓਵਰਾਂ ਤੱਕ ਆਸਟਰੇਲੀਆ ਦੇ ਗੇਂਦਬਾਜ਼ੀ ਹਮਲੇ ਦਾ ਟਾਕਰਾ ਕੀਤਾ ਤੇ 6ਵੇਂ ਵਿਕਟ ਲਈ 62 ਦੌੜਾਂ ਜੋੜੀਆਂ। ਵਿਹਾਰੀ ਨੇ ਪਿੱਚ ’ਤੇ ਲਗਪਗ ਚਾਰ ਘੰਟੇ ਬਿਤਾਏ ਤੇ 161 ਗੇਂਦਾਂ ’ਚ ਨਾਬਾਦ 23 ਦੌੜਾਂ ਬਣਾਈਆਂ ਜਦੋਂਕਿ ਅਸ਼ਵਿਨ 128 ਗੇਂਦਾਂ ’ਤੇ 38 ਦੌੜਾਂ ਨਾਲ ਨਾਬਾਦ ਰਿਹਾ।

ਰਿਸ਼ਭ ਪੰਤ ਨੇ 97 ਜਦੋਂਕਿ ਚੇਤੇਸ਼ਵਰ ਪੁਜਾਰਾ ਨੇ 77 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਨੂੰ ਚੌਥੀ ਪਾਰੀ ’ਚ ਜਿੱਤ ਲਈ 408 ਦੌੜਾਂ ਦੀ ਦਰਕਾਰ ਸੀ ਤੇ ਟੀਮ ਨੇ ਪੰਜਵੇਂ ਦਿਨ ਦੀ ਖੇਡ ਖ਼ਤਮ ਹੋਣ ’ਤੇ ਪੰਜ ਵਿਕਟਾਂ ਦੇ ਨੁਕਸਾਨ ਨਾਲ 334 ਦੌੜਾਂ ਬਣਾਈਆਂ। ਮੈਚ ਡਰਾਅ ਕਰਾ ਕੇ ਭਾਰਤ ਆਸਟਰੇਲੀਆ ਖ਼ਿਲਾਫ਼ ਮਨੋਵਿਗਿਆਨਕ ਬੜਤ ਹਾਸਲ ਕਰਨ ਵਿੱਚ ਸਫ਼ਲ ਰਿਹਾ ਹੈ। ਚਾਰ ਟੈਸਟ ਮੈਚਾਂ ਦੀ ਇਹ ਲੜੀ ਅਜੇ 1-1 ਨਾਲ ਬਰਾਬਰ ਹੈ ਤੇ ਲੜੀ ਦਾ ਆਖਰੀ ਤੇ ਚੌਥਾ ਟੈਸਟ ਮੈਚ 15 ਜਨਵਰੀ ਤੋਂ ਬ੍ਰਿਸਬੇਨ ’ਚ ਖੇਡਿਆ ਜਾਵੇਗਾ। 

Previous articleਦਿੱਲੀ ’ਚ ਵੀ ਬਰਡ ਫਲੂ ਦੀ ਪੁਸ਼ਟੀ
Next articleਯੂਪੀ ’ਚ ‘ਆਪ’ ਵਿਧਾਇਕ ਸੋਮਨਾਥ ਭਾਰਤੀ ’ਤੇ ਕਾਲੀ ਸਿਆਹੀ ਸੁੱਟੀ