ਲੁਧਿਆਣਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਹਾਕੀ ਦੇ ਮਹਾਨ ਖਿਡਾਰੀ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਵਿਸ਼ਵ ਕੱਪ ਜੇਤੂ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ 37ਵੀੰ ਬਰਸੀ ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਨੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਈ ।
ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਜੋ 6 ਜਨਵਰੀ 1984 ਨੂੰ ਜਲੰਧਰ ਲਾਗੇ ਇਕ ਸੜਕ ਹਾਦਸੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਸਨ ਉਨ੍ਹਾਂ ਦੀ ਸਦੀਵੀ ਯਾਦ ਨੂੰ ਤਾਜ਼ਾ ਕਰਦਿਆਂ ਅੱਜ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕ ਅਤੇ ਬੱਚਿਆਂ ਨੇ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੇ ਜਰਖੜ ਸਟੇਡੀਅਮ ਵਿਖੇ ਸਥਾਪਤ ਕੀਤੇ ਆਦਮਕੱਦ ਬੁੱਤ ਉਤੇ ਫੁੱਲ ਮਾਲਾ ਭੇਟ ਕਰਕੇ ਉਨ੍ਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਿਆ ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਬੱਚਿਆਂ ਨੂੰ ਓਲੰਪੀਅਨ ਸੁਰਜੀਤ ਸਿੰਘ ਦੀਆਂ ਪ੍ਰਾਪਤੀਆਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਬੱਚਿਆਂ ਨੂੰ ਚਾਨਣਾ ਪਾਇਆ
ਇਸ ਮੌਕੇ ਸਪੋਰਟਸ ਅਥਾਰਟੀ ਆਫ ਇੰਡੀਆ ਦਿੱਲੀ ਤੋਂ ਐਸਟਰੋਟਰਫ਼ ਜਰਖੜ ਦਾ ਮੁਆਇਨਾ ਕਰਨ ਆਏ ਸ੍ਰੀ ਰੋਹਤਾਸ ਕੁਮਾਰ ,ਦਿਵਿਆ ਐਂਟਰਪ੍ਰਾਈਜ਼ਿਜ਼ ਕੰਪਨੀ ਦੇ ਐੱਮਡੀ ਗੁਰਵਿੰਦਰ ਸਿੰਘ , ਸ੍ਰੀ ਆਸ਼ੂਤੋਸ਼ ,ਮਨਿੰਦਰ ਸਿੰਘ, ਗੁਰਸਤਿੰਦਰ ਸਿੰਘ ਪਰਗਟ,ਜਗਦੇਵ ਸਿੰਘ ਜਰਖੜ ਤੇਜਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ ਜਦਕਿ ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਹੋਣਹਾਰ ਖਿਡਾਰੀ ਗੁਰਵਿੰਦਰ ਸਿੰਘ ਗੁਰੀ ਜਰਖੜ ਨੂੰ “ਮੈਨ ਆਫ ਦਾ ਯੀਅਰ ਐਵਾਰਡ” ਵਜੋਂ ਸਾਈਕਲ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਕੁਝ ਹੋਰ ਨਵੇਂ ਬੱਚਿਆਂ ਨੂੰ ਟਰੈਕ ਸੂਟ ਅਤੇ ਹਾਕੀ ਸਟਿੱਕਾਂ ਦੇ ਕੇ ਸਨਮਾਨਤ ਕੀਤਾ ਗਿਆ
ਇਸ ਮੌਕੇ ਓਲੰਪੀਅਨ ਪ੍ਰਿਥੀਪਾਲ ਸਿੰਘ ਇਲੈਵਨ ਅਤੇ ਸੁਰਜੀਤ ਓਲੰਪੀਅਨ ਸੁਰਜੀਤ ਇਲੈਵਨ ਵਿਚਕਾਰ ਇਕ ਪ੍ਰਦਰਸ਼ਨੀ ਮੈਚ ਵੀ ਖੇਡਿਆ ਗਿਆ ਜੋ ਕਿ 3-3 ਗੋਲਾਂ ਦੀ ਬਰਾਬਰੀ ਤੇ ਸਮਾਪਤ ਹੋਇਆ ।ਇਸ ਮੌਕੇ ਕੋਚ ਗੁਰਸਤਿੰਦਰ ਸਿੰਘ ਪਰਗਟ ਨੇ ਦੱਸਿਆ ਕਿ ਜਰਖੜ ਹਾਕੀ ਅਕੈਡਮੀ ਫਰਵਰੀ ਮਹੀਨੇ ਵਿੱਚ ਨਵੇਂ ਬੱਚਿਆਂ ਲਈ ਕੋਚਿੰਗ ਦਾ ਵਿਸੇਸ਼ ਕਲੀਨਿਕ ਲਾਵੇਗੀ ਜਿਸ ਵਿਚ ਓਲੰਪੀਅਨ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਸੱਦ ਕੇ ਬੱਚਿਆਂ ਨੂੰ ਹਾਕੀ ਦੀ ਆਧੁਨਿਕ ਟਰੇਨਿੰਗ ਅਤੇ ਹਾਕੀ ਦੀਆਂ ਹੋਰ ਬਾਰੀਕੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ ਇਸ ਟਰੇਨਿੰਗ ਵਾਸਤੇ ਅਕੈਡਮੀ ਦੇ ਤਕਨੀਕੀ ਡਾਇਰੈਕਟਰ ਨਰਾਇਣ ਸਿੰਘ ਗਰੇਵਾਲ ਆਸਟ੍ਰੇਲੀਆ ਵੱਲੋਂ ਹਾਕੀ ਨਾਲ ਸਬੰਧਤ ਵੱਧ ਅੁਧਨਿਕ ਸਹੂਲਤਾਂ ਵਾਲਾ ਲੋੜੀਂਦਾ ਸਾਮਾਨ ਆਸਟ੍ਰੇਲੀਆ ਤੋਂ ਮੁਹੱਈਆ ਕਰਾਇਆ ਜਾਵੇਗਾ।ਜਿਸ ਵਿੱਚ ਨਵੇਂ ਗੋਲਕੀਪਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ । ਅੰਤ ਵਿਚ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ ।