ਲੰਡਨ (ਸਮਾਜ ਵੀਕਲੀ):
ਬਰਤਾਨੀਆ ਦੀ ਸੰਸਦ ਦੇ ਦੋਵੇਂ ਸਦਨਾਂ ’ਚ ਬੁੱਧਵਾਰ ਨੂੰ ਤੇਜ਼ੀ ਨਾਲ ਪਾਸ ਕਰਵਾਏ ਗਏ ਬ੍ਰੈਗਜ਼ਿਟ ਬਿੱਲ ਨੂੰ ਮਹਾਰਾਣੀ ਐਲਿਜ਼ਬੈੱਥ-2 ਵੱਲੋਂ ਮਨਜ਼ੂਰੀ ਮਿਲਣ ਦੇ ਨਾਲ ਹੀ ਬਰਤਾਨੀਆ ਨਵੇਂ ਸਾਲ ਦੇ ਦਿਨ ਸ਼ੁੱਕਰਵਾਰ ਨੂੰ ਯੂਰੋਪੀਅਨ ਯੂੁਨੀਅਨ (ਈਯੂ) ਤੋਂ ਅਧਿਕਾਰਤ ਤੌਰ ’ਤੇ ਵੱਖ ਹੋਣ ਲਈ ਤਿਆਰ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਇਸ ਨੂੰ ਇੱਕ ‘ਨਵੀਂ ਸ਼ੁਰੂਆਤ’ ਕਰਾਰ ਦਿੱਤਾ ਹੈ।
ਜੌਹਨਸਨ ਨੇ ਇੱਕ ਬਿਆਨ ’ਚ ਯੂਰੋਪੀ ਸੰਘ (ਭਵਿੱਖ ਦੇ ਸਬੰਧ) ਬਿੱਲ ਨੂੰ ਇੱਕ ਦਿਨ ’ਚ ਹੀ ਪਾਸ ਕਰਵਾਉਣ ’ਤੇ ਸੰਸਦ ਮੈਂਬਰਾਂ ਦੇ ਧੰਨਵਾਦ ਕਰਦਿਆਂ ਦੇਸ਼ਵਾਸੀਆਂ ਨੂੰ ਵੀਰਵਾਰ ਅੱਧੀ ਰਾਤ ‘ਇਸ ਇਤਿਹਾਸਕ ਪਲ’ ਦਾ ਗਵਾਹ ਬਣਨ ਦੀ ਅਪੀਲ ਕੀਤੀ। ਜੌਹਨਸਨ ਨੇ ਕਿਹਾ, ‘ਇਸ ਦੇਸ਼ ਦੀ ਤਕਦੀਰ ਹੁਣ ਸਾਡੇ ਹੱਥਾਂ ’ਚ ਹੈ। ਅਸੀਂ ਇਸ ਫਰਜ਼ ਨੂੰ ਉਦੇਸ਼ ਦੇ ਭਾਵਨਾ ਵਜੋਂ ਲੈਂਦੇ ਹਾਂ ਅਤੇ ਹਰ ਕੰਮ ਬਰਤਾਨਵੀ ਜਨਤਾ ਦੇ ਹਿੱਤਾਂ ਲਈ ਕਰਾਂਗੇ।’
ਉਨ੍ਹਾਂ ਕਿਹਾ, ‘31 ਦਸੰਬਰ ਰਾਤ 11 ਵਜੇ ਦਾ ਸਮਾਂ ਸਾਡੇ ਦੇਸ਼ ਦੇ ਇਤਿਹਾਸ ’ਚ ਇੱਕ ਨਵੀਂ ਸ਼ੁਰੂਆਤ ਲੈ ਕੇ ਆਵੇਗਾ ਅਤੇ ਈਯੂ ਨਾਲ ਇੱਕ ਨਵਾਂ ਸਬੰਧ ਸ਼ੁਰੂ ਕਰੇਗਾ। ਇਹ ਪਲ ਆਖਰਕਾਰ ਸਾਡੇ ਕੋਲ ਆ ਗਿਆ ਹੈ ਅਤੇ ਇਸ ਨੂੰ ਮਹਿਸੂਸ ਕਰਨ ਦਾ ਵੇਲਾ ਵੀ ਆ ਗਿਆ ਹੈ।’