ਬਰਮਿੰਘਮ(ਸਮਾਜ ਵੀਕਲੀ)- ਐਤਵਾਰ 27 ਦਿਸੰਬਰ ਨੂੰ ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਦੇ ਮੈਂਬਰਾਂ ਨੇ ਪੂਰੀ ਠੰਡ ਵਿੱਚ ਕਰੋਨਾ ਦੀ ਬਿਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦੇ ਸਮਰਥਨ ਵਿਚ ਬਰਮਿੰਘਮ ਵਿਖੇ ਭਾਰਤੀ ਕੌਸਲੇਟ ਮੂਹਰੇ ਰੋਹ ਭਰਪੂਰ ਮੁਜ਼ਾਹਰਾ ਕੀਤਾ।
ਮੈਂਬਰਾਂ ਦੀ ਮੰਗ ਸੀ ਕਿ ਮੋਦੀ ਸਰਕਾਰ ਮੁਜ਼ਾਹਰਾਕਾਰੀ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਕਿਸਾਨ ਵਿਰੋਧੀ ਬਿੱਲ ਤੁਰੰਤ ਵਾਪਸ ਲਵੇ। ਮੋਦੀ ਸਰਕਾਰ ਦੇ ਇਹ ਖੇਤੀਬਾੜੀ ਸਬੰਧੀ ਬਿੱਲ ਪੂਰੀ ਤਰ੍ਹਾਂ ਅੰਬਾਨੀ ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਅਤੇ ਕਿਸਾਨਾਂ ਮਜ਼ਦੂਰਾਂ ਨੂੰ ਅਤਿ ਗਰੀਬੀ ਦੀ ਦਲਦਲ ਵਿੱਚ ਧੱਕਣ ਦਾ ਕੰਮ ਕਰਨ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹਨ। ਇਹ ਬਿੱਲ ਸਰਮਾਇਦਾਰਾਂ ਦੀਆਂ ਤਿਜੌਰੀਆਂ ਭਰਨ ਅਤੇ ਕਿਸਾਨਾਂ ਨੂੰ ਹੋਰ ਗਰੀਬ ਕਰ ਕੇ ਪ੍ਰਾਈਵੇਟ ਮੰਡੀਆਂ ਦੇ ਮੱਕੜਜਾਲ ਵਿਚ ਫਸਾਉਣ ਦੇ ਸਪਸ਼ਟ ਇਰਾਦੇ ਨਾਲ ਹੀ ਲਿਆਂਦੇ ਗਏ ਹਨ ।
ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਦੀ ਬਰਮਿੰਘਮ ਬ੍ਰਾਂਚ ਦੇ ਪ੍ਰਧਾਨ ਕਾਮਰੇਡ ਸ਼ੀਰਾ ਜੌਹਲ ਨੇ ਇਹਨਾਂ ਕਿਸਾਨ ਅਤੇ ਮਜ਼ਦੂਰ ਵਿਰੋਧੀ ਬਿੱਲਾਂ ਨੂੰ ਤੁਰੰਤ ਵਾਪਸ ਲੈਣ ਦੀ ਜ਼ੋਰਦਾਰ ਮੰਗ ਕੀਤੀ।
ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਦੀ ਬਰਮਿੰਘਮ ਬ੍ਰਾਂਚ ਦੇ ਸਕੱਤਰ ਕਾਮਰੇਡ ਭਗਵੰਤ ਸਿੰਘ ਨੇ ਮੋਦੀ ਸਰਕਾਰ ਦੇ ਕਿਸਾਨ ਮਜ਼ਦੂਰ ਵਿਰੋਧੀ ਅਤੇ ਹੈਂਕੜਬਾਜ਼ ਰਵੱੲੀੲੇ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਅਜਿਹੀ ਹੈਂਕੜਬਾਜ਼ ਸਰਕਾਰ ਹੈ ਜਿਸ ਨੂੰ ੳੁਹਨਾਂ ਲੋਕਾਂ ਦੀਆਂ ਕੀਮਤੀ ਜਾਨਾਂ ਦੀ ਵੀ ਪਰਵਾਹ ਨਹੀਂ ਜਿਨ੍ਹਾਂ ਦੀਆਂ ਵੋਟਾਂ ਨਾਲ ਸਰਕਾਰ ਬਣਾਈ ਹੈ । ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਨੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਹਰਿਆਂ ਨਾਲ ਇਸ ਸੰਘਰਸ਼ ਦੀ ਪੂਰਨ ਹਮਾਇਤ ਦਾ ਪ੍ਰਣ ਦੁਹਰਾਇਆ ਹੈ । (ਰਿਪੋਰਟ ਭਗਵੰਤ ਸਿੰਘ, ਬਰਮਿੰਘਮ ਬ੍ਰਾਂਚ ਸਕੱਤਰ )