ਐਕਸਪ੍ਰੈਸ ਵੇਅ ਲਈ ਇੱਕ ਇੰਚ ਵੀ ਜ਼ਮੀਨ ਨਹੀਂ ਛੱਡਣਗੇ ਕਿਸਾਨ-ਆਗੂ
ਹੁਸੈਨਪੁਰ (ਸਮਾਜ ਵੀਕਲੀ) (ਕੌੜਾ) – ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਉਸਾਰੇ ਜਾ ਰਹੇ ਦਿੱਲੀ ਅੰੰਮ੍ਰਿਤਸਰ ਕਟੜਾ ਅਤੇ ਜਾਮਨਗਰ ਬਠਿੰਡਾ ਐਕਸਪ੍ਰੈਸ ਵੇਅ ਜ਼ੋ ਕਿ ਤਹਿਸੀਲ ਸੁਲਤਾਨਪੁਰ ਲੋਧੀ, ਕਪੂਰਥਲਾ ਅਤੇ ਭੁਲੱਥ ਦੇ ਵੱਖ-ਵੱਖ ਪਿੰਡਾਂ ਵਿੱਚੋਂ ਦੀ ਗੁਜ਼ਰੇਗਾ ਜਿਸ ਲਈ ਕਿਸਾਨਾਂ ਦੀਆਂ ਜ਼ਮੀਨਾਂ ਵੱਡੀ ਗਿਣਤੀ ਵਿਚ ਐਕਵਾਇਰ ਕੀਤੀਆਂ ਜਾ ਰਹੀਆਂ ਹਨ। ਪ੍ਰਭਾਵਿਤ ਹੋ ਰਹੇ ਕਿਸਾਨਾਂ ਦੀ ਵਿਸ਼ਾਲ ਰੋਸ ਮੀਟਿੰਗ ਅੱਜ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਐਕਸਪ੍ਰੈਸ ਵੇਅ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਹੋਈ।
ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਪਹੁੰਚੇ ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਨੈਸ਼ਨਲ ਹਾਈਵੇ ਅਥਾਰਟੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਉਸਾਰੇ ਜਾ ਰਹੇ ਐਕਸਪ੍ਰੈਸ ਵੇਅ ਲਈ ਉਹ ਇੱਕ ਇੰਚ ਵੀ ਜ਼ਮੀਨ ਨਹੀਂ ਛੱਡਣਗੇ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ , ਜ਼ਮੀਨਾਂ ਵਿੱਚ ਕਿਸੇ ਵੀ ਅਧਿਕਾਰੀ ਜਾਂ ਸਰਵੇ ਟੀਮਾਂ ਨੂੰ ਪੈਰ ਨਹੀਂ ਪਾਉਣ ਦਿੱਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਖੇਡ ਰਹੀ ਹੈ।ਇਹ ਸੜਕਾਂ ਕਾਰਪੋਰੇਟ ਘਰਾਣਿਆਂ ਲਈ ਕਿਸਾਨਾਂ ਦਾ ਭਵਿੱਖ ਦਾਅ ਤੇ ਲਾ ਕੇ ਤਿਆਰ ਕੀਤੀਆਂ ਜਾ ਰਹੀਆਂ ਹਨ।
ਕਿਸਾਨਾਂ ਦੀਆਂ ਜਮੀਨਾਂ ਕੌਡੀਆਂ ਦੇ ਭਾਅ ਖਰੀਦੀਆਂ ਜਾ ਰਹੀਆਂ ਹਨ। ਸਰਕਾਰ ਨੇ ਜ਼ਮੀਨਾਂ ਦੇ ਕੁਲੈਕਟਰ ਰੇਟ ਪਿਛਲੇ ਕੁਝ ਸਮੇਂ ਦੌਰਾਨ ਜਾਣਬੁੱਝ ਕੇ ਹੇਠਾਂ ਸੁੱਟੇ ਹਨ ਜਿਸ ਨਾਲ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਪੰਜਾਬ ਅੰਦਰ ਇਸ ਪ੍ਰੋਜੈਕਟ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਬੋਲਦਿਆਂ ਚੈਅਰਮੈਨ ਹਰਮਨਪ੍ਰੀਤ ਸਿੰਘ ਡਿੱਕੀ ਨੇ ਕਿਹਾ ਕਿ ਐਕਸਪ੍ਰੈਸ ਵੇਅ ਨਾਲ ਪੰਜਾਬ ਦੇ ਕਿਸਾਨਾਂ ਦੀ 16000 ਏਕੜ ਜ਼ਮੀਨ ਬਰਬਾਦ ਹੋ ਰਹੀ ਹੈ,ਇਹ ਸੜਕ 15 ਫੁੱਟ ਉੱਚੀ ਹੋਣ ਕਰਕੇ ਪਾਣੀ ਦੀ ਨਿਕਾਸੀ ਲਈ ਵੀ ਮੁਸੀਬਤ ਬਣੇਗੀ। ਉਨ੍ਹਾਂ ਨੇ ਕਿਹਾ ਕਿ ਐਕਸਪ੍ਰੈਸ ਵੇਅ ਨੂੰ ਲ਼ੈ ਕੇ ਸਮੁੱਚੇ ਪੰਜਾਬ ਦੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।
ਸੰਘਰਸ਼ ਕਮੇਟੀ ਕਪੂਰਥਲਾ ਜ਼ਿਲ੍ਹੇ ਦੇ ਪ੍ਰਧਾਨ ਪ੍ਰਭਦਿਆਲ ਸਿੰਘ ਸੈਦਪੁਰ ਨੇ ਸੂਬਾਈ ਕਮੇਟੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹਾ ਕਪੂਰਥਲਾ ਦੇ ਕਿਸਾਨ ਉਨ੍ਹਾਂ ਨਾਲ ਚਟਾਨ ਵਾਂਗ ਖੜੇ ਹਨ।ਇਸ ਮੌਕੇ ਬੀਬੀ ਜਸਵਿੰਦਰ ਕੌਰ ਟਿੱਬਾ, ਪ੍ਰਿੰਸੀਪਲ ਬਲਬੀਰ ਸਿੰਘ ਸੈਦਪੁਰ, ਪ੍ਰਿੰਸੀਪਲ ਗੁਰਦੀਪ ਸਿੰਘ, ਜਥੇਦਾਰ ਬਖਸ਼ੀਸ਼ ਸਿੰਘ ਤਲਵੰਡੀ ਚੌਧਰੀਆਂ, ਜਗਤਾਰ ਸਿੰਘ ਦਬੂਲੀਆਂ, ਹਰਪਾਲ ਸਿੰਘ ਨਾਨੋਮੱਲੀਆਂ, ਜਸਵਿੰਦਰ ਸਿੰਘ ਟਿੱਬਾ ਨੇ ਵੀ ਸੰਬੋਧਨ ਕੀਤਾ।
ਮੀਟਿੰਗ ਦੌਰਾਨ ਸਰਪੰਚ ਲਖਵਿੰਦਰ ਸਿੰਘ ਸੈਦਪੁਰ ਪੁਰ,ਮੁਖਤਾਰ ਸਿੰਘ ਭਗਤਪੁਰ, ਜਥੇਦਾਰ ਗੁਰਜੰਟ ਸਿੰਘ ਸੰਧੂ, ਸੁਰਿੰਦਰਜੀਤ ਸਿੰਘ ,ਅਮਰੀਕ ਸਿੰਘ ਭਾਰਜ, ਸ਼ਿੰਗਾਰਾ ਸਿੰਘ ਟਿੱਬਾ, ਪਰਮਜੀਤ ਸਿੰਘ ਰੰਗੀਲਪੁਰ, ਨੰਬਰਦਾਰ ਮਲਕੀਤ ਸਿੰਘ ਮੈਰੀਪੁਰ, ਬਲਦੇਵ ਸਿੰਘ ਗਾਂਧਾ ਸਿੰਘ ਵਾਲਾ, ਕਮਲਜੀਤ ਸਿੰਘ ਮੈਰੀਪੁਰ, ਚਰਨਜੀਤ ਸਿੰਘ,ਬਿੱਕਾ ਭਲਵਾਨ, ਤੇਜਿੰਦਰਪਾਲ ਮੱਟਾ, ਜਗਦੀਸ਼ ਸਿੰਘ ਪਾਜੀਆਂ, ਤਰਸੇਮ ਸਿੰਘ ਰਣਧੀਰ ਪੁਰ, ਹਜ਼ੂਰ ਸਿੰਘ ਕਾਲਰੂ, ਸੰਤੋਖ ਸਿੰਘ ਤਲਵੰਡੀ ਚੌਧਰੀਆਂ, ਬਿੱਟੂ ਕਾਲੇਵਾਲ ਆਦਿ ਹਾਜ਼ਰ ਸਨ।