ਕਾਠਮੰਡੂ (ਸਮਾਜ ਵੀਕਲੀ) : ਨੇਪਾਲ ਦੇ ਵਿਵਾਦਾਂ ’ਚ ਘਿਰੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੀ ਅਗਵਾਈ ਹੇਠਲੀ ਸਰਕਾਰ ਨੇ ਸੰਸਦ ਦੇ ਉਪਰਲੇ ਸਦਨ ਦਾ ਸਰਦ ਰੁੱਤ ਇਜਲਾਸ ਪਹਿਲੀ ਜਨਵਰੀ ਨੂੰ ਸੱਦਣ ਲਈ ਰਾਸ਼ਟਰਪਤੀ ਨੂੰ ਸਿਫ਼ਾਰਿਸ਼ ਭੇਜੀ ਹੈ। ਹੇਠਲੇ ਸਦਨ ਨੂੰ ਕਰੀਬ ਇਕ ਹਫ਼ਤਾ ਪਹਿਲਾਂ ਭੰਗ ਕਰਨ ਮਗਰੋਂ ਇਹ ਸਿਫ਼ਾਰਿਸ਼ ਕੀਤੀ ਗਈ ਹੈ। ਸਿਹਤ ਮੰਤਰੀ ਹਰਦੇਸ਼ ਤ੍ਰਿਪਾਠੀ ਨੇ ਕਾਠਮੰਡੂ ਪੋਸਟ ਨੂੰ ਦੱਸਿਆ ਕਿ ਕੈਬਨਿਟ ਦੀ ਸ਼ੁੱਕਰਵਾਰ ਸ਼ਾਮ ਹੋਈ ਮੀਟਿੰਗ ਦੌਰਾਨ ਨੈਸ਼ਨਲ ਅਸੈਂਬਲੀ ਦਾ ਸਰਦ ਰੁੱਤ ਇਜਲਾਸ ਪਹਿਲੀ ਜਨਵਰੀ ਨੂੰ ਸੱਦਣ ਲਈ ਰਾਸ਼ਟਰਪਤੀ ਨੂੰ ਸਿਫ਼ਾਰਿਸ਼ ਭੇਜਣ ਦਾ ਫ਼ੈਸਲਾ ਲਿਆ ਗਿਆ।
ਪ੍ਰਧਾਨ ਮੰਤਰੀ ਓਲੀ ਵੱਲੋਂ ਕੈਬਨਿਟ ’ਚ ਫੇਰਬਦਲ ਮਗਰੋਂ ਇਹ ਬੈਠਕ ਹੋਈ ਸੀ ਜਿਸ ’ਚ ਤ੍ਰਿਪਾਠੀ ਨੂੰ ਨਵਾਂ ਸਿਹਤ ਮੰਤਰੀ ਬਣਾਉਣ ਦੇ ਨਾਲ ਨਾਲ ਪੰਜ ਸਾਬਕਾ ਮਾਓਵਾਦੀ ਆਗੂਆਂ ਨੂੰ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਪੰਜ ਹੋਰ ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ। ਪ੍ਰਤੀਨਿਧ ਸਭਾ ਭੰਗ ਕੀਤੇ ਜਾਣ ਮਗਰੋਂ ਪ੍ਰਚੰਡ ਦੀ ਅਗਵਾਈ ਹੇਠਲੇ ਧੜੇ ਦੇ ਸੱਤ ਮੰਤਰੀਆਂ ਨੇ ਅਸਤੀਫ਼ੇ ਦੇ ਦਿੱਤੇ ਸਨ। ਸਦਨ ਨੂੰ ਭੰਗ ਕਰਨ ਖ਼ਿਲਾਫ਼ ਸੁਪਰੀਮ ਕੋਰਟ ’ਚ 13 ਪਟੀਸ਼ਨਾਂ ਦਾਖ਼ਲ ਹਨ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਓਲੀ ਸਰਕਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਸਦਨ ਭੰਗ ਕਰਨ ਦੇ ਫ਼ੈਸਲੇ ’ਤੇ ਲਿਖਤੀ ਸਪੱਸ਼ਟੀਕਰਨ ਮੰਗਿਆ ਹੈ।