ਵਿਸਾਖੀ ਦਿਹਾੜਾ ਮਨਾਉਣ ਲਈ ਜਥੇ ਨਾਲ ਪਾਕਿਸਤਾਨ ਜਾਣ ਵਾਲੇ ਸ਼ਰਧਾਲੂ 31 ਤੱਕ ਆਪਣੇ ਪਾਸਪੋਰਟ ਜਮਾਂ ਕਰਵਾਉਣ – ਬੀਬੀ ਰੂਹੀ

ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ/ਯਾਦਵਿੰਦਰ ਸੰਧੂ ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਲਤਾਨਪੁਰ ਲੋਧੀ  ਦੀ ਸੀਨੀਅਰ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖ਼ਾਲਸਾ ਸਾਜਣਾ ਦਿਵਸ ,ਵਿਸਾਖੀ ਦਾ ਦਿਹਾੜਾ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਲਈ ਸੰਗਤਾਂ ਪਾਸੋਂ ਪਾਸਪੋਰਟਾਂ ਤੇ ਹੋਰ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਵਿਸਾਖੀ ਮੌਕੇ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਸਾਹਿਬ  ਦੀ ਯਾਤਰਾ ਲਈ ਸ਼ਰਧਾਲੂਆਂ ਦਾ ਇਹ ਜਥਾ ਅਪ੍ਰੈਲ 2021 ਵਿਚ ਪਾਕਿਸਤਾਨ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਰੂਹੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪੀ ਏ ਸੀ ਮੈਂਬਰ ਇੰਜੀਨੀਅਰ ਸਵਰਨ ਸਿੰਘ ਨੇ ਦੱਸਿਆ ਕਿ ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਸ਼੍ਰੋਮਣੀ ਕਮੇਟੀ ਦੇੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਿਰਦੇਸ਼ਾਂ ਅਨੁਸਾਰ ਤਿਆਰੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਦਰਸ਼ਨ- ਯਾਤਰਾ ਤੇ ਜਾਣ ਵਾਲੇ ਸ਼ਰਧਾਲੂ 31 ਦਸੰਬਰ 2020 ਤੱਕ ਆਪਣੇ ਪਾਸਪੋਰਟ ਜਮ੍ਹਾਂ ਸ਼੍ਰੋਮਣੀ ਕਮੇਟੀ ਦਫਤਰ ਵਿਖੇ ਜਮਾਂ ਕਰਵਾਉਣ ।

ਉਨ੍ਹਾਂ ਦੱਸਿਆ ਕਿ ਸਿੱਖ ਸ਼ਰਧਾਲੂ ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਦੀ ਸਿਫਾਰਸ਼ ਸਮੇਤ ਆਪਣੇ ਪਾਸਪੋਰਟ ਤੇ ਪਹਿਚਾਣ ਕਾਰਡ ਤੇ ਪਾਸਪੋਰਟ ਸਾਈਜ ਫੋਟੋਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਕਤ ਤਾਰੀਕ ਅਨੁਸਾਰ ਭੇਜਣ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਲਈ ਆਪਣਾ ਪਛਾਣ ਪੱਤਰ ਅਤੇ ਰਿਹਾਇਸ਼ੀ ਪਤੇ ਦਾ ਸਬੂਤ ਦੇਣਾ ਵੀ ਜ਼ਰੂਰੀ ਹੋਵੇਗਾ ਜਿਸ ਵਿੱਚ ਪਛਾਣ ਪੱਤਰ ਅਤੇ ਰਿਹਾਇਸ਼ ਸਬੰਧੀ ਦਸਤਾਵੇਜ਼ ਵਜੋਂ ਅਧਾਰ ਕਾਰਡ ਜਾਂ ਵੋਟਰ ਕਾਰਡ ਦੀਆਂ ਫੋਟੋ ਕਾਪੀਆਂ ਵੀ ਦਿੱਤੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਸ਼ਰਧਾਲੂ ਪਾਸਪੋਰਟ ਸਾਈਜ਼ ਦੀਆਂ ਤਾਜ਼ਾ ਫੋਟੋਆਂ ਵੀ ਜ਼ਮ੍ਹਾਂ ਕਰਵਾਉਣ। ਬੀਬੀ ਗੁਰਪ੍ਰੀਤ ਕੌਰ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਮੁਕੰਮਲ ਤੇ ਦਰੁੱਸਤ ਵੇਰਵੇ ਭੇਜੇ ਜਾਣ, ਤਾਂ ਜੋ ਵੱਧ-ਵੱਧ ਤੋਂ ਵੀਜ਼ੇ ਲਗਵਾਏ ਜਾ ਸਕਣ।

Previous article“ਕਿਸਾਨ ਗਵਾਰ ਨਹੀਂ “
Next articleਤੂੰ ਪਰ ਉਪਕਾਰੀਂ ਮਹਾਨ – ਕਿਸਾਨਾਂ