(ਸਮਾਜ ਵੀਕਲੀ)
ਪਰਖ਼ ਨਾ ਸਾਡਾ ਸਬਰ,ਬੜਾ ਪਛਤਾਏਂਗੀ ਦਿੱਲੀਏ
ਲੱਗਦੈ ਤੂੰ ਇਤਿਹਾਸ ਨੂੰ ਫਿਰ ਦੁਹਰਾਏਂਗੀ ਦਿੱਲੀਏ
ਬਚ ਲੈ ਜੇ ਬਚ ਹੁੰਦਾ, ਸ਼ੇਰ ਦਹਾੜਦੇ ਫਿਰਦੇ ਨੇ
ਹੱਕ ਲੈਣ ਲਈ ਸੜਕਾਂ ਉਤੇ ਨਿੱਤਰੇ ਚਿਰ ਦੇ ਨੇ
ਗੋਡਿਆਂ ਹੇਠੋਂ ਹੱਥ ਕੰਨਾਂ ਨੂੰ ਲਾਏਂਗੀ ਦਿੱਲੀਏ
ਲੱਗਦੈ ਤੂੰ ਇਤਿਹਾਸ ਨੂੰ ਫਿਰ ਦੁਹਰਾਏਂਗੀ ਦਿੱਲੀਏ….,
ਤੇਰੀਆਂ ਲੂੰਬੜ ਚਾਲਾਂ ਤੋਂ ਹਾਂ ਵਾਕਿਫ਼ ਸਾਰੇ ਨੀ
ਅਜੇ ਵੀ ਵੇਲੈ, ਸਮਝ ਲੈ ਤੂੰ ਕੇਂਦਰ ਸਰਕਾਰੇ ਨੀ
ਵਕ਼ਤ ਵਿਹਾ ਕੇ ਤੂੰ ਡਾਹਡੀ ਪਛਤਾਏਂਗੀ ਦਿੱਲੀਏ
ਲਗਦੈ ਤੂੰ ਇਤਿਹਾਸ ਨੂੰ ਫਿਰ ਦੁਹਰਾਏਂਗੀ ਦਿੱਲੀਏ..…,
ਢਿੱਡ ਭਰਦੇ ਨੇ ਕੁੱਲ ਦੁਨੀਆਂ ਦਾ ਇਹ ਅੰਨਦਾਤੇ ਜੋ
ਕੱਕਰਾਂ-ਕੋਰਿਆਂ ਦੇ ਵਿੱਚ ਧਰਨਿਆਂ ਵਿੱਚ ਬਿਠਾ ਤੇ ਜੋ
ਵੇਖਾਂਗੇ ਕਿੰਝ ਜਬਰੀਂ ਈਨ ਮਨਾਏਂਗੀ ਦਿੱਲੀਏ
ਲਗਦੈ ਤੂੰ ਇਤਿਹਾਸ ਨੂੰ ਫਿਰ ਦੁਹਰਾਏਂਗੀ ਦਿੱਲੀਏ….,
ਬੇਸ਼ੱਕ ਜਿੰਮੀਂਦਾਰ ਨਹੀਂ, ਪਰ ਪੁੱਤ ਹਾਂ ਕਿਰਤੀ ਦਾ
ਪਾਣ ਚੜ੍ਹੀ ਅਣਖੀਲੀ,ਨਿਮਰ ਹਾਂ ਸਾਧੂ ਬਿਰਤੀ ਦਾ
ਮੰਨ “ਇਕਬਾਲ” ਦਾ ਕਹਿਣਾਂ, ਤੂੰ ਸੁੱਖ ਪਾਏਂਗੀ ਦਿੱਲੀਏ
ਲਗਦੈ ਤੂੰ ਇਤਿਹਾਸ ਨੂੰ ਫਿਰ ਦੁਹਰਾਏਂਗੀ ਦਿੱਲੀਏ….,
ਕੰਵਰ ਇਕਬਾਲ ਸਿੰਘ
ਸਿਰਨਾਵਾਂ:-ਬਰਾਈਡਲ ਗੈਲਰੀ,
ਅੰਮ੍ਰਿਤ ਬਾਜ਼ਾਰ ਕਪੂਰਥਲਾ
ਸੰਪਰਕ :- 98149-73578