ਚੰਡੀਗੜ੍ਹ (ਸਮਾਜ ਵੀਕਲੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਰਵਿੰਦ ਕੇਜਰੀਵਾਲ ਨੂੰ ਬੁਜ਼ਦਿਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਮਾਣਹਾਨੀ ਕੇਸ ਵਿਚ ਘਿਰ ਜਾਣ ਮਗਰੋਂ ਡਰ ਗਿਆ ਅਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗ ਲਈ, ਜਿਸ ਕਰਕੇ ਹੁਣ ਆਪਣੀ ਸਾਖ਼ ਬਚਾਉਣ ਲਈ ਹੱਥ-ਪੈਰ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕਿਸਾਨੀ ਹਿੱਤਾਂ ਦੀ ਰਾਖੀ ਕਰਨ ਵਿਚ ਫੇਲ੍ਹ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਪੰਜਾਬੀ ਜਾਣਦਾ ਹੈ ਕਿ ਉਹ (ਕੈਪਟਨ) ਈਡੀ ਦੇ ਝੂਠੇ ਕੇਸਾਂ ਤੋਂ ਡਰਨ ਵਾਲੇ ਨਹੀਂ ਹਨ।
ਪੰਜਾਬੀ ਇਹ ਵੀ ਜਾਣਦੇ ਹਨ ਕਿ ਜੇਕਰ ਕੇਜਰੀਵਾਲ ਦਾ ਮਨੋਰਥ ਪੂਰਾ ਹੁੰਦਾ ਹੋਵੇ ਤਾਂ ਉਹ ਆਪਣੀ ਆਤਮਾ ਵੀ ਵੇਚ ਦੇਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਤੋਂ ਲੈ ਕੇ ਸਤਲੁਜ-ਯਮੁਨਾ ਲਿੰਕ ਨਹਿਰ ਤੱਕ ਅਤੇ ਹੁਣ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਉਹ ਆਪਣੇ ਲੋਕਾਂ ਨਾਲ ਹਮੇਸ਼ਾ ਡਟ ਕੇ ਖੜ੍ਹੇ ਹਨ ਜਦਕਿ ਦੂਜੇ ਪਾਸੇ ਕੇਜਰੀਵਾਲ ਨੂੰ ਮਾਣਹਾਨੀ ਦੇ ਮਾਮੂਲੀ ਜਿਹੇ ਕੇਸ ਤੋਂ ਡਰਦਿਆਂ ਲੇਲ੍ਹੜੀਆਂ ਕੱਢਦਿਆਂ ਪੂਰੇ ਪੰਜਾਬ ਨੇ ਦੇਖਿਆ ਸੀ। ਇੱਥੇ ਹੀ ਬੱਸ ਨਹੀਂ ਮਹਾਮਾਰੀ ਦੌਰਾਨ ਵੀ ਮਦਦ ਲਈ ਪੂਰੀ ਦਿੱਲੀ ਨੇ ਉਸ ਨੂੰ ਕੇਂਦਰ ਅੱਗੇ ਤਰਲੇ ਲੈਂਦੇ ਦੇਖਿਆ ਸੀ। ਇਸ ਦੌਰਾਨ ਸੰਸਦ ਮੈਂਬਰ ਮੁਨੀਸ਼ ਤਿਵਾੜੀ, ਜਸਵੀਰ ਸਿੰਘ ਡਿੰਪਾ ਅਤੇ ਰਵਨੀਤ ਬਿੱਟੂ ਨੇ ‘ਆਪ’ ਨੂੰ ਭਾਜਪਾ ਦੀ ਬੀ ਟੀਮ ਦੱਸਿਆ।