….ਪਾਣੀ ਦਾ ਗਿਲਾਸ ਦੇਈਂ ਪੁੱਤ, ਜਲਦੀ ਦੇ ਪੁੱਤ ਸੰਘ ਸੁੱਕੀ ਜਾਦਾਂ, ਕਿੱਥੇ ਆ ਪੁੱਤ ਤੂੰ …..??? ( ਟੁੱਟੀ ਜਿਹੀ ਮੰਜੀ ਤੇ ਪਈ ਬੁਖਾਰ ਨਾਲ ਤੜਫਦੀ ਰਾਮੂ ਦੀ ਮਾਂ ਪਾਣੀ ਦੇ ਤੌੜੇ ਵੱਲ ਇਸ਼ਾਰਾ ਕਰਦੀ ਨੇ ਅਵਾਜ਼ ਮਾਰੀ ।
” ਲੈ ਮਾਂ ਪਾਣੀ , ਹੁਣੇ ਦਿੰਨ੍ਹਾਂ ” ਬਾਹਰੋਂ ਇੱਕ ਦਮ ਕਮਰੇ ‘ਚ ਆਉਂਦੇ ਰਾਮੂ ਨੇ ਮਾਂ ਨੂੰ ਪਾਣੀ ਦਾ ਗਿਲਾਸ ਭਰ, ਬੈਠੀ ਕਰਦਿਆਂ ਨੂੰ ਕਿਹਾ
ਰਾਮੂ ਆਪਣੀ ਮਾਂ ਦੀ ਇਸ ਬਿਮਾਰ ਹਾਲਤ ਕਾਰਨ ਹਰ ਵਕਤ ਘਰ ਮਾਂ ਕੋਲ ਹੀ ਰਹਿੰਦਾ ਹੈ । ਬਿਮਾਰੀ ਦੇ ਇਲਾਜ ਤੇ ਲੱਗੋ ਲੱਗ ਹੋਣ ਕਰਕੇ, ਉਸਦੀ ਤੇ ਉਸਦੇ ਘਰ ਦੀ ਹਾਲਤ ਦਿਨੋਂ-ਦਿਨ ਮਾੜੀ ਹੁੰਦੀ ਜਾਂਦੀ ਰਹੀ ।
ਚਾਹੇ ਰਾਮੂ ਵਰਗੇ ਤਿੰਨ ਭਰਾ ਸਨ । ਪਹਿਲਾਂ ਪਿਤਾ ਗੁਜ਼ਰ ਗਿਆ ਹੁਣ ਕਈ ਸਾਲਾਂ ਮਗਰੋਂ ਉਸਦੀ ਮਾਤਾ ਬਿਮਾਰ ਹੈ, ਜਿਸ ਨਾਲ ਕੱਲਾਂ ਰਾਮੂ ਰਹਿ ਰਿਹਾ ਹੈ, ਰਾਮੂ ਦੇ ਦੋਵੇਂ ਭਰਾ ਵਿਆਹ ਕਰਵਾ ਕੇ ਅੱਡ ਹੋ ਗਏ ਸੀ ।
” ਤੂੰ ਪੁੱਤ ਦੂਰ ਨਾ ਜਾਇਆ ਕਰ, ਮੈਨੂੰ ਫ਼ਿਕਰ ‘ਚ, ਜਾਕ ਜੀ ਨਹੀਂ ਆਉਂਦੀ, ਕੀ ਪਤਾ ਰੱਬ ਕਦੋਂ ਬੋਲ ਮਾਰ ਲਵੇ”
” ਮਾਂ ਤੂੰ ਇਹੋ ਜਿਹੀ ਗੱਲ ਨਾ ਕਰਿਆ ਕਰ, ਹਰ ਵੇਲ਼ੇ ਤੇਰੇ ਕੋਲ ਇੱਕੋ ਹੀ ਗੱਲ ”
” ਪੁੱਤ ਕੋਈ ਵਿਰਲਾ ਹੀ ਹੁੰਦਾ ਜੋ ਔਖੇ ਵੇਲੇ ਕੰਮ ਆਉਦਾ, ਨਹੀਂ ਤਾਂ ਦੁਨੀਆਂ ਮੌਕੇ ਹੀ ਭਾਲਦੀ ਰਹਿੰਦੀ ਐ ”
” ਮਾਂ ਤੂੰ ਨਾ ਕਿਸੇ ਦੀ ਫ਼ਿਕਰ ਕਰਿਆ ਕਰ, ਤੇਰਾ ਪੁੱਤ ਹਾਲੇ ਜਿਉਂਦਾਂ ਹੈ, ਜਿੰਨਾਂ ਚਿਰ ਮੇਰੇ ਸਾਹ ਚ ਸਾਹ ਨੇ ਉਨਾਂ ਚਿਰ ਨੀ ਤੈਨੂੰ ਮਰਨ ਦਿੰਦਾ”
” ਨਾ ਪੁੱਤ ਮਰ ਜਾਣ ਦੇ ਮੈਨੂੰ, ਕੀ ਕਰਾਉਣਾ ਮੈਥੋਂ ਜਿੰਦਾਂ ਮੁਰਦੇ ਤੋਂ ? ਤੈਨੂੰ ਇੱਕ ਆਨੇ ਦਾ ਸੁੱਖ ਨਾ ਦੇ ਸਕੀ……………” ਮੈਲ਼ੀ ਕੂਚੈਲੀ ਜਿਹੀ ਚੁੰਨੀ ਨਾਲ ਅੱਖਾਂ ਸਾਫ ਕਰਦੀ ਹੋਈ ਬੋਲਦੀ ਰਹੀ ।
” ਬੱਸ ਮਾਂ, ਮਾਵਾਂ ਵੀ ਕਦੇ ਪੁੱਤਾਂ ਤੇ ਭਾਰ ਹੋਈਆਂ ਨੇ”
” ਕਾਮਾ ਤੇ ਗਾਮਾ ਵੀ ਮੈਂ ਹੀ ਜੰਮੇਂ ਨੇ, ਨਾ ਉਹਨਾਂ ਨੂੰ ਤਾਂ ਦਰਦ ਆਉਂਦਾ ਨੀ ਮੇਰਾ”
” ਮਾਂ ਹੁਣ ਉਹ ਵਿਆਹੇ ਗਏ, ਕਬੀਲਦਾਰ ਹੋ ਗਏ ਉਹਨਾਂ ਦਾ ਟੱਬਰ ਐ ਹੁਣ, ਮੈਂ ਹਾਂ ਨਾ ਤੇਰੀ ਸੇਵਾ ਨੂੰ”
” ਰੱਬ ਵੀ ਤੇਰਾ ਹੀ ਵੈਰੀ ਬਣਿਆ ਫਿਰਦਾ ! ਨਾ ਮੈਨੂੰ ਚੁੱਕਦਾ ਜੋ ਤੈਨੂੰ ਸੁੱਖ ਹੀ ਮਿਲ ਜੇ ” ਸਿਰ ਤੇ ਬੰਨੇ ਕੱਪੜੇ ਨੂੰ ਠੀਕ ਕਰਦੀ ਹੋਈ ਬੋਲੀ
” ਰੱਬ ਸਭ ਨੂੰ ਵੇਖਦਾ ਮਾਂ , ਤੂੰ ਅਰਾਮ ਕਰ ਹੁਣ, ਰੱਬ ਦਾ ਸਿਮਰਨ ਕਰਿਆ ਕਰ” ਸਿਰ ਤੇ ਬੰਨੇ ਹੋਏ ਮਾਂ ਦੇ ਕੱਪੜੇ ਨੂੰ ਖੋਲ ਦੁਬਾਰਾ ਬੰਨਦਾ ਹੋਇਆ, ਪਾਟਿਆ ਜਿਹਾ ਕੰਬਲ ਦੂਹਰਾ ਕਰਦਾ ਹੋਇਆ ਮੰਜੀ ਤੇ ਬੈਠੀ ਮਾਂ ਨੂੰ ਸਾਹਰਾ ਦੇ ਮੰਜੀ ਤੇ ਲਿਟਾ ਦਿੱਤਾ ।
ਮਾਂ ਕਿੰਨ੍ਹਾਂ ਚਿਰ ਹੀ ਫ਼ਿਕਰ ਕਰਦੀ ਰਹੀ ਤੇ ਟੁੱਟੀ ਹੋਈ ਛੱਤ ਦੇ ਨਿੱਕਲੇ ਕਾਨਿਆਂ ਨਾਲ ਗੱਲਾਂ ਕਰਦੀ ਰਹੀ …
” ਰਾਮੂ, ਕਿਵੇਂ ਆ ਮਾਤਾ ਹੁਣ ?”
ਗਲੀ ‘ਚ ਜਾਂਦੇ ਡਾਕਟਰ ਸਾਹਿਬ ਨੇ ਸਾਇਕਲ ਰੋਕ ਰਾਮੂ ਨੂੰ ਅਵਾਜ਼ ਮਾਰੀ।
” ਅੱਗੇ ਨਾਲੋਂ ਤਾਂ ਠੀਕ ਹੈ ਡਾਕਟਰ ਸਾਹਿਬ ਹੁਣ ਪਰ ਸਾਰੀ ਸਾਰੀ ਰਾਤ ਸੌਂਦੀ ਨੀ ਜੀ ”
” ਕੋਈ ਨੀ ਆ ਗੋਲੀਆਂ ਦੇ ਦੇਈਂ, ਨੀਂਦ ਆ ਜਾਓ ..”
ਰਾਮੂ ਨੇ ਆਪਣੇ ਪਾਟੇ ਜਿਹੇ ਕੁੜਤੇ ਦੇ ਗੀਝੇ ‘ਚ ਜਦ ਹੱਥ ਮਾਰਿਆ ਤਾਂ ਉਹ ਵੀ ਖਾਲੀ ਨਿੱਕਲਿਆ,
” ਰਾਮੂ ਤੂੰ ਦਵਾਈ ਦੇ ਮਾਤਾ ਨੂੰ, ਫ਼ਿਕਰ ਨਾ ਕਰਿਆ ਕਰ” ਡਾਕਟਰ ਨੇ ਰਾਮੂ ਦੇ ਚਿਹਰੇ ਦੀ ਉਦਾਸੀ ਨੂੰ ਪੜ੍ਹਦਿਆਂ ਕਿਹਾ ।
” ਇੱਕ ਇਹੋ ਜਿਹੇ ਲੋਕਾਂ ਕਰਕੇ ਹੀ ਦੁਨੀਆਂ ਤੇ ਇਨਸਾਨੀਅਤ ਜਿਉਂਦੀ ਐ, ਰਾਮੂ ਆਪਣੇ ਆਪ ਨਾਲ ਗੱਲਾਂ ਕਰਨ ਲੱਗਾ।
” ਕੌਣ ਆ ਪੁੱਤ”
” ਮਾਂ ਡਾਕਟਰ ਸਾਹਿਬ ਨੇ”
ਅੰਦਰ ਜਾ ਕੇ ਮਾਂ ਨੂੰ ਨੀਂਦ ਵਾਲੀ ਗੋਲੀ ਦੇ ਦਿੰਦਾ ਹੈ।
ਮਾਂ ਕੁੱਝ ਸਮੇਂ ਬਾਅਦ ਸੌਂ ਜਾਂਦੀ ਹੈ ਤੇ ਉਹ ਵੀ ਕਮਰੇ ਦੇ ਬਾਹਰ ਪਈ ਮੰਜੀ ਤੇ ਕੰਬਲ ਲੈ ਸੌ ਜਾਂਦਾ ਹੈ।
ਅੱਧੀ ਰਾਤ ਨੂੰ ਮਾਂ ਦੀ ਜਾਗ ਖੁੱਲ੍ਣ ਨਾਲ ਇੱਕਦਮ ਉੱਠ ਮੰਜੀ ਤੇ ਬੈਠ ਜਾਂਦੀ ਹੈ ।
” ਰਾਮੂ ਪੁੱਤ, ਰਾਮੂ…….?”
ਰਾਮੂ ਨੇ ਅਵਾਜ਼ ਸੁਣੀ ਤੇ ਭੱਜ ਕਿ ਅੰਦਰ ਗਿਆ।
” ਕੀ ਗੱਲ ਹੋ ਗਈ ਮਾਂ ? ”
” ਕੁੱਝ ਨੀ ਪੁੱਤ, ਇੱਕ ਮਾੜਾ ਸੁਪਨਾ ਵੇਖਿਆ, ਪੁੱਛ ਨਾ ”
” ਚੱਲ ਮਾਂ ਛੱਡ, ਐਵੇਂ ਨਾ ਬਾਅਲਾ ਸੋਚਿਆ ਕਰ, ਲੈ ਪਾਣੀ ਪੀ ਲੈ ”
” ਮੈਂ ਕਿੱਥੇ ਸੋਚਦੀ ਹਾਂ ਆਪਣੇ ਆਪ ਸੋਚੀਂ ਪੈ ਜਾਦਾਂ ਮਨ ਉੱਧਰ ਨੂੰ ”
” ਮਾਂ, ਬਾਪੂ ਬਾਰੇ ਦੱਸ ਕੁੱਝ ?”
ਰਾਮੂ ਛੋਟਾ ਹੀ ਸੀ ਜਦ ਉਸ ਦਾ ਪਿਤਾ ਗੁਜ਼ਰ ਗਿਆ ਸੀ, ਮਾਂ ਦਾ ਮਨ ਹੌਲਾਂ ਕਰਨ ਲਈ ਮਾਂ ਨਾਲ ਗੱਲਾਂ ਕਰਨ ਲੱਗਾ।
” ਪੁੱਤ ਤੇਰਾ ਪਿਉ ਜ਼ਮੀਨਾਂ ਵਾਲੇ ਸੀ, ਬੱਸ ਸੰਗਤ ਮਾੜੀ ਹੋਈ ਤੇ ਸਾਰੀ ਪੈਲੀ ਨਸ਼ਿਆਂ ‘ਚ ਡੋਬ ਸੁੱਟੀ , ਰੋਲਤਾ ਸਾਰਾ ਟੱਬਰ , ਆਪ ਤਾਂ ਤੁਰ ਗਿਆ”
” ਮਾਂ ਜੋ ਕਰਮਾਂ ‘ਚ ਹੁੰਦਾ ਮਿਲ ਜਾਂਦਾ , ਕੋਈ ਕਿਸੇ ਨੂੰ ਕੁੱਝ ਨੀ ਦੇ ਸਕਦਾ” ।
ਪਿੰਡ ਵਿੱਚ ਦੀ ਜੀ.ਟੀ. ਰੋਡ ਲੰਘਣ ਕਰਕੇ ਪਿੰਡ ਦੀ ਅੱਧੀ ਜ਼ਮੀਨ ਸੜਕ ਵਿੱਚ ਆ ਗੲੀ।
” ਰਾਮੂ ਪੁੱਤ, ਘਰ ਹੀ ਐ….?”
” ਹਾਂ ਤਾਇਆ ਘਰੇ ਹੀ ਹਾਂ, ”
” ਕੌਣ ਆ..? ਰਾਮੂ ਪੁੱਤ ”
” ਮਾਂ , ਸਰਪੰਚ ਤਾਇਆ ਆਇਆ ”
” ਕਿਵੇਂ ਆ ਭੱਪੀ ਭਾਈ ”
” ਕੱਟੀ ਜਾਦੇਂ ਆ ਦਿਨ, ਅੱਜ ਕੀੜੀ ਘਰ ਨਰਾਇਣ ਕਿਵੇਂ ….?”
ਸਰਪੰਚ ਵੀ ਸੋਚੀਂ ਪੈ ਗਿਆ ਤੇ ਬੋਲਿਆ ” ਮੈਂ ਤਾਂ ਤੁਹਾਨੂੰ ਦੱਸਣ ਆਇਆਂ ਹਾਂ ਕਿ ਤੁਹਾਡੇ ਪੁਰਖਿਆਂ ਦੀ ਜ਼ਮੀਨ ਜੋ ਰਾਮੂ ਦੇ ਪਿਉ ਨੇ ਗੱਡੇ ਪਿੱਛੇ ਗਹਿਣੇ ਕਰ ਦਿੱਤੀ ਸੀ ਜੋ ਤੇਜੇ ਹੋਰੀਂ ਵਾਹ ਰਹੇ ਨੇ,ਉਹ ਜੀ ਟੀ ਰੋਡ ਤੇ ਆ ਗਈ”
” ਫੇਰ ਸਰਪੰਚਾ ਅਸੀਂ ਕੀ ਕਰਨਾ ”
” ਕਰਨਾ ਤਾਂ ਕੁੱਝ ਨੀ ਸਰਕਾਰ ਨੇ ਜੋ ਪੈਸੇ ਮਿਲਣੇ ਹਨ ਅੱਧੇ ਤੁਸੀਂ ਲੈ ਲਵੋ ਤੇ ਅੱਧੇ ਉਹਨਾਂ ਨੂੰ ਦੇ ਦੇਵੋ ”
” ਜਿਵੇਂ ਤਹਾਨੂੰ ਠੀਕ ਲੱਗੇ ਕਰ ਦੇਵੋ ”
ਕੁੱਝ ਸਮੇਂ ਬਾਅਦ ਰਾਮੂ ਤੇ ਰਾਮੂ ਦੀ ਮਾਂ ਅਮੀਰ ਹੋ ਗਏ।
ਹੁਣ ਰਾਮੂ ਦੇ ਦੋਵੇਂ ਭਰਾ ਵੀ ਆਪਣੀ ਮਾਂ ਦੇ ਨਾਲ ਆ ਰਹਿਣ ਲੱਗੇ, ਜੋ ਪਹਿਲਾਂ ਮਾਂ ਨੂੰ ਮੁਰਦਾ ਦੱਸਦੇ ਸਨ ਹੁਣ ਉਹੀ ਹੀ ਦਿਨ ਰਾਤ ਮਾਂ ਦੀ ਸੇਵਾ ਕਰਦੇ ਹਨ, ਰਾਮੂ ਨੂੰ ਵੀ ਹੁਣ ਇਹ ਲੱਗਣ ਲੱਗਾ ਕਿ ਜੋ ਗਰੀਬੀ ਨੇ ਸਾਡਾ ਟੱਬਰ ਮੁਰਦਾ ਬਣਾ ਦਿੱਤਾ ਸੀ ਹੁਣ ਉਹ ਮੁੜ ਜਿਉਂਦਾ ਹੋ ਗਿਆ।
ਅਸਿ. ਪ੍ਰੋ. ਗੁਰਮੀਤ ਸਿੰਘ
94175-45100