ਮੋਗਾ (ਸਮਾਜ ਵੀਕਲੀ): ਇਥੇ ਥਾਣਾ ਧਰਮਕੋਟ ਅਧੀਨ ਪਿੰਡ ਜਲਾਲਾਬਾਦ ਪੂਰਬੀ ਵਿਖੇ ਲੰਘੀ ਰਾਤ ਕਰੀਬ 12 ਵਜੇ ਕਰਫ਼ਿਊ ਦੌੌਰਾਨ ਫ਼ੌਜ ਵਰਦੀ ’ਚ ਖੜੇ 4 ਨੌਜਵਾਨਾਂ ਨੇ ਵਧੀਕ ਐੱਸਐੱਚਓ ਤੇ ਹੋਮਗਾਰਡ ’ਤੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਤੇ ਹਮਲਾਵਰ ਥਾਣੇਦਾਰ ਦੀ ਏਕੇ 47 ਰਾਈਫਲ ਖੋਹ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਦੀ ਪਛਾਣ ਹੋਣ ਮਗਰੋਂ ਪੁਲੀਸ ਨੇ ਉਨ੍ਹਾਂ ਦੇ ਘਰਾਂ ਉੱਤੇ ਛਾਪੇ ਸ਼ੁਰੂ ਕਰ ਦਿੱਤੇ ਹਨ। ਮੋਗਾ ਜਿਲ੍ਹੇ ’ਚ 3 ਮਹੀਨੇ ਵਿੱਚ ਇਹ ਪੁਲੀਸ ਉੱਤੇ ਰਾਤ ਵੇਲੇ ਅਜਿਹੀ ਸ਼ਿਕਾਇਤ ਦੀ ਜਾਂਚ ਦੌਰਾਨ ਇਹ ਦੂਜਾ ਵੱਡਾ ਹਮਲਾ ਹੈ। ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਦੱਸਿਆ ਕਿ ਹਮਲਾਵਾਰਾਂ ਦੀ ਪਛਾਣ ਇੰਦਰਜੀਤ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸਾ ਸਾਰੇ ਪਿੰਡ ਜਲਾਲਾਬਾਦ ਪੂਰਬੀ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਜਾਨਲੇਵਾ ਹਮਲਾ ਤੇ ਹੋਰ ਫ਼ੌਜਦਾਰੀ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਗੰਭੀਰ ਜ਼ਖ਼ਮੀ ਥਾਣੇਦਾਰ ਮੇਜਰ ਸਿੰਘ ਅਤੇ ਹੋਮਗਾਰਡ ਸੁਖਵਿੰਦਰ ਸਿੰਘ ਸਿਵਲ ਹਸਪਤਾਲ ਮੋਗਾ ਵਿੱਚ ਜੇਰੇ ਇਲਾਜ ਹਨ। ਪੁਲੀਸ ਮੁਤਾਬਕ ਥਾਣੇਦਾਰ ਤੇ ਹੋਮ ਗਾਰਡ ਰਾਤ ਕਰੀਬ 12 ਵਜੇ ਪਿੰਡ ਜਲਾਲਾਬਾਦ ਪੂਰਬੀ ਵਿਖੇ 112 ਹੈਲਪ ਲਾਈਨ ਉੱਤੇ ਮਿਲੀ ਸ਼ਿਕਾਇਤ ਦੀ ਜਾਂਚ ਲਈ ਗਏ ਸਨ। ਇਸ ਦੌਰਾਨ ਰਸਤੇ ਵਿੱਚ ਹੀ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਮਗਰੋਂ ਰੋਹ ਵਿੱਚ ਆਈ ਪੁਲੀਸ ਜੇਸੀਬੀ ਮਸ਼ੀਨ ਨਾਲ ਗੇਟ ਤੋੜ ਕੇ ਮੁਲਜ਼ਮਾਂ ਦੇ ਘਰਾਂ ਅੰਦਰ ਦਾਖਲ ਹੋ ਗਈ। ਪੁਲੀਸ ਅਧਿਕਾਰੀ ਕੁਝ ਵੀ ਕਹਿਣ ਲਈ ਤਿਆਰ ਨਹੀਂ ਹਨ।
ਪਿੰਡ ਖੋਸਾ ਪਾਂਡੋ ਵਿਖੇ ਲੰਘੀ 9 ਜੂਨ ਨੂੰ ਦੇਰ ਰਾਤ ਵੇਲੇ ਅਜਿਹੀ ਸ਼ਿਕਾਇਤ ਕਰਨ ਦੀ ਜਾਂਚ ਕਰਨ ਗਈ ਥਾਣਾ ਸਦਰ ਪੁਲੀਸ ਉੱਤੇ ਇੱਕ ਨੌਜਵਾਨ ਨੇ ਗੋਲੀ ਚਲਾ ਦਿੱਤੀ ਸੀ ਜਿਸ ਵਿੱਚ ਇੱਕ ਹੌਲਦਾਰ ਜਗਮੋਹਣ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਤੇ ਇੱਕ ਇੰਸਪੈਕਟਰ ਤੇ ਇੱਕ ਸਿਪਾਹੀ ਜਖ਼ਮੀ ਹੋ ਗਏ ਸਨ। ਪੁਲੀਸ ਦੀ ਜਵਾਬੀ ਗੋਲੀ ਵਿੱਚ ਹਮਲਾਵਾਰ ਨੌਜਵਾਨ ਗੁਰਵਿੰਦਰ ਸਿੰਘ ਵੀ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਸੀ।