ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਬਸਪਾ (ਅੰਬੇਡਕਰ ) ਵੱਲੋਂ ਜ਼ਬਰਦਸਤ ਰੋਸ ਮਾਰਚ ਅਤੇ ਧਰਨਾ

ਫੋਟੋ ਕੈਪਸ਼ਨ : ਸੁਲਤਾਨਪੁਰ ਲੋਧੀ ਦੇ ਤਲਵੰਡੀ ਪੁਲ ਚੌਕ ਤੇ ਧਰਨਾ ਅਤੇ ਜ਼ਬਰਦਸਤ ਨਾਅਰੇਬਾਜ਼ੀ ਕਰਦੇ ਬਸਪਾ ਕਾਰਕੁਨ ।

ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ/ਯਾਦਵਿੰਦਰ ਸੰਧੂ ) : ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕਰਨ, ਪੁਲਿਸ ਪ੍ਰਸ਼ਾਸਨ ਵਲੋਂ ਗਰੀਬ ਅਤੇ ਦਲਿਤ ਲੋਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ, ਤਹਿਸੀਲਾਂ ਅਤੇ ਥਾਣਿਆਂ ਵਿਚ ਫੈਲੇ ਭ੍ਰਿਸ਼ਟਾਚਾਰ ਦੇ ਵਿਰੋਧ ਵਿਚ ਬਹੁਜਨ ਸਮਾਜ ਪਾਰਟੀ (ਅੰਬੇਡਕਰ ) ਵੱਲੋਂ ਰਾਸ਼ਟਰੀ ਪ੍ਰਧਾਨ ਦੇਵੀਦਾਸ ਨਾਹਰ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਦੇ ਤਲਵੰਡੀ ਪੁਲ ਚੌਕ ਤੇ ਵਿਸ਼ਾਲ ਧਰਨਾ ਦਿੱਤਾ ਗਿਆ ਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਪਹਿਲਾਂ ਪਿੰਡ ਡੇਰਾ ਸੈਯਦਾਂ ਤੋਂ ਸ਼ੁਰੂ ਹੋਇਆ ਰੋਸ ਮਾਰਚ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿਚ ਨਾਅਰੇਬਾਜ਼ੀ ਕਰਦਾ ਹੋਇਆ ਤਲਵੰਡੀ ਪੁਲ ਚੌਕ ਪੁੱਜਾ।

ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਦੇਵੀਦਾਸ ਨਾਹਰ ਨੇ ਸਰਕਾਰ ਤੇ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਦਲਿਤਾਂ ਨਾਲ਼ ਕੀਤੇ ਵਾਅਦੇ ਪੂਰੇ ਨਹੀਂ ਕੀਤੇ।ਭਲਾਈ ਸਕੀਮਾਂ   ਦਾ ਦਲਿਤਾਂ ਤੇ ਗਰੀਬ ਲੋਕਾਂ ਨੂੰ ਲਾਭ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਦਬਾਅ ਹੇਠ ਪੁਲਿਸ ਪ੍ਰਸ਼ਾਸਨ ਵਲੋਂ ਗਰੀਬ ਅਤੇ ਦਲਿਤ ਲੋਕਾਂ ਨਾਲ ਧੱਕੇਸ਼ਾਹੀ ਅਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀਆਂ ਸ਼ਿਕਾਇਤਾਂ ਉਪਰ ਕੋਈ ਕਾਰਵਾਈ ਨਹੀਂ ਹੁੰਦੀ ਸਗੋਂ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਦੁਕਾਨਾਂ ਉਪਰ ਧੱਕੇ ਨਾਲ ਕਬਜ਼ੇ ਕਰਵਾਏ ਜਾ ਰਹੇ ਹਨ। ਤਹਿਸੀਲਾਂ ਥਾਣਿਆਂ ਵਿਚ ਆਮ ਬੰਦੇ ਦੀ ਸੁਣਵਾਈ ਨਹੀਂ ਹੋ ਰਹੀ।

ਇਸ ਮੌਕੇ ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਇਨਸਾਫ ਨਾ ਦਿੱਤਾ ਗਿਆ ਤਾਂ ਸੰਘਰਸ਼ ਵੱਡੇ ਪੱਧਰ ਤੇ ਹੋਵੇਗਾ। ਧਰਨੇ ਨੂੰ ਸੀਨੀਅਰ ਆਗੂ ਬਲਵੰਤ ਸਿੰਘ ਸੁਲਤਾਨਪੁਰੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਤਰਸੇਮ ਸਿੰਘ ਨਸੀਰੇਵਾਲ, ਪ੍ਰਕਾਸ਼ ਸਿੰਘ ਜੱਬੋਵਾਲ,ਕੇਵਲ ਸਿੰਘ ਘਾਰੂ, ਤਰਸੇਮ ਸਿੰਘ ਮਸੀਤਾਂ, ਬਲਜਿੰਦਰ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਦਰਸ਼ਨ ਸਿੰਘ,ਮੋਹਨ ਸਿੰਘ ਕੁਲਦੀਪ ਕੌਰ, ਨਿੰਦਰ ਕੌਰ, ਗੁਰਮੀਤ ਕੌਰ ਅਤੇ ਹੋਰ‌ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Previous articleDeve Gowda bats for free Covid vaccine to the poor
Next articleਕਿਸਾਨਾਂ ਵੱਲੋਂ ਅੱਠ ਨੂੰ ਭਾਰਤ ਬੰਦ ਦਾ ਸੱਦਾ