(ਸਮਾਜ ਵੀਕਲੀ)
“ਮੈਂ ਧਰਤੀ ਹਾਂ ਪੰਜਾਬ ਦੀ,ਮੇਰੇ ਵਗਦੇ ਪੰਜ ਦਰਿਆ,
ਬਾਬੇ ਨਾਨਕ,ਭਗਤ-ਸਰਾਭੇ,ਨੇ ਪੁੱਤ ਪੈਦਾ ਕੀਤੇ ਹਰ ਵਾਰ;
ਜਾਬਰਾਂ ਨੇਂ ਮੈਨੂੰ ਲੁੱਟ-ਲੁੱਟ ਖਾਧਾ,ਜਿਉਂ ਗਿਰਝਾਂ ਜਾਵਣ ਖਾ,
ਊਧਮ, ਸਰਾਭੇ,ਭਗਤ ਜਹੇ,ਪੁੱਤ ਦਿੱਤੇ ਸੂਲ਼ੀ ਚੜਾ…;
ਸੰਨ ’47 ਟੁੱਕਿਆ ਸੀ, ਕਿਸੇ ਦਿਲ ਮੇਰੇ ਦਾ ਮਾਸ,
ਲੱਥ ਗਈਆਂ ਪੱਗਾਂ,ਸੜ ਗਈਆਂ ਚੁੰਨੀਆਂ,
ਜਦੋਂ ਉੱਜੜੇ ਮੇਰੇ ਸੁਹਾਗ਼,
ਕਰ ਕਤਲ ਮੇਰੇ ਅਰਮਾਨਾਂ ਦਾ,
ਕੋਈ ਲਹੂ ਨਾਲ ਰੰਗ ਗਿਆ ਪੰਜੇ ‘ਆਬ;
ਕਰਕੇ ਮੁੱਲ ਮੇਰੇ ਹਾਸਿਆਂ ਦਾ,ਆਇਆ ਹਿੱਸੇ ਮੇਰੇ ਵੈਰਾਗ…;
ਦੋ ਟੋਟੇ ਮੇਰੀ ਲਾਸ਼ ਦੇ,’ਅੰਮ੍ਰਿਤਸਰ’ ਤੇ ‘ਲਾਹੌਰ’ ਨੇ ਵੱਸਦੇ,
ਡੁੱਲ੍ਹਿਆ ਲਹੂ ਮੇਰੇ ਪੁੱਤਰਾਂ ਦਾ,ਮੇਰੇ ਬੁੱਲ੍ਹ ਫਿਰ ਕਿੰਝ ਹੱਸਦੇ,
ਬੁੱਲ੍ਹੇ-ਵਾਰਿਸ ਜਹੇ ਨੇ ਮੇਰੇ ਆਸ਼ਿਕ ਹੋਏ,
ਦਿਲ ਵਿੱਚ ‘ਸ਼ਿਵ’ ਨੇ ਸੀ,ਪੂਰੇ ਜਹਾਨ ਦੇ ਗ਼ਮ ਲੁਕੋਏ,
ਅੰਤ ਚਿਰਾਂ ਮਗਰੋਂ ਮੇਰੇ ਸੀ ਫਿਰ ਵਾਸਾ ਹੋਇਆ,
ਖੁੱਲ੍ਹ ਕੇ ਹੱਸੀ,ਖੁੱਲ੍ਹ ਕੇ ਰੋਈ,
ਆਪਣਾ ਕੋਈ ਆਣ ਮੇਰੇ ਫ਼ਿਰ ਬੂਹੇ ਖਲੋਇਆ,
ਉੱਡੇ ਹੋਸ਼ ਤੇ ਲੁੱਟ ਲਏ ਫਿਰ ਹਾਸੇ ਮੇਰੇ,
ਨੀਰ ਨੈਣਾਂ ‘ਚ ਜੰਮਿਆ,ਉਹ ਫਿਰ ਤੋਂ ਚੋਇਆ;
ਇੰਝ ਜਾਪੇ ਮੇਰਾ ਆਪਣਾ ਕੋਈ ਫਿਰ ਤੋਂ ਮੋਇਆ,
ਨਾਂ ਪਤਾ ਸੀ ਕਿ ਮੇਰੇ ਆਪਣਿਆਂ ਹੀ ਮੇਰਾ ਹਾਸਾ ਖੋਇਆ…;
ਬਣਕੇ ਫਨੀਅਰ ਨਾਗ ਜਹੇ ਡੰਗ ਸੀਨੇ ਮਾਰੇ,
ਕਾਫ਼ਿਰਾਂ ਵਾਂਗਰ ਲੁੱਟਦੇ ਨੇ ਹੁਣ ਲੀਡਰ ਸਾਰੇ,
ਕਦੇ ਕਦੇ ਤਾਂ ਲੱਗਦਾ,ਭਗਤ,ਸਰਾਭੇ ਦੇਸ਼ ਤੋਂ ਮੈਂ ਐਵੇਂ ਹੀ ਵਾਰੇ,
ਸ਼ਾਹ ਹੁਸੈਨ,ਕਾਦਰ ਜਿਹਾ ਕੋਈ ਮੇਰੀ ਨਜ਼ਰ ਲਵੇ ਉਤਾਰ,
ਮੈਲ਼ੇ ਮੇਰੇ ਪੋਟਿਆਂ ਨੂੰ ‘ਧਾਲੀਵਾਲ’ ਕੋਈ ਫਿਰ ਤੋਂ ਦੇਵੇ ਨਿਖ਼ਾਰ,
ਕਦੇ ’47 ਕਦੇ ’84 ਦੇ ਜ਼ਖ਼ਮ ਕਈਆਂ ਨੇਂ,ਮੇਰੇ ਸੀਨੇ ਦਿੱਤੇ ਉਤਾਰ,
ਮੈਂ ਧਰਤੀ ਦੇਸ਼ ਪੰਜਾਬ ਦੀ,ਮੇਰੇ ਵਗਦੇ ਪੰਜ ਦਰਿਆ,
ਜਾਬਰ ਲੀਡਰਾਂ ਲੁੱਟ ਕੇ ਖਾਧਾ,
ਜਿਉਂ ਗਿਰਝਾਂ ਜਾਵਣ ਖਾ….!!”
ਹਰਕਮਲ ਧਾਲੀਵਾਲ
ਸੰਪਰਕ:- 8437403720