ਮੁੱਖ ਮੰਤਰੀ ਵਲੋਂ ਸੁਲਤਾਨਪੁਰ ਲੋਧੀ ਵਿਖੇ 40.75 ਕਰੋੜ ਰੁਪੈ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ

ਕਪੂਰਥਲਾ/ ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਕੌੜਾ ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਵਿਕਾਸ ਨੂੰ ਹੋਰ ਹੁਲਾਰਾ ਦਿੰਦਿਆਂ40.75 ਕਰੋੜ ਰੁਪੈ ਦੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖੇ ਗਏ।

 

ਪੰਜਾਬ ਸਰਕਾਰ ਵਲੋਂ ਗੁਰਪੁਰਬ ਨੂੰ ਸਮਰਪਿਤ ਕਰਵਾਏ ਸਮਾਗਮਾਂ ਦੌਰਾਨ ਸ਼ਿਰਕਤ ਕਰਨ ਪਿੱਛੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ  ਮੁੱਖ ਮੰਤਰੀ ਵਲੋਂ ਕਿਲਾ ਸਰਾਏ ਦੇ ਨਵੀਨੀਕਰਨ ਤੇ ਰੱਖ ਰਖਾਅ ਦਾ ਪ੍ਰਾਜੈਕਟ 6.5 ਕਰੋੜ ਨਾਲ, ਸਰਕਾਰੀ ਸਕੂਲ ਵਿਖੇ ਗਰਿੱਡ ਟਾਇਡ ਰੂਫ ਟਾਪ ਸੋਲਰ ਪਾਵਰ ਪਲਾਂਟ 1.25 ਕਰੋੜ ਨਾਲ, ਸਮਾਰਟ ਸਕੂਲ 9.5 ਕਰੋੜ ਨਾਲ, ਸੀਵਰੇਜ਼ ਟ੍ਰੀਟਮੈਂਟ ਪਲਾਂਟ 20 ਕਰੋੜ ਨਾਲ, ਨਵਾਂ ਮਿੰਨੀ ਸਕੱਤਰੇਤ 3 ਕਰੋੜ ਰੁਪੈ ਨਾਲ ਤੇ ਸਮਾਰਟ ਆਂਗਣਵਾੜੀ ਸੈਂਟਰ 45 ਲੱਖ ਰੁਪੈ ਦੀ ਲਾਗਤ ਨਾਲ ਉਸਾਰਿਆ ਜਾਣਾ ਸ਼ਾਮਿਲ ਹੈ।

ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ ਦੇ ਵਿਕਾਸ ਬਾਰੇ ਬੋਲਦਿਆਂ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਸਮਰਪਿਤ ਕੀਤੇ ਪ੍ਰਾਜੈਕਟਾਂ ਵਿਚ ਪਵਿੱਤਰ ਕਾਲੀ ਵੇਈਂ ਦਾ ਸੁੰਦਰੀਕਰਨ 10.8 ਕਰੋੜ ਰੁਪੈ ਨਾਲ ਕੀਤਾ ਗਿਆ ਜਦਕਿ ਗੁਰੂ ਨਾਨਕ ਦੇਵ ਜੀ ਸੈਂਟਰ ਫਾਰ ਇਨਵੈਨਸ਼ਨ,ਇਨੋਵੇਸ਼ਨ, ਇਨਕੁਬੇਸ਼ਨ ਐਂਡ ਟ੍ਰੇਨਿੰਗ ਵੀ 319 ਕਰੋੜ ਰੁਪੈ ਦੀ ਲਾਗਤ ਨਾਲ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬੇਬੇ ਨਾਨਕੀ ਕਾਲਜ ਫਾਰ ਗਰਲਜ਼ ਦੀ ਸਥਾਪਨਾ ਵੀ ਕੀਤੀ ਗਈ ਤਾਂ ਜੋ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨਾਂ ਸੜਕਾਂ ਦੇ ਮਜ਼ਬੂਤੀਕਰਨ ਤੇ ਨਵੀਨੀਕਰਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਉੱਪਰ 30 ਕਰੋੜ ਰੁਪੈ ਖਰਚ ਕੀਤੇ ਗਏ ਸਨ। ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਸਟੇਸ਼ਨ ਸੁਲਤਾਨਪੁਰ ਲੋਧੀ ਦਾ ਵੀ ਨਵੀਨੀਕਰਨ ਕੀਤਾ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਇਤਿਹਾਸਕ ਸ਼ਹਿਰ ਦੇ ਚੰਗੇ ਸੜਕੀ ਸੰਪਰਕ ਲਈ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਆਉਂਦੀਆਂ ਸੜਕਾਂ ਉੱਪਰ 3 ਹਾਈ ਲੈਵਲ ਪੁਲ ਵੀ ਉਸਾਰੇ ਗਏ ਹਨ, ਜਿਨਾਂ ਉੱਪਰ 9.30 ਕਰੋੜ ਰੁਪੈ ਖਰਚੇ ਗਏ ਹਨ। ਇਸੇ ਤਰਾਂ ਸਥਾਨਕ ਬੱਸ ਸਟੈਂਡ ਦੀ ਉਸਾਰੀ ਦੇ ਨਾਲ-ਨਾਲ 11 ਕਰੋੜ ਰੁਪੈ ਨਾਲ ਇਕ ਜਮੀਨਦੋਜ਼ 66 ਕੇ ਵੀ ਸਬ ਸਟੇਸ਼ਨ ਵੀ ਉਸਾਰਿਆ ਗਿਆ ਹੈ।

ਇਸ ਮੌਕੇ ਮੁੱਖ ਮੰਤਰੀ ਨਾਲ ਸੰਸਦ ਮੈਂਬਰ ਪ੍ਰਨੀਤ ਕੌਰ, ਜਸਬੀਰ ਸਿੰਘ ਡਿੰਪਾ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਥਾਨਕ ਵਿਧਾਇਕ ਨਵਤੇਜ ਸਿੰਘ ਚੀਮਾ,  ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ. ਗੁਰਕਿਰਤ ਕਿਰਪਾਲ ਸਿੰਘ, ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਰਾਜ ਕਮਲ ਚੌਧਰੀ, ਡਾਇਰੈਕਟਰ ਸਮਾਜਿਕ ਸੁਰੱਖਿਆ ਵਿਪੁਲ ਉਜਵਲ,  ਮੁੱਖ ਮੰਤਰੀ ਦੇ ਓ ਐਸ ਡੀ. ਗੁਰਪ੍ਰੀਤ ਸਿੰਘ ਢੇਸੀ, ਵਧੀਕ ਡਿਪਟੀ ਕਮਿਸ਼ਨਰ ਐਸ ਪੀ ਆਂਗਰਾ ਤੇ ਹੋਕ ਹਾਜ਼ਰ ਸਨ।

Previous articleप्रकाश पर्व पर प्रशासकी सेवाओं में अहम पदों पर बखूबी सेवाएं निभाई तीन महिला आधिकारियों ने
Next articleਕਿਸਾਨਾਂ ਦਾ ਮੋਰਚਾ ਬਨਾਮ ਮਨ ਕੀ ਬਾਤ