ਨਾ ਵਿਕੋ ਤੇ ਨਾ ਸਾਨੂੰ ਵੇਚੋ ਉਏ ਅਮੀਰਾਂ ਦੇ ਦੱਲਿਓ
ਅਸੀਂ ਲੜਾਂਗੇ ਹੋ ਕੇ ‘ਕੱਠੇ ਤੁਸੀਂ ਕੇਰਾਂ ਸਾਨੂੰ ਠੱਲ੍ਹਿਓ
ਅਸੀਂ ਦਰਿਆਵਾਂ ਦੇ ਜਾਏ ਵਹਿ ਜਾਣੋ ਨਾ ਰੁਕਦੇ
ਸਾਨੂੰ ਨਾ ਛੇੜੋ ਸਾਡੇ ਜ਼ਖ਼ਮ ਪਹਿਲਾਂ ਹੀ ਧੁਖਦੇ
ਆਈ ‘ਤੇ ਜਦ ਆਏ ਅਸੀਂ ਹਰ ਵਾਰ ਤੁਸੀਂ ਹੱਲੇ ਓ
ਨਾ ਵਿਕੋ ਤੇ ਨਾ ਸਾਨੂੰ ਵੇਚੋ….
ਏਸ ਦਿੱਲੀ ਦਾ ਸਾਡੇ ਨਾਲ਼ ਧੁਰੋਂ ਰਹਿੰਦਾ ਵੈਰ ਏ
ਨੀਤ ਇਹਦੀ ‘ਚ ਖੇਤਾਂ ਦੇ ਪੁੱਤਾਂ ਲਈ ਜ਼ਹਿਰ ਏ
ਨਿਚੋੜਦੇ ਗ਼ਰੀਬਾਂ ਨੂੰ ਤੁਸੀਂ ਸ਼ਾਹੂਕਾਰਾਂ ਵੱਲੇ ਓ
ਨਾ ਵਿਕੋ ਤੇ ਨਾ ਸਾਨੂੰ ਵੇਚੋ….
ਅਸੀਂ ਸਿਰਲੱਥ ਪੁੱਤ ਹਾਂ ਯੋਧਿਆਂ ਦੇ ਦੇਸ਼ ਦੇ
ਸਾਨੂੰ ਜੂਝਣਾ ਨੇ ਦੱਸਦੇ ਸਾਕੇ ਕੀਤੇ ਦਸ਼ਮੇਸ਼ ਦੇ
ਤੁਸੀਂ ਐਵੇਂ ਮਾਣ ਨਾ ਕਰੋ ਉਏ ਫੌਜਾਂ ਉੱਤੇ ਡੱਲਿਓ
ਨਾ ਵਿਕੋ ਤੇ ਨਾ ਸਾਨੂੰ ਵੇਚੋ….
ਇਸ ਮਿੱਟੀ ‘ਚ ਨਾਨਕ ਨੇ ਮਿੱਟੀ ਹੋ ਕੇ ਹਲ਼ ਵਾਹਿਆ
ਲੋੜ ਪਈ ਗੋਬਿੰਦ ਨੇ ਚਿੜੀਆਂ ਤੋਂ ਬਾਜ ਤੁੜਾਇਆ
ਅਸੀਂ ਭੇਤੀ ਓਸ ਰਾਹ ਦੇ ਜਿਹੜੇ ਮਾਰੂ ਰਾਹ ਚੱਲੇ ਓ
ਨਾ ਵਿਕੋ ਨਾ ਵੇਚੋ ਸਾਨੂੰ….
ਧਰਤ ਦੇ ਪੁੱਤਾਂ ਨੂੰ ਜਦੋਂ ਅਣਖ ਮਾਰਦੀ ‘ਵਾਜ ਓਏ
ਮਿੱਟੀ ‘ਚ ਰੁਲ਼ਦੇ ਕਲਗੀਆਂ, ਤਖ਼ਤ ਨਾਲ਼ੇ ਤਾਜ ਓਏ
ਸਾਡੀ ਅਣਖ ਤਾਈਂ ਵੰਗਾਰਦੇ ਸੁਨੇਹੇ ਨਾ ਹੀ ਘੱਲਿਓ
ਨਾ ਵਿਕੋ ਤੇ ਨਾ ਸਾਨੂੰ ਵੇਚੋ….
ਸਮਝਦੇ ਜਿਹੜੇ ਸਾਨੂੰ ਬੱਸ ਮਿੱਟੀ ਅੰਤ ਪਛਤਾਂਦੇ
ਸਾਡੇ ਕਹੀਆਂ-ਰੰਬੇ, ਤੇਗਾਂ ਅੰਦਰ ਵੀ ਵਟ ਜਾਂਦੇ
ਨਾ ਹੋਵੋ ਸੱਤ ਬਿਗਾਨੇ ਤੁਸੀਂ ਰਹਿ ਜਾਣਾ ‘ਕੱਲੇ ਕੱਲਿਓ
ਨਾ ਵਿਕੋ ਤੇ ਨਾ ਸਾਨੂੰ ਵੇਚੋ….
ਅਸੀਂ ਤੁਰ ਪੈਣਾ ਭਗਤ, ਸੁਖਦੇਵ ਤੇ ਸਰਾਭੇ ਹੋ ਕੇ
ਦਾਗ਼ ਸਾਡੇ ਖ਼ੂਨ ਦੇ ਇਤਿਹਾਸ ਤੋਂ ਨਾ ਲਹਿਣੇ ਧੋ ਕੇ
ਸੁੱਖ ਮੰਗੋ ਸਾਡੀਆਂ ਹਿੱਕਾਂ ਤੇ ਆਪਣੇ ਤਖ਼ਤਾਂ ਦੀ ਝੱਲਿਓ
ਨਾ ਵਿਕੋ ਤੇ ਨਾ ਸਾਨੂੰ ਵੇਚੋ…..
ਅਮਰਜੀਤ ਸਿੰਘ ਅਮਨੀਤ
8872266066