ਵੇਈਂ ‘ਤੇ ਸਾਲ ਭਰ ਤੋਂ ਬੰਦ ਹੈ ਪਾਣੀ ਦੀ ਸਪਲਾਈ ਤੇ ਲਾਇਟਾਂ
ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 551ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਵਿੱਚ ਲੱਗੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਹਲਕੇ ਦੇ ਵਿਧਾਇਕ ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਦੀਪਤੀ ਉਪਲ ਤੇ ਐਸ.ਡੀ.ਐਮ ਡਾ: ਚਾਰੂਮਿਤਾ ਸਮੇਤ ਹੋਰ ਅਧਿਕਾਰੀਆਂ ਨੂੰ ਪਵਿੱਤਰ ਕਾਲੀ ਵੇਈਂ ਦੇ ਅਧੂਰੇ ਕਾਰਜਾਂ ਤੋਂ ਜਾਣੂ ਕਰਵਾਇਆ। ਸੰਤ ਸੀਚੇਵਾਲ ਨੇ ਦੱਸਿਆ ਕਿ ਪਵਿੱਤਰ ਕਾਲੀ ਵੇਈਂ ਸੰਗਤਾਂ ਲਈ ਵੱਡੀ ਆਸਥਾ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਵੇਈਂ ਦਾ ਨਿਰੰਤਰ ਵਹਾਅ ਜਾਰੀ ਰੱਖਣ ਲਈ ਇਸ ਵਿੱਚ ਪਾਣੀ ਛੱਡਿਆ ਜਾਵੇ ਅਤੇ ਇਸ ਵਿੱਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਿਆ ਜਾਵੇ। ਵਿਧਾਇਕ ਚੀਮਾ, ਡੀਸੀ ਤੇ ਐਸਡੀਐਮ ਨੂੰ ਸੰਤ ਸੀਚੇਵਾਲ ਨੇ ਕਿਸ਼ਤੀ ਰਾਹੀ ਵੇਈਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 550ਵੇਂ ਪ੍ਰਕਾਸ਼ ਪੁਰਬ ਸਮੇਂ ਪਵਿੱਤਰ ਵੇਈਂ ਦੁਆਲੇ ਲੱਗੀਆਂ ਲਾਇਟਾਂ ਤੇ ਪਾਣੀ ਦੀ ਸਪਲਾਈ ਬੰਦ ਹੋ ਗਈ ਸੀ। ਇਸੇ ਤਰ੍ਹਾਂ ਤਲਵੰਡੀ ਚੌਧਰੀਆਂ ਮਾਰਗ ‘ਤੇ ਵੇਈਂ ‘ਤੇ ਬਣੇ ਨਵੇਂ ਪੁਲ ਦੇ ਬਣਾਉਣ ਸਮੇਂ ਲੋਕ ਨਿਰਮਾਣ ਵਿਭਾਗ ਨੇ ਲਾਪ੍ਰਵਾਹੀ ਵਰਤਦਿਆ ਮਿੱਟੀ ਦਾ ਵੱਡਾ ਹਿੱਸਾ ਵੇਈਂ ਵਿੱਚੋਂ ਨਹੀਂ ਸੀ ਕੱਢਿਆ ਜਿਸ ਕਾਰਨ ਵੇਈਂ ਦੀ ਸਫਾਈ ਕਰਨ ਸਮੇਂ ਪੁਲ ਹੇਠਾਂ ਕਿਸ਼ਤੀ ਚੱਲਣ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ।
ਸੰਤ ਸੀਚੇਵਾਲ ਨੇ ਦੱਸਿਆ ਕਿ ਵੇਈਂ ਦੁਆਲੇ ਗਰਿੱਲ ਲਗਾਉਣ ਸਮੇਂ ਵੀ ਸੰਗਤਾਂ ਵੱਲੋਂ ਪਾਈ ਗਈ ਪਾਣੀ ਦੀ ਸਪਲਾਈ ਵਾਲੀ ਪਾਈਪ ਲਾਈਨ ਕਈ ਥਾਂਵਾਂ ਤੋਂ ਤੋੜ ਦਿੱਤੀ ਗਈ ਸੀ। ਵੇਈਂ ਦੁਆਲੇ ਲਾਈ ਗਈਆਂ ਲਾਈਟਾਂ ਰਾਤ ਨੂੰ ਬਹੁਤ ਹੀ ਸੁੰਦਰ ਨਜ਼ਾਰਾ ਪੇਸ਼ ਕਰਦੀਆਂ ਸਨ ਪਰ ਇਹ ਲਾਈਟਾਂ ਪਿਛਲੇ ਸਾਲ ਤੋਂ ਬੰਦ ਹਨ ਕਿਉਂਕਿ ਸਰਕਾਰ ਵੱਲੋਂ ਇਸ ਦੇ ਬਿੱਲ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ।
ਗੁਰਦੁਆਰਾ ਬੇਰ ਸਾਹਿਬ ਦੇ ਨੇੜੇ ਬਣੇ ਪੁਲ ਕੋਲ ਜਿਹੜੀ ਥਾਂ ਵੇਈਂ ਵਿੱਚ ਆਉਂਦੀ ਹੈ ਉੇਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਪਾਰਕ ਬਣਾਉਣ ਦੀ ਵੀ ਮੰਗ ਕੀਤੀ ਗਈ। ਵੇਈਂ ਦੇ ਇੱਕ ਪਾਸੇ ਵਾਲਾ ਰਸਤਾ ਬਣਾਉਣ ਦੀ ਵੀ ਮੰਗ ਕੀਤੀ। ਇਸ ਮੌਕੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਡਿਪਟੀ ਕਮਿਸ਼ਨਰ ਦੀਪਤੀ ਉਪੱਲ ਨੇ ਕਿਹਾ ਕਿ ਵੇਈਂ ਦੇ ਅਧੂਰੇ ਕੰਮਾਂ ਨੂੰ ਮੁਕੰਮਲ ਕਰਨ ਲਈ ਇਸ ਨੂੰ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਕੀਤਾ ਜਾਵੇਗਾ।
ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ, ਗੁਰਦੇਵ ਸਿੰਘ ਫੌਜੀ ਤੇ ਹੋਰ ਸੇਵਾਦਾਰ ਹਾਜ਼ਰ ਸਨ।