ਲੰਡਨ (ਸਮਾਜ ਵੀਕਲੀ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਬ੍ਰਿਟਿਸ਼ ਇੰਡੀਅਨ ਆਰਮੀ ਦੇ ਦੂਜੀ ਵਿਸ਼ਵ ਜੰਗ ’ਚ ਸ਼ਹੀਦ ਹੋਏ ਜਵਾਨਾਂ ਨੂੰ ਅੱਜ ਊਚੇਚੇ ਤੌਰ ’ਤੇ ਸ਼ਰਧਾਂਜਲੀ ਦਿੱਤੀ। ਇਨ੍ਹਾਂ ਬਹਾਦਰਾਂ ਨੇ ਜਰਮਨੀ ਦੇ ਨਾਜ਼ੀਆਂ ਖ਼ਿਲਾਫ਼ ਜਿੱਤ ’ਚ ਅਹਿਮ ਯੋਗਦਾਨ ਪਾਇਆ ਸੀ।
ਸਾਂਝੇ ਤੌਰ ’ਤੇ ਯਾਦ ਰੱਖਣ ਦੀ ਮੁਹਿੰਮ ਦੌਰਾਨ ਆਪਣੇ ਸੁਨੇਹੇ ’ਚ ਜੌਹਨਸਨ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਅਤੇ ਊਨ੍ਹਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਊਣਾ ਅਹਿਮ ਹੈ। ਊਨ੍ਹਾਂ ਜੰਗੀ ਸ਼ਹੀਦਾਂ ਦੀ ਯਾਦ ’ਚ ਇਸ ਹਫ਼ਤੇ ਹੋਣ ਵਾਲੇ ਸਮਾਗਮ ਤੋਂ ਪਹਿਲਾਂ ਬਿਆਨ ’ਚ ਕਿਹਾ ਕਿ ਦੂਜੀ ਵਿਸ਼ਵ ਜੰਗ ’ਚ ਭਾਰਤ, ਅਫ਼ਰੀਕਾ ਅਤੇ ਕੈਰੇਬੀਆ ਦੇ ਵਾਲੰਟੀਅਰਾਂ ਨੇ ਜਿੱਤ ’ਚ ਵੱਡਾ ਯੋਗਦਾਨ ਪਾਇਆ ਸੀ। ਊਨ੍ਹਾਂ ਕਿਹਾ ਕਿ ਬ੍ਰਿਟਿਸ਼ ਇੰਡੀਅਨ ਆਰਮੀ ’ਚ 25 ਲੱਖ ਜਵਾਨ ਸਨ ਅਤੇ ਇਹ ਇਤਿਹਾਸ ਦੀ ਸਭ ਤੋਂ ਵੱਡੀ ਸੈਨਾ ਬਣ ਗਈ ਸੀ।
ਊਨ੍ਹਾਂ ਕਿਹਾ ਕਿ ਸਾਰੇ ਜਵਾਨਾਂ ਨੇ ਬ੍ਰਿਟਿਸ਼ ਝੰਡੇ ਤਹਿਤ ਆਜ਼ਾਦੀ ਲਈ ਜੰਗ ਲੜਨਾ ਚੁਣਿਆ ਜਿਸ ਕਾਰਨ ਦੁਸ਼ਮਣਾਂ ਨੂੰ ਹਰਾਊਣ ’ਚ ਸਹਾਇਤਾ ਮਿਲੀ ਅਤੇ ਲੱਖਾਂ ਲੋਕ ਸ਼ਾਂਤੀ ’ਤੇ ਖੁਸ਼ਹਾਲੀ ਨਾਲ ਰਹਿ ਸਕੇ। ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਸਰ ਕੀਰ ਸਟਰਮਰ ਨੇ ਵੀ ਆਰਮੀਸਟਾਈਸ ਡੇਅ ਤੋਂ ਪਹਿਲਾਂ ਭਾਰਤੀ ਫ਼ੌਜੀਆਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਇਹ ਦਿਵਸ ਹਰ ਸਾਲ 11 ਨਵੰਬਰ ਨੂੰ ਮਨਾਇਆ ਜਾਂਦਾ ਹੈ ਜਦੋਂ 1918 ’ਚ ਪਹਿਲੀ ਵਿਸ਼ਵ ਜੰਗ ਦੀ ਸਮਾਪਤੀ ਹੋਈ ਸੀ।