ਬਾਇਡਨ ਵੱਲੋਂ ਵਾਈਟ ਹਾਊਸ ਲਈ ਤਿਆਰੀ, ਟਰੰਪ ਕਰਨਗੇ ਰੋਸ ਰੈਲੀਆਂ

ਵਿਲਮਿੰਗਟਨ/ਵਾਸ਼ਿੰਗਟਨ (ਸਮਾਜ ਵੀਕਲੀ) : ਡੈਮੋਕਰੈਟ ਜੋਅ ਬਾਇਡਨ ਨੇ ਵਾਈਟ ਹਾਊਸ ਲਈ ਤਿਆਰੀ ਆਰੰਭ ਦਿੱਤੀ ਹੈ ਜਦਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੋਣ ਨਤੀਜਿਆਂ ਖ਼ਿਲਾਫ਼ ਰੋਸ ਰੈਲੀਆਂ ਦੀ ਯੋਜਨਾਬੰਦੀ ਕੀਤੀ ਹੈ। ਬਾਇਡਨ ਵੱਲੋਂ ਰਾਸ਼ਟਰਪਤੀ ਬਣਨ ਲਈ ਲੋੜੀਂਦੇ ਸੂਬੇ ਜਿੱਤਣ ਤੋਂ ਬਾਅਦ ਵੀ ਟਰੰਪ ਨੇ ਹਾਰ ਕਬੂਲਣ ਦਾ ਕੋਈ ਸੰਕੇਤ ਨਹੀਂ ਦਿੱਤਾ ਹੈ। ਕਾਂਗਰਸ ਵਿਚ ਟਰੰਪ ਦੇ ਕਈ ਰਿਪਬਲਿਕਨ ਸਹਿਯੋਗੀਆਂ ਨੇ ਵੀ ਹਾਲੇ ਤੱਕ ਬਾਇਡਨ ਦੀ ਜਿੱਤ ਨੂੰ ਨਹੀਂ ਮੰਨਿਆ ਹੈ।

ਇਸ ਦੇ ਉਲਟ ਟਰੰਪ ਚੋਣ ਨਤੀਜਿਆਂ ਨੂੰ ਕਾਨੂੰਨੀ ਤੌਰ ’ਤੇ ਚੁਣੌਤੀ ਦੇਣ ਲਈ ਸਮਰਥਨ ਜੁਟਾਉਣ ਖਾਤਰ ਰੈਲੀਆਂ ਦੀ ਤਿਆਰੀ ਕਰ ਰਹੇ ਹਨ। ਵੋਟਾਂ ਦੀ ਮੁੜ ਗਿਣਤੀ ਲਈ ਦਬਾਅ ਬਣਾਉਣ ਲਈ ਟਰੰਪ ਦੀ ਚੋਣ ਮੁਹਿੰਮ ਨੇ ਕਈ ਟੀਮਾਂ ਦਾ ਗਠਨ ਕੀਤਾ ਹੈ। ਜ਼ਿਕਰਯੋਗ ਹੈ ਕਿ ਡੋਨਲਡ ਟਰੰਪ ਡੈਮੋਕਰੈਟਾਂ ਉਤੇ ਚੋਣਾਂ ਵਿਚ ਧੋਖਾ ਕਰਨ ਦਾ ਦੋਸ਼ ਲਾ ਚੁੱਕੇ ਹਨ। ਰੈਲੀਆਂ ਕਦੋਂ ਸ਼ੁਰੂ ਹੋਣਗੀਆਂ, ਇਸ ਬਾਰੇ ਹਾਲੇ ਕੁਝ ਸਪੱਸ਼ਟ ਨਹੀਂ ਕੀਤਾ ਗਿਆ ਹੈ।

ਚੋਣ ਅਧਿਕਾਰੀਆਂ ਨੇ ਕਿਹਾ ਹੈ ਕਿ ਹਾਲੇ ਤੱਕ ਵੋਟਾਂ ਵਿਚ ਕੋਈ ਧੋਖਾਧੜੀ ਸਾਹਮਣੇ ਨਹੀਂ ਆਈ ਤੇ ਟਰੰਪ ਧੜੇ ਵੱਲੋਂ ਆਪਣੇ ਦਾਅਵੇ ਬਾਰੇ ਕੋਈ ਸਬੂਤ ਵੀ ਨਹੀਂ ਦਿੱਤਾ ਗਿਆ। ਬਾਇਡਨ ਨੂੰ ਟਰੰਪ ਨਾਲੋਂ 40 ਲੱਖ ਵੱਧ ਵੋਟਾਂ ਪਈਆਂ ਹਨ ਤੇ ਸਾਬਕਾ ਉਪ ਰਾਸ਼ਟਰਪਤੀ ਦੀਆਂ ਇਲੈਕਟੋਰਲ ਕਾਲਜ ਵੋਟਾਂ 300 ਤੋਂ ਵੱਧ ਸਕਦੀਆਂ ਹਨ। ਜਦਕਿ ਰਾਸ਼ਟਰਪਤੀ ਬਣਨ ਲਈ 270 ਵੋਟਾਂ ਦੀ ਲੋੜ ਹੈ। 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਪਹਿਲਾਂ ਬਾਇਡਨ ਦੀ ਟੀਮ ਹੁਣ ਅਮਰੀਕਾ ਨੂੰ ਸਿਹਤ ਤੇ ਆਰਥਿਕ ਸੰਕਟ ਵਿਚੋਂ ਕੱਢਣ ਲਈ ਯੋਜਨਾਬੰਦੀ ਕਰਨ ਵਿਚ ਜੁੱਟ ਗਈ ਹੈ।

Previous articlePutin reshuffles Russian cabinet
Next articleਜੌਹਨਸਨ ਵੱਲੋਂ ਬ੍ਰਿਟਿਸ਼ ਇੰਡੀਅਨ ਆਰਮੀ ਦੇ ਜਵਾਨਾਂ ਨੂੰ ਸ਼ਰਧਾਂਜਲੀ