ਲੰਡਨ (ਸਮਾਜ ਵੀਕਲੀ) : ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਲੰਡਨ ’ਚ ਬਰਤਾਨਵੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਉਨ੍ਹਾਂ ਭਗੌੜੇ ਸ਼ਰਾਬ ਕਾਰੋਬਾਰੀ ਤੇ ਕਿੰਗਫਿਸ਼ਰ ਏਅਰਲਾਈਨਜ਼ ਦੇ ਮੁਖੀ ਵਿਜੈ ਮਾਲਿਆ ਤੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ। ਤਿੰਨ ਯੂਰਪੀ ਮੁਲਕਾਂ ਦੇ ਦੌਰੇ ਦੌਰਾਨ ਸ੍ਰੀ ਸ਼੍ਰਿੰਗਲਾ ਲੰਡਨ ਪਹੁੰਚੇ ਜਿੱਥੇ ਉਨ੍ਹਾਂ ਬਰਤਾਨਵੀ ਮੰਤਰੀਆਂ ਤੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।
ਬਰਤਾਨਵੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਤੇ ਦੱਖਣੀ ਏਸ਼ੀਆ ਬਾਰੇ ਬਰਤਾਨੀਆ ਦੇ ਵਿਦੇਸ਼ ਮੰਤਰੀ ਲਾਰਡ ਤਾਰਿਕ ਅਹਿਮਦ ਨਾਲ ਮੁਲਾਕਾਤ ਦੌਰਾਨ ਉਕਤ ਵਿੱਤੀ ਭਗੌੜਿਆਂ ਦੀ ਭਾਰਤ ਹਵਾਲਗੀ ਦਾ ਮੁੱਦਾ ਬਾਕੀ ਹੋਰ ਚਰਚਾ ਦੇ ਅਹਿਮ ਮੁੱਦਿਆਂ ’ਚ ਸ਼ਾਮਲ ਸੀ। ਸ਼੍ਰਿੰਗਲਾ ਨੇ ਕਿਹਾ, ‘ਅਸੀਂ ਵਿਜੈ ਮਾਲਿਆ ਦੀ ਜਲਦ ਤੋਂ ਜਲਦ ਹਵਾਲਗੀ ਚਾਹੁੰਦੇ ਹਾਂ। ਮਾਲਿਆ ਦੀ ਹਵਾਲਗੀ ਸਬੰਧੀ ਬਰਤਾਨੀਆ ’ਚ ਸਾਰੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਅਸੀਂ ਉਸ ਨੂੰ ਜਲਦੀ ਤੋਂ ਜਲਦੀ ਭਾਰਤ ਲਿਜਾਣਾ ਚਾਹੁੰਦੇ ਹਾਂ।’ ਉਨ੍ਹਾਂ ਕਿਹਾ, ‘ਮੈਂ ਲਾਰਡ ਅਹਿਮਦ ਤੇ ਗ੍ਰਹਿ ਸਕੱਤਰ ਕੋਲ ਨੀਰਵ ਮੋਦੀ ਦਾ ਮੁੱਦਾ ਵੀ ਚੁੱਕਿਆ ਹੈ ਤੇ ਦੋਵਾਂ ਨੇ ਸਾਡੀ ਗੱਲ ਬਹੁਤ ਧਿਆਨ ਨਾਲ ਸੁਣੀ ਤੇ ਵਿਚਾਰਨ ਦਾ ਭਰੋਸਾ ਦਿੱਤਾ।’
ਜ਼ਿਕਰਯੋਗ ਹੈ ਕਿ ਮਾਲਿਆ ਕਈ ਸਰਕਾਰੀ ਬੈਂਕਾਂ ਨਾਲ ਘੁਟਾਲੇ ਤੇ ਕਾਲੇ ਧਨ ਨੂੰ ਸਫੇਦ ਕਰਨ ਨਾਲ ਸਬੰਧਤ ਮਾਮਲਿਆਂ ’ਚ ਭਾਰਤ ਨੂੰ ਲੋੜੀਂਦਾ ਹੈ ਜਦਕਿ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਨਾਲ ਕਰੋੜਾਂ ਰੁਪਏ ਦੇ ਘੁਟਾਲੇ ਦੇ ਮਾਮਲੇ ’ਚ ਭਾਰਤ ਸਰਕਾਰ ਵੱਲੋਂ ਭਗੌੜਾ ਐਲਾਨਿਆ ਹੋਇਆ ਹੈ।