ਸਮਾਜ ਸੇਵਕ ਸੁਖਦੇਵ ਚਾਹਲ ਦੀ ਬਦੌਲਤ ਭਾਣੋ ਲੰਗਾ ਹਾਈ ਸਕੂਲ ਵਿਕਾਸ ਪੱਖੋਂ ਜਿਲ੍ਹੇ ਵਿਚੋਂ ਨੰਬਰ ਵੰਨ- ਲਾਸਾਨੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਦੋਨਾ ਇਲਾਕੇ ਦੇ ਪਿੰਡ ਭਾਣੋ ਲੰਗਾ (ਕਪੂਰਥਲਾ) ਵਿਖੇ ਸਥਿਤ ਸਰਕਾਰੀ ਹਾਈ ਸਕੂਲ ਨੂੰ ਪੰਜਾਬ ਦਾ ਨੰਬਰ ਵਨ ਸਮਾਰਟ ਸਕੂਲ ਬਣਾਉਣ ਲਈ ਯਤਨਸ਼ੀਲ ਐਨ.ਅਰ.ਆਈ. ਸੁਖਦੇਵ ਸਿੰਘ ਚਾਹਲ ਉਰਫ਼ ਦੇਬੀ ਜਰਮਨ ਵਾਲੇ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਅੱਜ ਜਿਲਾ ਸਿੱਖਿਆ ਅਧਿਕਾਰੀ (ਸੈਕੰਡਰੀ ) ਗੁਰਭਜਨ ਸਿੰਘ ਲਾਸਾਨੀ ਅਤੇ ਸਾਬਕਾ ਜਿਲ੍ਹਾ ਸਿੱਖਿਆ ਅਧਿਕਾਰੀ ( ਸੈਕੰਡਰੀ) ਮੱਸਾ ਸਿੰਘ ਸਿੱਧੂ ਵਿਸ਼ੇਸ਼ ਤੌਰ ਉੱਤੇ ਸਕੂਲ ਪਹੁੰਚੇ ।
ਜਿਹਨਾਂ ਨੇ ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਦਿਆਂ ਮੌਕੇ ਉਤੇ ਹਾਜਰ ਸਕੂਲ ਸਟਾਫ ,ਇਲਾਕੇ ਦੇ ਪੰਚਾਂ-ਸਰਪੰਚਾਂ, ਬੁੱਧੀਜੀਵੀਆਂ ,ਸਮਾਜ ਸੇਵਕਾਂ ਤੇ ਸਿੱਖਿਆ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਦੀ ਹਾਜ਼ਰੀ ਦੌਰਾਨ ਕਿਹਾ ਕਿ ਐਨ. ਆਰ .ਆਈਜ਼ ਵੀਰਾਂ ਦੀ ਬਦੌਲਤ ਅੱਜ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਉਨ੍ਹਾਂ ਕਿਹਾ ਕੇ ਸਰਕਾਰੀ ਸਕੂਲ ਵਿਦਿਆ ਦੇ ਉਹ ਮੰਦਰ ਹਨ, ਜਿਥੋਂ ਬੱਚੇ ਸਿੱਖਿਆ ਲੈ ਕੇ ਇੰਜਨੀਅਰ,ਡਾਕਟਰ ,ਸਿਆਸਤਦਾਨ, ਅਫਸਰ, ਸਾਹਿਤਕਾਰ, ਸਾਇੰਸਦਾਨ,ਅਤੇ ਆਦਰਸ਼ਵਾਦੀ ਨਾਗਰਿਕ ਬਣਦੇ ਹਨ , ਏਸ ਲਈ ਹਰ ਪਿੰਡ ਦੇ, ਹਰ ਐੱਨ. ਆਰ. ਆਈਜ਼ ਨੂੰ ਪਿੰਡ ਦੇ ਸਕੂਲ ਲਈ ਵੱਧ ਤੋਂ ਵੱਧ ਅਾਰਥਿਕ ਸਹਿਯੋਗ ਦੇਣਾ ਚਾਹੀਦਾ ਹੈ।
ਸਰਕਾਰੀ ਹਾਈ ਸਕੂਲ ਭਾਣੋ ਲੰਗਾ ਲਈ ਪਿਛਲੇ ਦੋ ਸਾਲਾਂ ਵਿੱਚ ਨਿਰੰਤਰ ਵਿਕਾਸ ਕਾਰਜ ਕਰਵਾ ਕੇ ਸਕੂਲ ਨੂੰ ਸੁੰਦਰ ਦਿੱਖ ਦੇਣ ਲਈ ਯਤਨਸ਼ੀਲ ਐਨ. ਆਰ .ਆਈ .ਸੁਖਦੇਵ ਸਿੰਘ ਚਾਹਲ ਜਰਮਨ ਵਾਲੇ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਹਾਈ ਸਕੂਲ ਭਾਣੋ ਲੰਗਾ ਵਿਕਾਸ ਕਾਰਜਾਂ ਪੱਖੋਂ ਜਿਲ੍ਹੇ ਦਾ ਨੰਬਰ ਵੰਨ ਸਮਾਰਟ ਸਕੂਲ ਹੈ,ਜਿਸ ਵਿਚ ਸੁਖਦੇਵ ਸਿੰਘ ਜਰਮਨ ਵਾਲੇ ਦਾ ਨਿਰਸੁਆਰਥ ਉੱਦਮ ਹੈ ।
ਏਸ ਮੌਕੇ ਅਧਿਆਪਕ ਅਵਤਾਰ ਸਿੰਘ ਸੰਧੂ, ਬਲਵਿੰਦਰ ਸਿੰਘ ਰਸੂਲਪੁਰ, ਚਰਨਜੀਤ ਸਿੰਘ ਚੰਨੀ, ਕੁਲਦੀਪ ਸਿੰਘ ਬੂਟਾ, ਹਰਮੇਸ਼ ਮੇਸ਼ੀ, ਭਾਈ ਸੰਤੋਖ ਸਿੰਘ ਆਦਿ ਦੀ ਹਾਜ਼ਰੀ ਦੌਰਾਨ ਜਿਲਾ ਸਿੱਖਿਆ ਅਧਿਕਾਰੀ (ਸੈਕੰਡਰੀ) ਗੁਰਭਜਨ ਸਿੰਘ ਲਾਸਾਨੀ ਨੇ ਐਨ.ਅਰ.ਆਈ ਸੁਖਦੇਵ ਸਿੰਘ ਚਾਹਲ ਉਰਫ਼ ਦੇਬੀ ਜਰਮਨ ਵਾਲੇ ਵੱਲੋਂ ਸਕੂਲ ਦੇ ਸੁੰਦਰੀਕਰਨ ਲਈ ਕਰਵਾਏ ਗਏ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸਰਕਾਰੀ ਹਾਈ ਸਕੂਲ ਭਾਣੋ ਲੰਗਾ ਨੂੰ ਸਮਾਰਟ ਸਕੂਲ ਬਣਾਉਣ ਲਈ ਵੱਡੇ ਪੱਧਰ ਤੇ ਪਾਏ ਯੋਗਦਾਨ ਲਈ ਸੁਖਦੇਵ ਸਿੰਘ ਚਾਹਲ ਦਾ ਧੰਨਵਾਦ ਵੀ ਕੀਤਾ। ਸਕੂਲ ਵੱਲੋਂ ਮਾਸਟਰ ਅਵਤਾਰ ਸਿੰਘ ਸੰਧੂ ਨੇ ਸਕੂਲ ਪਹੁੰਚੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਗੁਰਭਜਨ ਸਿੰਘ ਲਾਸਾਨੀ ਅਤੇ ਸਾਬਕਾ ਜਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਮੱਸਾ ਸਿੰਘ ਸਿੱਧੂ ਅਤੇ ਹੋਰ ਪਤਵੰਤਿਆਂ ਨੂੰ ਜੀ ਆਇਆ ਆਖਿਆ।