ਨਵੀਂ ਦਿੱਲੀ (ਸਮਾਜ ਵੀਕਲੀ) : ਰੇਲਵੇ ਨੇ ਵੀਰਵਾਰ ਨੂੰ ਕਿਹਾ ਕਿ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਪੰਜਾਬ ਵਿਚ ਰੇਲ ਗੱਡੀਆਂ ਨਹੀਂ ਚਲਾਈਆਂ ਜਾ ਰਹੀਆਂ। ਕਿਸਾਨ ਨਵੇਂ ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਉੱਤਰੀ ਰੇਲਵੇ ਦੇ ਬੁਲਾਰੇ ਨੇ ਰਾਜ ਵਿਚ ਰੇਲ ਸੇਵਾਵਾਂ ਮੁੜ ਬਹਾਲ ਹੋਣ ਦੀਆਂ ਖ਼ਬਰਾਂ ਸਬੰਧੀ ਕਿਹਾ ਕਿ ਅਜਿਹਾ ਕੁੱਝ ਵੀ ਨਹੀਂ ਹੈ।
ਰਾਜ ਲਈ ਹਾਲੇ ਵੀ ਰੇਲ ਸੇਵਾ ਬੰਦ ਹੈ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ (ਸੀਪੀਆਰਓ) ਦੀਪਕ ਕੁਮਾਰ ਨੇ ਕਿਹਾ, “ਪੰਜਾਬ ਵਿਚ ਰੇਲਵੇ ਸੇਵਾਵਾਂ ਮੁੜ ਚਾਲੂ ਕਰਨ ਦੀਆਂ ਕੁਝ ਅਖ਼ਬਾਰਾਂ ਵਿਚ ਖ਼ਬਰਾਂ ਆਈਆਂ ਹਨ। ਇਹ ਵਾਰ ਮੁੜ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਖ਼ਬਰਾਂ ਝੂਠੀਆਂ ਹਨ ਤੇ ਹਾਲੇ ਰਾਜ ਲਈ ਰੇਲ ਸੇਵਾ ਬਹਾਲ ਨਹੀਂ ਕੀਤੀ ਗਈ।” ਉਨ੍ਹਾਂ ਕਿਹਾ,” ਅਖਬਾਰ 22 ਅਕਤੂਬਰ ਨੂੰ ਜਾਰੀ ਉੱਤਰੀ ਰੇਲਵੇ ਪ੍ਰੈਸ ਬਿਆਨ ਦਾ ਹਵਾਲਾ ਦੇ ਰਹੇ ਹਨ, ਜਦੋਂ ਮਾਲ ਰੇਲ ਗੱਡੀ ਸੇਵਾ ਇੱਕ ਦਿਨ ਲਈ ਸ਼ੁਰੂ ਕੀਤੀ ਗਈ ਸੀ ਪਰ ਰੇਲ ਕਰਮਚਾਰੀਆਂ ਦੀ ਸੁਰੱਖਿਆ ਤੇ ਪੰਜਾਬ ਵਿੱਚ ਬੇਯਕੀਨੀ ਵਾਲੇ ਮਾਹੌਲ ਕਾਰਨ ਰੇਲ ਸੇਵਾ ਬੰਦ ਕਰ ਦਿੱਤੀ ਗਈ ਸੀ।