ਮਾਂ ਸ਼ਬਦ ਸਾਨੂੰ ਪਿਆਰ, ਮੁਹੱਬਤ, ਮਮਤਾ ਤੇ ਸਹਿਣਸ਼ੀਲਤਾ ਦਾ ਸੁਨੇਹਾ ਦਿੰਦਾ ਹੈ। ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ।’ ਮਾਂ ਸ਼ਬਦ ਲਿਖਣ ਤੇ ਬੋਲਣ ‘ਚ ਭਾਵੇਂ ਹੀ ਬਹੁਤ ਛੋਟਾ ਹੈ ਪਰ ਇਸ ਦੇ ਮਾਇਨੇ ਬਹੁਤ ਵੱਡੇ ਹਨ। ਅਕਸਰ ਮਾਂ ਬਾਰੇ ਜਦੋਂ ਕੋਈ ਲਿਖਾਰੀ ਵੀ ਲਿਖਣ ਬੈਠਦਾ ਹੋਵੇਗਾ ਤਾਂ ਉਸ ਦੇ ਮਨ ਵਿਚ ਵੀ ਇਹ ਸਵਾਲ ਆਉਂਦਾ ਹੋਵੇਗਾ, ਜਿਵੇਂ ਮੇਰੇ ਮਨ ‘ਚ ਆਇਆ ਕਿ ਮਾਂ ਬਾਰੇ ਕੀ ਲਿਖਾਂ?
ਅੱਜ ਜੋ ਕੁਝ ਵੀ ਹਾਂ ਉਹ ਸਭ ਉਸ ਦਾ ਹੀ ਦਿੱਤਾ ਤਾਂ ਹੈ, ਜਿਸ ਨੇ ਇਹ ਸੋਹਣੀ ਦੁਨੀਆ ਦਿਖਾਈ, ਮਾਂ ਦੀਆਂ ਦਿੱਤੀਆਂ ਲੋਰੀਆਂ, ਉਸ ਦੀਆਂ ਮੇਰੇ ਲਈ ਕੀਤੀਆਂ ਦੁਆਵਾਂ ਜਿਸ ਦੇ ਅੱਗੇ ਮੇਰੇ ਲਿਖੇ ਸ਼ਬਦ ਫਿੱਕੇ ‘ਤੇ ਥੋੜ੍ਹੇ ਪੈ ਜਾਂਦੇ ਹਨ। ਕਹਿੰਦੇ ਨੇ ਜਦੋਂ ਇਨਸਾਨ ਤਕਲੀਫ ‘ਚ ਹੁੰਦਾ ਹੈ ਤਾਂ ਉਸ ਦੇ ਮੂੰਹੋਂ ‘ਮਾਂ’ ਨਿਕਲਦਾ ਹੈ, ਕਿਉਂਕਿ ਮਾਂ ਦੀਆਂ ਦੁਆਵਾਂ ਦਾ ਅਸਰ ਬਹੁਤ ਹੈ। ਜਦੋਂ ਦਵਾ ਕੰਮ ਨਾ ਕਰੇ, ਤਾਂ ਮਾਂ ਦੀ ਦੁਆ ਜ਼ਰੂਰ ਕੰਮ ਕਰਦੀ ਹੈ।
ਮਾਂ ਲਈ ਉਸ ਦਾ ਬੱਚਾ, ਬੱਚਾ ਹੀ ਰਹਿੰਦਾ ਹੈ, ਚਾਹੇ ਉਹ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਵੇ। ਮਾਂ ਦਾ ਦਿਲ ਆਪਣੇ ਬੱਚਿਆਂ ਲਈ ਹਮੇਸ਼ਾ ਧੜਕਦਾ ਹੈ। ਇਸ ਤਰ੍ਹਾਂ ਹੇਵੇ ਵੀ ਕਿਉਂ ਨਾ ਆਪਣਾ ਅੰਸ਼ ਹੁੰਦੇ ਨੇ ਬੱਚੇ ਮਾਂ ਦੇ ਦਿਲ ਦਾ ਟੁਕੜਾ ਜੋ ਮਾਂ ਤੋਂ ਕੋਈ ਨਹੀਂ ਖੋਹ ਸਕਦਾ। ਮਾਂ ਦੀ ਮਮਤਾ ਨੂੰ ਚਾਰ ਲਾਈਨਾਂ ਵਿਚ ਬਿਆਨ ਕਰਨਾ ਬਹੁਤ ਔਖਾ ਹੈ।ਮਾਂ ਆਪਣੇ ਬੱਚੇ ਨੂੰ ਸਭ ਤੋਂ ਵਧ ਜਾਣਦੀ ਹੈ। ਮਾਂ ਬੱਚੇ ਨੂੰ 9 ਮਹੀਨੇ ਕੁੱਖ ‘ਚ ਰੱਖਦੀ ਹੈ, ਉਹ ਅਸਹਿ ਦਰਦ ਵੀ ਸਹਿੰਦੀ ਹੈ ਪਰ ਫਿਰ ਵੀ ਉਸ ਦੇ ਬੁੱਲ੍ਹਾਂ ‘ਤੇ ਬਸ ਇਕ ਮਿੱਠੀ ਜਿਹੀ ਮੁਸਕਾਨ ਰਹਿੰਦੀ ਹੈ।
ਮਾਂ ਬਹੁਤ ਹੀ ਲਾਡਾਂ ਨਾਲ ਆਪਣੇ ਪੁੱਤ-ਧੀ ਨੂੰ ਪਾਲਦੀ ਹੈ ਅਤੇ ਵੱਡੇ ਹੁੰਦਿਆਂ ਦੇਖਦੀ ਹੈ। ਮਾਂ ਦੇ ਲੜਾਏ ਲਾਡ, ਨਿੱਕੀ-ਨਿੱਕੀ ਗੱਲ ‘ਤੇ ਰੁੱਸਣਾ-ਮਨਾਉਣਾ, ਹਰ ਰੀਝ ਨੂੰ ਪੂਰੀ ਕਰਨਾ, ਇਹ ਮਾਂ ਨਹੀਂ ਤੇ ਹੋਰ ਕੌਣ ਹੈ? ਕਿਸੇ ਨੇ ਸੱਚ ਹੀ ਕਿਹਾ ਹੈ ਕਿ ਮਾਂ ਭਗਵਾਨ ਦਾ ਦੂਜਾ ਰੂਪ ਹੈ।ਉਹ ਮਾਂ ਜੋ ਸਾਡੇ ਲਈ ਸਾਰੀ-ਸਾਰੀ ਰਾਤ ਜਾਗਦੀ ਹੈ। ਉਸ ਲਈ ਤਾਂ ਜੇ ਅਸੀਂ ਪੂਰੀ ਜ਼ਿੰਦਗੀ ਵੀ ਦੇ ਦੇਈਏ ਤਾਂ ਥੋੜ੍ਹੀ ਹੈ। ਸਾਡੀ ਮਾਂ ਹੀ ਹੈ, ਜੋ ਕਿ ਸਾਲ ਦੇ 365 ਦਿਨ ਕੰਮ ਕਰਦੀ ਹੈ ਅਤੇ ਕਦੇ ਥੱਕਦੀ ਨਹੀਂ।
ਨਿੱਕੇ ਹੁੰਦੇ ਸਕੂਲ ਜਾਂਦੇ ਤਾਂ ਸਾਨੂੰ ਐਤਵਾਰ ਦੀ ਛੁੱਟੀ ਮਿਲਦੀ ਤੇ ਹੁਣ ਜਦੋਂ ਕੰਮਾਂ-ਕਾਰਾਂ ਜੋਗੇ ਹੋ ਗਏ ਹਾਂ ਤਾਂ ਵੀ ਸਾਨੂੰ ਛੁੱਟੀ ਮਿਲਦੀ ਹੈ ਪਰ ਮਾਂ ਨੂੰ ਨਹੀਂ। ਸਾਡੇ ਹਰ ਕੰਮ ‘ਚ ਸਹਿਯੋਗ ਕਰਨ ਵਾਲੀ, ਸਾਡੀ ਪਰੇਸ਼ਾਨੀ ਵੇਲੇ ਹਮੇਸ਼ਾ ਨਾਲ ਖੜ੍ਹੀ ਰਹਿਣ ਵਾਲੀ ਉਸ ਮਾਂ ਨੂੰ ਸਲਾਮ। ਸਾਡਾ ਵੀ ਫਰਜ਼ ਬਣਦਾ ਹੈ ਕਿ ਮਾਂ ਜੋ ਕਿ ਸਾਨੂੰ ਖੁਸ਼ ਰੱਖਣ ਅਤੇ ਸਾਡੀ ਜ਼ਿੰਦਗੀ ਨੂੰ ਸੰਵਾਰਨ ਲਈ ਆਪਣੀ ਪੂਰੀ ਜ਼ਿੰਦਗੀ ਲਾ ਦਿੰਦੀ ਹੈ, ਉਸ ਨੂੰ ਇਕ ਦਿਨ ਨਹੀਂ ਸਗੋਂ ਕਿ ਹਮੇਸ਼ਾ ਖੁਸ਼ ਰੱਖੀਏ।
ਮਾਂ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ, ਅਸੀਂ ਚੰਗੇ ਭਾਗਾਂ ਵਾਲੇ ਹਾਂ ਕਿ ਸਾਨੂੰ ਰੱਬ ਨੇ ਸੋਹਣੀ ਮਾਂ ਦਿੱਤੀ। ਸ਼ਬਦ ਜ਼ਿਹਨ ਵਿਚ ਆਉਂਦਿਆਂ ਹੀ ਠੰਢੇ ਬੁਲ੍ਹੇ ਦੀ ਤਰ੍ਹਾਂ ਦਿਲ-ਦਿਮਾਗ਼ ਤਾਂ ਕੀ ਸਰੀਰ ਦੇ ਪੂਰੇ ਨਾਰੀ ਤੰਤਰ ਵਿਚ ਇਕ ਤਰ੍ਹਾਂ ਠੰਢਕ ਪਹੁੰਚਣ ਲਗਦੀ ਹੈ ਬਸ਼ਰਤੇ ਕਿ ਉਹ ਜ਼ਿਹਨ ਇਕ ਸਪੁੱਤਰ ਜਾਂ ਸਪੁੱਤਰੀ ਦਾ ਹੋਵੇ। ਮਾਂ ਦੀ ਮਮਤਾ ਦੀ ਕੁਦਰਤੀ ਵਿਸ਼ਾਲਤਾ ਦਾ ਇਸ ਗੱਲੋਂ ਵੀ ਅਨੁਮਾਨ ਲਗਾਇਆ ਜਾ ਸਕਦਾ ਹੈ, ਜੀਵ-ਜੰਤੂਆਂ ਦੀ ਦੁਨੀਆ ਵਿਚ ਵੀ ਮਾਂ ਆਪਣੇ ਮਮਤਾਈ ਭਰੇ ਗੁਣ ਵਿਸਰਨ ਨਹੀਂ ਦਿੰਦੀ।
ਉਦਾਹਰਣ ਦੇ ਤੌਰਤੇ ਜਦੋਂ ਕਿਤੇ ਪਸ਼ੂ-ਪੰਛੀ ਦੀ ਮਾਂ ਵਿਛੜ ਜਾਏ ਤਾਂ ਜਿਵੇਂ ਉਹ ਪਸ਼ੂ ਜਾਂ ਪੰਛੀ ਅੜਿੰਗ-ਅੜਿੰਗ ਕੇ ਵਾਜਾਂ ਮਾਰਦਾ ਹੈ ਉਹ ਕਈ ਛੋਟੇ ਦਿਲ ਵਾਲਿਆਂ ਕੋਲੋਂ ਦੇਖਿਆ ਨਹੀਂ ਜਾ ਸਕਦਾ, ਫਿਰ ਬੱਚੇ ਤੱਕ ਦੇ ਮੂੰਹ ਵਿਚੋਂ ਆਪ-ਮੁਹਾਰੇ ਨਿਕਲ ਜਾਂਦਾ ਹੈ ਕਿ ਇਸ ਨੂੰ ਇਸ ਦੀ ਮਾਂ ਕੋਲ ਛੱਡ ਦਿਉ। ਇਹ ਹੈ ਮਾਂ ਦੀ ਮਮਤਾ।
ਅਸੀਂ ਤਾਂ ਫਿਰ ਵੀ ਗੁਰਬਾਣੀ ਅਨੁਸਾਰ 84 ਲੱਖ ਜੀਵਾਂ ਵਿੱਚੋਂ ਇਕ ਸ਼੍ਰੇਸ਼ਟ ਜੀਵ ਅਤੇ ਬੁੱਧੀਮਾਨ ਪ੍ਰਾਣੀ ਹਾਂ, ਸਾਨੂੰ ਤਾਂ ਇਸ ਮਮਤਾ ਰੂਪੀ ਰੱਬ ਦੀ ਹੋਰ ਸਮਝ ਹੋ ਸਕਦੀ ਹੈ।ਪਰਮਾਤਮਾ ਨੇ ਇਨਸਾਨ ਨੂੰ ਦੁਨੀਆਦਾਰੀ ਵਿਚ ਵਿਚਰਨ ਲਈ ਅਨੇਕਾਂ ਰਿਸ਼ਤਿਆਂ ਨਾਲ ਜੋੜਿਆ ਹੈ ਜਿਵੇਂ ਕਿ ਭੈਣ-ਭਰਾ, ਮਾਂ-ਪਿਓ, ਦਾਦਾ-ਦਾਦੀ, ਨਾਨਾ-ਨਾਨੀ, ਮਾਮੇ-ਮਾਮੀਆਂ, ਮਾਸੀ-ਮਾਸੜ, ਤਾਏ, ਚਾਚੇ, ਦੋਸਤ, ਪ੍ਰੇਮੀ-ਪ੍ਰੇਮਿਕਾ, ਪਤੀ-ਪਤਨੀ ਆਦਿ। ਇਨ੍ਹਾਂ ਸਾਰੇ ਰਿਸ਼ਤਿਆਂ ‘ਚ ਸਭ ਤੋਂ ਸੱਚਾ-ਸੁੱਚਾ ਤੇ ਪਵਿੱਤਰ ਰਿਸ਼ਤਾ ਹੈ ਮਾਂ ਦਾ ਰਿਸ਼ਤਾ। ਪਰਮਾਤਮਾ ਵੱਲੋਂ ਵੀ ਮਾਂ ਦੇ ਰਿਸ਼ਤੇ ਨੂੰ ਉੱਚਾ ਦਰਜਾ ਦਿਿੱਤਾ ਹੈ
ਹਰਮਨਜੋਤ ਕੌਰ