ਜ਼ਮੀਰ ਦੀ ਅੱਗ

ਸਤਨਾਮ  ਸਮਾਲਸਰੀਆ
(ਸਮਾਜ ਵੀਕਲੀ)

ਉਹ ਮੇਰੀ ਅਵਾਜ਼ ਨੂੰ
ਆਪਣੀ ਰਾਜ਼ਸੀ ਤਾਕਤ ਨਾਲ
ਦਬਾਉਣ ਨੂੰ ਫਿਰਦੇ ਨੇ
ਤੇ ਸੋਚਦੇ ਨੇ
ਕਿ ਮੈਂ ਮੁਹਰਾ ਬਣ ਕੇ ਰਹਾਂ
ਉਨ੍ਹਾਂ ਦਾ ।
ਤੇ ਉਨ੍ਹਾਂ ਦੀ ਵਾਹ ਵਾਹ ਦੇ ਕਿੱਸੇ
ਗਾਉਂਦਾ ਰਹਾਂ
ਪਰ ਮੈਂ ਆਪਣੇ ਜ਼ਮੀਰ ਨਾਲ ਸੌਦਾ
ਕਿਵੇਂ ਕਰਾਂ ।
ਇਹ ਮੈਨੂੰ ਮਨਜ਼ੂਰ ਨਹੀਂ
ਪੰਜਾਂ ਸਾਲਾਂ ਬਾਦ
ਵੋਟਾਂ ਨਾਲ ਆਪਣੇ ਜਿੱਤ ਦੇ
ਗਰੂਰ ਵਿੱਚ ਭੁੱਲ ਜਾਂਦੇ
ਝੋਨਾਂ ਲਾਉਂਦੇ ਖੇਤੂ ਲਿਆਂਦੇ
ਬਾਪੂ ਛਿੰਦੀ ਨੂੰ
ਜਿਹੜਾ ਵੋਟ ਪਾਉਣ ਤੋਂ ਬਾਦ
ਉਸੇ ਜੀਪ ਦੀ ਉਡੀਕ ਵਿੱਚ
ਆਪਣੀ ਸਾਰੀ ਦਿਹਾੜੀ ਫੋੜ ਲੈਦਾਂ ਹੈ।
ਹੁਣ ਜਦੋਂ ਕਦੇ ਮੈਂ
ਉਨ੍ਹਾਂ ਦੀ ਜਿੱਤ ਪਿੱਛੇ ਦੇ ਰਾਜ ਨੰਗੇ
ਕਰਨ ਦੀ ਕੋਸ਼ਿਸ਼ ਕਰਦਾ ਹਾਂ
ਤਾਂ ਉਹ ਕਹਿੰਦੇ ਨੇ ਕਿ
ਤੂੰ ਪਿੰਡ ਦੀ ਗੱਲ ਨਾ ਕਰਿਆ ਕਰ
ਆਪਣੇ ਘਰ ਤੱਕ ਸੀਮਤ ਰਿਹਾ ਕਰ
ਪਰ ਉਹ ਇਹ ਨਹੀਂ ਜਾਣਦੇ
ਕਿ ਤੁਸੀਂ ਇਸ ਸੀਨੇ ਦੀ ਅੱਗ ਨੂੰ
ਜਿੰਨ੍ਹਾ ਦਬਾਉਣ ਦੀ ਕੋਸ਼ਿਸ਼ ਕਰੋਗੇ
ਇਹ ਅੱਗ ਉਨ੍ਹੇ ਹੀ ਭਾਬੜ ਬਣਕੇ
ਤੁਹਾਡੇ ਘਰਾਂ ਤੱਕ ਪਹੁੰਚ ਜਾਵੇਗੀ
ਇਹ ਜ਼ਿੰਦਾ ਜ਼ਮੀਰ ਦੀ ਅੱਗ ਏ
ਕਿਸੇ ਦੇ ਚੁੱਲਿਉਂ ਉਧਾਰੀ ਲਈ ਅੱਗ ਨਹੀਂ।

ਸਤਨਾਮ ਸਮਾਲਸਰੀਆ
ਸੰਪਰਕ 9710860004

Previous articleਮਾਂ
Next articleਖੇਤੀਬਾੜੀ ਵਿਭਾਗ ਵੱਲੋਂ ਸੁਪਰ ਸੀਡਰ ਦੀ ਪ੍ਰਦਰਸ਼ਨੀ ਅਤੇ ਪਰਾਲੀ ਪ੍ਰਬੰਧਨ ਜਾਗਰੂਕਤਾ ਕੈਂਪ ਲਗਾਇਆ – ਗੁਰਦੀਪ ਸਿੰਘ