ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਵੱਲੋਂ ਲਾਹੌਰ ਸਮਾਗਮ ਦੌਰਾਨ ਕੀਤੀ ਟਿੱਪਣੀਆਂ ਨਾਲ ਭਾਜਪਾ ਤੇ ਕਾਂਗਰਸ ਦਰਮਿਆਨ ਸ਼ਬਦੀ ਜੰਗ ਛਿੜ ਗਈ ਹੈ। ਸੱਤਾਧਾਰੀ ਪਾਰਟੀ ਨੇ ਥਰੂਰ ’ਤੇ ਭਾਰਤ ਦਾ ‘ਆਦਰ-ਮਾਣ ਅਤੇ ਸਾਖ਼’ ਘਟਾਉਣ ਦਾ ਦੋਸ਼ ਲਾਇਆ ਹੈ। ਭਾਜਪਾ ਨੇ ਹੈਰਾਨੀ ਜਤਾਉਂਦਿਆਂ ਕਿਹਾ ਕਿ ਕੀ ਰਾਹੁਲ ਗਾਂਧੀ ਪਾਕਿਸਤਾਨ ਵਿੱਚ ਚੋਣ ਲੜਨ ਦੇ ਇੱਛੁਕ ਤਾਂ ਨਹੀਂ ਹਨ।
ਉਧਰ ਵਿਰੋਧੀ ਪਾਰਟੀ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਨੇ ਤੱਤਾਂ ਤੇ ਤੱਥਾਂ ਦਾ ਹਮੇਸ਼ਾ ‘ਜੁਮਲੇਬਾਜ਼ੀ’ ਨਾਲ ਜਵਾਬ ਦਿੱਤਾ ਹੈ। ਚੇਤੇ ਰਹੇ ਕਿ ਥਰੂਰ ਨੇ ਪਿਛਲੇ ਮਹੀਨੇ ਲਾਹੌਰ ਥਿੰਕ ਫੈਸਟ ਵਿੱਚ ਵਰਚੁੁਅਲ ਹਾਜ਼ਰੀ ਲਾਉਂਦਿਆਂ ਜਿੱਥੇ ਕਰੋਨਾ ਵਾਇਰਸ ਨਾਲ ਨਜਿੱਠਣ ਦੇ ਮੋਦੀ ਸਰਕਾਰ ਦੇ ਢੰਗ ਤਰੀਕੇ ਦੀ ਨੁਕਤਾਚੀਨੀ ਕੀਤੀ, ਉਥੇ ਮਹਾਮਾਰੀ ਦੌਰਾਨ ਮੁਸਲਮਾਨਾਂ ਖਿਲਾਫ਼ ਕਥਿਤ ‘ਹੱਠਧਰਮੀ ਤੇ ਪੱਖਪਾਤ’ ਬਾਰੇ ਵੀ ਬੋਲਿਆ।
ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ ਕਿ ਥਰੂਰ ਵਰਗਾ ਸੀਨੀਅਰ ਕਾਂਗਰਸੀ ਆਗੂ ਤੇ ਸੰਸਦ ਮੈਂਬਰ ਪਾਕਿਸਤਾਨੀ ਮੰਚ ਤੋਂ ਭਾਰਤ ਖਿਲਾਫ਼ ਅਜਿਹੀਆਂ ਟਿੱਪਣੀਆਂ ਕਰ ਸਕਦਾ ਹੈ।