ਖੇਤੀ ਸਬੰਧੀ ਤਿੰਨ ਕਾਨੂੰਨਾਂ ਤੇ ਰਾਸ਼ਟਰਪਤੀ ਦੀ ਮੋਹਰ ਲੱਗ ਚੁੱਕੀ ਹੈ। ਕੇਂਦਰੀ ਸਰਕਾਰ ਵੱਲੋਂ ਗੋਦੀ ਮੀਡੀਆ ਤੇ ਹਰ ਤਰੀਕੇ ਨਾਲ ਇਨ੍ਹਾਂ ਕਾਨੂੰਨਾਂ ਦੇ ਸਿਫਤਾਂ ਦੇ ਪੁੱਲ ਬੰਨ੍ਹੇ ਜਾ ਰਹੇ ਹਨ, ਪ੍ਰਸਾਰ ਭਾਰਤੀ ਸਰਕਾਰੀ ਕਾਰਪੋਰੇਸ਼ਨ ਹੈ,ਜਦੋਂ ਵੀ ਕੋਈ ਦੂਰਦਰਸ਼ਨ ਜਾਂ ਰੇਡੀਓ ਦਾ ਚੈਨਲ ਲਗਾਓ ਪ੍ਰਧਾਨ ਮੰਤਰੀ ਸਮੇਤ ਕੋਈ ਵੀ ਨੇਤਾ ਦਾ ਭਾਸ਼ਣ ਜਾਂ ਬਿਆਨ ਰੂਪੀ ਖਬਰ ਦੇਖਣ ਸੁਣਨ ਨੂੰ ਮਿਲਦੀ ਹੈ ਤਾਂ ਸਾਰਿਆਂ ਦੇ ਦਿਮਾਗ ਵਿੱਚ ਰਿਕਾਰਡ ਕੀਤਾ ਹੋਇਆ ਵਿਚਾਰ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਲਈ ਸਰਕਾਰ ਨੇ ਸਾਰਥਕ ਕਾਨੂੰਨ ਬਣਾਏ ਹਨ।
ਜੋ ਵਾਅਦਾ ਅਸੀਂ ਚੋਣ ਮੈਨੀਫੈਸਟੋ ਵਿੱਚ ਕੀਤਾ ਸੀ ਉਹ ਪੂਰਾ ਕਰ ਦਿੱਤਾ ਹੈ।ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਮੋਢੇ ਨਾਲ ਮੋਢਾ ਡਾਹ ਕੇ ਇਸ ਕਾਨੂੰਨ ਦੇ ਵਿਰੋਧ ਵਿੱਚ ਉਸ ਦਿਨ ਤੋਂ ਹੀ ਧਰਨੇ ਚਾਲੂ ਕਰ ਦਿੱਤੇ।ਰਾਜਨੀਤਕ ਪਾਰਟੀਆਂ ਆਪਣੀ ਕੁਰਸੀ ਸਥਾਪਤ ਰੱਖਣ ਲਈ ਹਮੇਸ਼ਾ ਜੋ ਰਾਗ ਅਲਾਪ ਰਹੀਆਂ ਹਨ, ਤੇ ਵਿਖਾਵਾ ਰੂਪੀ ਨਾਟਕ ਕਰ ਰਹੀਆਂ ਹਨ।
ਤਖ਼ਤਾਂ ਤੋਂ ਜਲੂਸ ਕੱਢਣਾ ਟਰੈਕਟਰਾਂ ਨਾਲ ਰੈਲੀਆਂ ਦੀ ਖੇਡ ਖੇਡਣੀ ਬਚਕਾਨਾ ਖੇਲ ਹੈ।ਕੇਂਦਰ ਸਰਕਾਰ ਤੇ ਵਿਧਾਨ ਸਭਾ ਲਈ ਅਸੀਂ ਮੈਂਬਰ ਚੁਣਕੇ ਭੇਜੇ ਹੋਏ ਹਨ, ਅਸੀਂ ਉਨ੍ਹਾਂ ਦੇ ਹੱਥ ਵਿੱਚ ਜੋ ਤਾਕਤ ਦਿੱਤੀ ਹੋਈ ਹੈ ਉਸ ਨੂੰ ਵਿਸਾਰ ਕੇ ਡਰਾਮੇ ਕਰ ਰਹੀਆਂ ਹਨ।ਪਰ ਸਾਡੀ ਖੇਤੀ ਜਿਸ ਦੇ ਦੋ ਮਹਾਨ ਪਹੀਏ ਕਿਸਾਨ ਤੇ ਮਜ਼ਦੂਰ ਮੋਢੇ ਨਾਲ ਮੋਢਾ ਡਾਹ ਕੇ ਖੜ੍ਹੇ ਹਨ, ਸਮੇਂ ਸਮੇਂ ਤੇ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਜੋ ਕੁਝ ਕਰਨਾ ਹੈ,ਕਰ ਰਹੇ ਹਨ ਤੇ ਕਰਦੇ ਰਹਿਣਗੇ।ਰਾਜਨੀਤਕ ਪਾਰਟੀਆਂ ਦੇ ਨਾਟਕ ਵੇਖਣੇ ਪੂਰਨ ਤੌਰ ਤੇ ਬੰਦ ਹਨ।
ਕਿਤੇ ਵੀ ਆਪਣੇ ਮੁਜ਼ਾਹਰਿਆਂ ਜਾਂ ਧਰਨਿਆਂ ਵਿੱਚ ਕਿਸੇ ਵੀ ਰਾਜਨੀਤਕ ਪਾਰਟੀ ਦੇ ਨੇਤਾਵਾਂ ਨੂੰ ਹਾਜ਼ਰ ਨਹੀਂ ਹੋਣ ਦਿੰਦੇ, ਕਿਉਂਕਿ ਸਾਡਾ ਪੰਜਾਬ ਦਾ ਹਰ ਨਾਗਰਿਕ ਜਾਣ ਗਿਆ ਹੈ। ਕਿ ਲਿੱਬੜੀਆਂ ਮੱਝਾਂ ਸਾਰੇ ਬੱਗ ਨੂੰ ਲਬੇੜ ਦਿੰਦੀਆਂ ਹਨ, ਕਿਸਾਨਾਂ ਤੇ ਮਜ਼ਦੂਰਾਂ ਦੇ ਕੁਝ ਸੋਝੀ ਵਾਲੇ ਮੈਂਬਰ ਗੁਪਤ ਪਹਿਰੇਦਾਰੀ ਤੇ ਲਗਾਏ ਹੋਏ ਹਨ, ਤਾਂ ਜੋ ਰਾਜਨੀਤਕ ਨੇਤਾ ਤਾਂ ਦੂਰ ਦੀ ਗੱਲ ਹੈ ਕੋਈ ਵੀ ਰੰਗ ਵਿੱਚ ਭੰਗ ਪਾਉਣ ਵਾਲਾ ਆਦਮੀ ਉਨ੍ਹਾਂ ਦੇ ਇਕੱਠਾਂ ਵਿੱਚ ਕਿਸੇ ਵੀ ਰੂਪ ਵਿੱਚ ਸ਼ਾਮਲ ਨਾ ਹੋ ਸਕੇ।
ਸਾਡੀ ਨੌਜਵਾਨ ਪੀੜ੍ਹੀ ਪਹਿਲੀ ਵਾਰ ਧਰਨਿਆਂ ਵਿੱਚ ਮੁੱਖੀ ਬਣ ਕੇ ਨਿੱਤਰੀ ਹੈ।ਸਾਡੇ ਮਹਾਨ ਕਲਾਕਾਰ ਤੇ ਗਾਇਕ ਵੀ ਆਪਣੇ ਤਰੀਕੇ ਨਾਲ ਧਰਨਿਆਂ ਚ ਆਪਣੀ ਹਾਜ਼ਰੀ ਲਗਵਾ ਰਹੇ ਹਨ। ਮਹਾਨ ਭਾਰਤ ਖੇਤੀ ਪ੍ਰਧਾਨ ਮੁਲਕ ਹੈ ਸਾਰੀ ਦੁਨੀਆਂ ਜਾਣਦੀ ਹੈ, ਜਿਸ ਵਿੱਚ ਪੰਜਾਬ ਖੇਤੀ ਦਾ ਮੁੱਖ ਥੰਮ ਹੈ। ਆਰਥਿਕ ਰੂਪ ਵਿੱਚ ਦੁਨੀਆਂ ਦੇ ਸਾਰੇ ਮਨੁੱਖ ਦੁੱਖ ਭੋਗ ਰਹੇ ਹਨ,ਪਰ ਭਾਰਤ ਲਈ ਆਰਥਿਕ ਨੀਤੀ ਖੇਤੀ ਦੇ ਉੱਤੇ ਖੜ੍ਹੀ ਹੈ।
ਜੇ ਸਾਡੀ ਇੱਕ ਫ਼ਸਲ ਖ਼ਰਾਬ ਮੌਸਮ ਕਾਰਨ ਖ਼ਰਾਬ ਵੀ ਹੋ ਜਾਵੇ,ਤਾਂ ਦੂਸਰੀ ਫਸਲ ਤਾਂ ਤਿਆਰ ਹੋ ਹੀ ਜਾਂਦੀ ਹੈ।ਸਾਡਾ ਆਰਥਿਕ ਗਾਰਡਰ ਖੇਤੀ ਹੈ,ਜਿਸ ਨੂੰ ਸਰਕਾਰ ਵੱਡੇ ਘਰਾਣਿਆਂ ਦੇ ਹੱਥ ਦੇਣ ਲਈ ਖਾਸ ਕਾਨੂੰਨ ਬਣਾਇਆ ਹੈ। ਭਾਰਤ ਸਰਕਾਰ ਤਵੇ ਦਾ ਇੱਕ ਪਾਸਾ ਵੇਖ ਰਹੀ ਹੈ, ਦੂਸਰੇ ਪਾਸੇ ਇਸ ਦੇ ਕਰਤਾ ਧਰਤਾ ਕਿਸਾਨ ਤੇ ਮਜ਼ਦੂਰ ਹਨ। ਖੇਤੀਬਾੜੀ ਇਨ੍ਹਾਂ ਦਾ ਜੱਦੀ ਧੰਦਾ ਤੇ ਜੱਦੀ ਜਾਇਦਾਦ ਹੈ।ਤੀਸਰੀ ਧਿਰ ਇਨ੍ਹਾਂ ਨਾਲ ਸਮਝੌਤਾ ਕਰੇ ਬਿਨਾਂ ਕਿਵੇਂ ਵਿੱਚ ਦਖ਼ਲ ਦੇ ਸਕਦੀ ਹੈ।
ਲੋਕ ਰਾਜ ਸਾਡੀ ਮੁੱਖ ਤਾਕਤ ਹੈ ਸਰਕਾਰਾਂ ਜੇ ਰਸਤਾ ਭੁੱਲ ਜਾਣ ਤਾਂ ਨਿਆਂ ਪਾਲਿਕਾ ਸਿੱਧਾ ਰਸਤਾ ਵਿਖਾ ਦਿੰਦੀ ਹੈ ਲੋਕ ਰਾਜ ਦੀ ਮੁੱਖ ਤਾਕਤ ਲੋਕ ਹਨ ਇਹ ਸਰਕਾਰ ਨੂੰ ਕਿਉਂ ਭੁੱਲ ਗਿਆ? ਸਾਡੀ ਮਹਾਨ ਖੇਤੀਬਾੜੀ ਜਿਸ ਵਿੱਚ ਮੁੱਖ ਚਾਹ ਅਤੇ ਗਰਮ ਮਸਾਲੇ ਹਨ। ਜਿਨ੍ਹਾਂ ਵਿੱਚ ਪੂਰੀ ਦੁਨੀਆਂ ਵਿੱਚ ਭਾਰਤ ਮੁੱਖ ਹੈ।ਈਸਟ ਇੰਡੀਆ ਕੰਪਨੀ ਵੀ ਇਨ੍ਹਾਂ ਚੀਜ਼ਾਂ ਦਾ ਵਪਾਰ ਕਰਨ ਲਈ ਹੀ ਭਾਰਤ ਵਿੱਚ ਆਈ ਸੀ। ਸਾਡੇ ਨਾਲੋਂ ਪਹਿਲਾਂ ਚਾਹ ਦਾ ਸਵਾਦ ਚੀਨ ਨੂੰ ਆਇਆ ਸੀ, ਅੰਗਰੇਜ਼ਾਂ ਦੇ ਮਨ ਨੂੰ ਭਾਅ ਗਿਆ,ਪਰ ਘਰ ਕੁਝ ਵੀ ਨਹੀਂ ਸੀ।
ਅਸਾਮ ਵਿੱਚ ਚਾਹ ਦੇ ਬਾਗ ਵਿਦੇਸ਼ੀ ਕੰਪਨੀਆਂ ਨੇ ਹੀ ਖਰੀਦੇ ਹੋਏ ਹਨ ਚਾਹ ਸਾਡੇ ਮੁਲਕ ਦੀ ਹੈ! ਉਸ ਦੀ ਪੈਕਿੰਗ ਉੱਤੇ ਅੰਗਰੇਜ਼ੀ ਨਾਮ ਕਿਉਂ ਉੱਕਰੇ ਗਏ,ਸਾਡੀ ਕਮਜ਼ੋਰ ਰਾਜਨੀਤੀ ਨੇ ਪੂਰੇ ਦੇਸ਼ ਦੀ ਵਾਗਡੋਰ ਅੰਗਰੇਜ਼ਾਂ ਦੇ ਹੱਥ ਵਿੱਚ ਦੇ ਦਿੱਤੀ| ਆਪਣੇ ਦੇਸ਼ ਦੀ ਵਧੀਆ ਚਾਹ ਦੀਆਂ ਕਿਸਮਾਂ ਵਿਦੇਸ਼ਾਂ ਵਿੱਚ ਵਰਤੀਆਂ ਜਾਂਦੀਆਂ ਹਨ! ਤੇ ਸਾਡੇ ਲਈ ਬਚੀ ਹੋਈ ਤੂੜੀ ਉਸ ਦਾ ਭਾਅ ਵੀ ਵਿਦੇਸ਼ੀ ਕੰਪਨੀਆਂ ਤੈਅ ਕਰਦੀਆਂ ਹਨ! ਲਿਪਟਨ ਚਾਹ ਪੂਰੀ ਦੁਨੀਆਂ ਵਿੱਚ ਬਹੁਤ ਪਸੰਦ ਕੀਤੀ ਜਾਂਦੀ ਹੈ, ਇਹ ਭਾਰਤ ਵਿੱਚੋਂ ਤਿਆਰ ਹੁੰਦੀ ਹੈ ਜਦੋਂ ਵੀ ਇਸ ਦੀ ਮਾਤਰਾ ਘੱਟ ਜਾਂਦੀ ਹੈ ਤਾਂ ਸਾਡੇ ਦੇਸ਼ ਨੂੰ ਸਪਲਾਈ ਦੇਣੀ ਬੰਦ ਕਰ ਦਿੱਤੀ ਜਾਂਦੀ ਹੈ!
ਕਿਉਂਕਿ ਵਿਦੇਸ਼ੀ ਚਾਹ ਦੇ ਪੱਕੇ ਠਰਕੀ ਹਨ,ਉਨ੍ਹਾਂ ਦੇ ਕਿਤੇ ਮੂੰਹ ਦਾ ਸੁਆਦ ਫਿੱਕਾ ਨਾ ਪੈ ਜਾਵੇ! ਗਰਮ ਮਸਾਲੇ ਵਿੱਚ ਜਿੰਨੀਆਂ ਵੀ ਚੀਜ਼ਾਂ ਪੈਂਦੀਆਂ ਹਨ, ਸਾਰੀਆਂ ਪੈਦਾ ਕਰਨ ਵਿੱਚ ਸਾਡਾ ਸੂਬਾ ਕੇਰਲ ਅੱਗੇ ਹੈ!ਇਸ ਉੱਤੇ ਵੀ ਬਾਹਰੀ ਤੇ ਸਾਡੇ ਧਨਵਾਨਾਂ ਨੇ ਸਾਡੇ ਮਸਾਲਿਆਂ ਤੇ ਪੂਰਨ ਰੂਪ ਵਿਚ ਕਬਜ਼ਾ ਕੀਤਾ ਹੋਇਆ ਹੈ ਚੀਜ਼ਾਂ ਅਸੀਂ ਪੈਦਾ ਕਰਦੇ ਹਾਂ ਪੈਕ ਉੱਤੇ ਮੋਹਰ ਇਨ੍ਹਾਂ ਦੀ ਲੱਗੀ ਹੋਈ ਹੁੰਦੀ ਹੈ! ਮੇਰੇ ਕਿਸਾਨ ਮਜ਼ਦੂਰ ਭੈਣੋ ਤੇ ਭਰਾਵੋਂ ਨਵੇਂ ਕਨੂੰਨ ਵਿੱਚ ਕੇਂਦਰ ਸਰਕਾਰ ਨੇ ਆਪਣੀ ਕੋਈ ਵੀ ਉਪਜ ਕਿਤੇ ਵੀ ਜਾ ਕੇ ਵੇਚੋ ਇਸ ਦੀ ਖੁੱਲ੍ਹ ਦਿੱਤੀ ਹੈ!
ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਪੋਸਤ ਦੀ ਖੇਤੀ ਸਭ ਤੋਂ ਵੱਧ ਹੁੰਦੀ ਹੈ, ਆਪਾਂ ਨੂੰ ਇਹ ਮੰਗ ਰੱਖਣੀ ਚਾਹੀਦੀ ਹੈ,ਕਿ ਪੋਸਤ ਦੇ ਸਾਰੇ ਪਦਾਰਥ ਪੂਰੇ ਭਾਰਤ ਵਿੱਚ ਵਿਕਣੇ ਚਾਹੀਦੇ ਹਨ! ਮਹਾਰਾਸ਼ਟਰ ਮੱਧ ਪ੍ਰਦੇਸ਼ ਗੁਜਰਾਤ ਅਤੇ ਦੱਖਣੀ ਭਾਰਤ ਵਿੱਚ ਪੂਰਾ ਸਾਲ ਹਰ ਕਿਸਮ ਦੀ ਸਬਜ਼ੀ ਪੈਦਾ ਹੁੰਦੀ ਹੈ, ਫਿਰ ਕੇਂਦਰੀ ਸਰਕਾਰ ਤੋਂ ਇਹ ਵੀ ਮੰਗ ਕਰੋ ਤੇ ਜਿੱਥੇ ਇਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ! ਉਸ ਥਾਂ ਤੇ ਇਹ ਸਾਰੀਆਂ ਵਸਤਾਂ ਜਾਣੀਆਂ ਤੇ ਕੋਲਡ ਸਟੋਰਾਂ ਵਿਚ ਸਟੋਰ ਕਰਨੀਆਂ ਚਾਹੀਦੀਆਂ ਹਨ!
ਤਿੰਨ ਕੁ ਦਹਾਕੇ ਪਹਿਲਾਂ ਆਪਣੇ ਪੰਜਾਬ ਵਿੱਚ ਗੰਨੇ ਦੀ ਖੇਤੀ ਬਹੁਤ ਜ਼ੋਰ ਸ਼ੋਰ ਨਾਲ ਹੁੰਦੀ ਸੀ ਜਿਸ ਦਿਨ ਮਿੱਲ ਵਿੱਚ ਗੰਨਾ ਉਤਾਰ ਦਿੱਤਾ ਜਾਂਦਾ ਸੀ!ਦੂਸਰੇ ਦਿਨ ਪੈਸਾ ਤੇ ਨਾਲ ਕੁਝ ਸਸਤੀ ਚੀਨੀ ਵੀ ਦਿੰਦੇ ਸਨ! ਹੁਣ ਮਿੱਲ ਮਾਲਕਾਂ ਦੀ ਕਮਾਈ ਕਿੱਥੇ ਜਾਂਦੀ ਹੈ?ਪੁੱਛੋ ਰਸਣਾਇਕ ਖਾਦ ਸਭ ਤੋਂ ਜ਼ਿਆਦਾ ਗੁਜਰਾਤ ਵਿੱਚ ਪੈਦਾ ਹੁੰਦੀ ਹੈ,ਇਸ ਨੂੰ ਸਟੋਰ ਉਨ੍ਹਾਂ ਥਾਵਾਂ ਤੇ ਕਰਨਾ ਚਾਹੀਦਾ ਜਿਸ ਥਾਂ ਤੇ ਜ਼ਰੂਰਤ ਪੈਂਦੀ ਹੋਵੇ ਇਹ ਵੀ ਕਾਨੂੰਨ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ!
ਕਣਕ ਤੇ ਚੌਲ ਆਪਣੇ ਪੰਜਾਬ ਵਿੱਚ ਪਏ ਸੜਦੇ ਰਹਿੰਦੇ ਹਨ ਦੱਖਣੀ ਭਾਰਤ ਵਾਲੇ ਜੋ ਸਭ ਤੋਂ ਵੱਧ ਚੌਲ ਖਾਂਦੇ ਹਨ! ਉਨ੍ਹਾਂ ਨੂੰ ਮਿਲਦੇ ਨਹੀਂ ਚਾਹ ਪੱਤੀ ਤੇ ਮਸਾਲੇ ਕਿਸਾਨ ਨਹੀਂ ਕੰਪਨੀਆਂ ਵੇਚਦੀਆਂ ਹਨ ਕਿਉਂ ਉਥੋਂ ਦੇ ਕਿਸਾਨਾਂ ਨੂੰ ਵੇਚਣ ਦੀ ਖੁੱਲ੍ਹੀ ਛੋਟ ਦੇਣੀ ਚਾਹੀਦੀ ਹੈ! ਇਕੱਲੇ ਅਨਾਜ ਨਹੀਂ ਖੇਤੀ ਵਿੱਚ ਜਿੰਨੀਆਂ ਵੀ ਚੀਜ਼ਾਂ ਪੈਦਾ ਹੁੰਦੀਆਂ ਹਨ ਉਹ ਕਿਸਾਨਾਂ ਦੀ ਆਪਣੀ ਮਰਜ਼ੀ ਨਾਲ ਜਿੱਥੇ ਦਿਲ ਕਰੇ ਉੱਥੇ ਵੇਚਣ ਦੀ ਖੁੱਲ੍ਹ ਹੋਣੀ ਜ਼ਰੂਰੀ ਹੈ! ਉਹ ਵੀ ਮਿਹਨਤ ਕਰਦੇ ਹਨ ਰਾਜਸਥਾਨ ਤੇ ਮੱਧ ਪ੍ਰਦੇਸ਼ ਜੋ ਕਿ ਪੋਸਤ ਦੀ ਖੇਤੀ ਚ ਮੁੱਖ ਹੈ ਕਿ ਉਥੋਂ ਦੇ ਲੋਕ ਨਸ਼ੇੜੀ ਹਨ? ਪੰਜਾਬ ਵਿੱਚ ਸਭ ਤੋਂ ਵੱਧ ਚੌਲ ਪੈਦਾ ਕੀਤੇ ਜਾਂਦੇ ਹਨ ਕਿੰਨੇ ਕੁ ਲੋਕ ਪੰਜਾਬ ਵਿੱਚ ਚੌਲ ਖਾਂਦੇ ਹਨ?
ਆਪਣੇ ਚਾਰ ਵੱਡੇ ਮੁੱਖ ਸ਼ਹਿਰ ਮੁੰਬਈ ਕੋਲਕਾਤਾ ਚੇਨਈ ਤੇ ਦਿੱਲੀ ਹਨ!ਚਾਰਾਂ ਸ਼ਹਿਰਾਂ ਵਿੱਚ ਸਬਜ਼ੀ ਦੀ ਕੀਮਤ ਵੀ ਉੱਥੋਂ ਦੀ ਸਰਕਾਰ ਦੁਆਰਾ ਤੈਅ ਕੀਤੀ ਜਾਂਦੀ ਹੈ ਮੰਡੀਆਂ ਦੇ ਬਾਹਰ ਬੋਰਡ ਤੇ ਸਾਰੀਆਂ ਸਬਜ਼ੀਆਂ ਦੇ ਮੁੱਲ ਲਿਖੇ ਹੁੰਦੇ ਹਨ ਸਾਰੇ ਭਾਰਤ ਵਿੱਚ ਅਜਿਹਾ ਕਿਉਂ ਨਹੀਂ ? ਖਾਸ ਵਿਚਾਰਨ ਵਾਲੀਆਂ ਗੱਲਾਂ – ਪੰਜਾਬੀਆਂ ਨੂੰ ਨਿੱਤ ਮੁਹਿੰਮਾਂ ਸਾਨੂੰ ਵਿਰਸੇ ਦਾ ਮਿਲਿਆ ਇੱਕ ਰੂਪ ਹੈ!ਕਾਰਪੋਰੇਟ ਘਰਾਣੇ ਤੇ ਸਰਕਾਰਾਂ ਸਾਡੇ ਸਾਹਮਣੇ ਕਿਹੜੇ ਬਾਗ ਦੀ ਮੂਲੀ ਹਨ, ਪੰਜਾਬੀਆਂ ਦਾ ਇਤਿਹਾਸ ਦੇਖੋ ਹਰ ਜੰਗ ਮਿਲ ਕੇ ਜਿੱਤਦੇ ਹਨ ਉਹ ਸਹੀ ਰੂਪ ਹੁਣ ਸਹੀ ਸੇਧ ਵਿੱਚ ਚੱਲ ਰਿਹਾ ਹੈ!
ਪੰਜਾਬੀਆਂ ਨੇ ਅਫ਼ਗ਼ਾਨਿਸਤਾਨ ਤੇ ਰਾਜ ਕੀਤਾ ਹੈ ਹੁਣ ਉਹ ਰੂਸ ਤੇ ਅਮਰੀਕਾ ਦੀ ਤੜੀ ਨਹੀਂ ਝਁਲਦੇ ਮੁਗਲ ਸਾਮਰਾਜ ਨੂੰ ਕਿਸ ਨੇ ਖਦੇੜਿਆ ਸੀ?ਅੰਗਰੇਜ਼ ਪੰਜਾਬ ਵਿੱਚ ਸਭ ਤੋਂ ਬਾਅਦ ਵਿੱਚ ਆਏ ਸਨ ਤੇ ਪਹਿਲਾਂ ਪੰਜਾਬੀਆਂ ਨੇ ਕੱਢੇ ਸਨ! ਵਿਦੇਸ਼ੀ ਆਪਣੇ ਉੱਤੇ ਰਾਜ ਕਰਦੇ ਹੋਣ ਆਪਾਂ ਉਨ੍ਹਾਂ ਨੂੰ ਭਜਾ ਸਕਦੇ ਹਾਂ ਹੁਣ ਤਾਂ ਲੋਕ ਰਾਜ ਹੈ! ਸਾਰੇ ਪੰਜਾਬੀਓ ਇਕੱਠੇ ਹੋ ਜਾਓ ਦਿੱਲੀ ਕੋਈ ਦੂਰ ਨਹੀਂ ਰਾਜਨੀਤਕ ਪਾਰਟੀਆਂ ਨੂੰ ਕਿਸੇ ਵੀ ਰੂਪ ਵਿੱਚ ਮੂੰਹ ਲਗਾਓਗੇ ਤਾਂ ਆਪਣੇ ਮੂੰਹ ਦੀ ਖਾਓਗੇ!
ਹੁਣ ਆਪਾਂ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਅਗਲੀਆਂ ਸਰਕਾਰਾਂ ਕਿਵੇਂ ਚੁਣੀਆਂ ਹਨ ਇਹ ਵੀ ਅੱਜ ਹੀ ਤੈਅ ਕਰ ਲਵੋ!ਆਪਣੀ ਵੋਟ ਦੀ ਕੀਮਤ ਨੂੰ ਜੇ ਅੱਜ ਨਾ ਪਹਿਚਾਣਿਆ ਫੇਰ ਉਹ ਮੌਕਾ ਕਦੇ ਵੀ ਨਹੀਂ ਆਵੇਗਾ! ਤਿੰਨ ਦਹਾਕੇ ਪਹਿਲਾਂ ਬਹੁਤ ਥੋੜ੍ਹਾ ਅਨਾਜ ਪੈਦਾ ਹੁੰਦਾ ਸੀ ਪੂਰੇ ਪੰਜਾਬ ਵਿੱਚ ਸੁੱਖ ਸ਼ਾਂਤੀ ਸੀ ਆਪਣੇ ਆਮ ਲੋਕਾਂ ਨੇ ਰਾਜਨੀਤੀ ਵਿੱਚ ਪ੍ਰਧਾਨਗੀ ਅਹੁਦੇ ਲੈਣੇ ਚਾਲੂ ਕਰ ਦਿੱਤੇ ਜਿਸ ਕਾਰਨ ਆਪਣੇ ਚੰਗੇ ਹਾਲਾਂ ਦਾ ਬੁਰਾ ਹਾਲ ਹੋ ਗਿਆ!
ਅੱਜ ਆਪਣੀ ਨੌਜਵਾਨ ਪੀੜ੍ਹੀ ਪੜ੍ਹੀ ਲਿਖੀ ਹੈ ਉਹਨਾਂ ਕੋਈ ਚਾਰ ਨਹੀਂ ਸਕਦਾ ਉਨ੍ਹਾਂ ਦੀ ਉੱਚ ਸਿੱਖਿਆ ਅੱਜ ਆਪਣੀ ਕਿਸਾਨੀ ਜੰਗ ਵਿੱਚ ਮੋਹਰੀ ਹੈ! ਸਰਕਾਰਾਂ ਵੋਟਾਂ ਵੇਲੇ ਆਪਾਂ ਨੂੰ ਲੁਭਾਉਣ ਲਈ ਜਿਹੜੇ ਮੈਨੀਫੈਸਟੋ ਬਣਾਉਂਦੀਆਂ ਹਨ ਅੱਜ ਆਪਾਂ ਨੂੰ ਜ਼ਰੂਰਤ ਹੈ ਆਪਾਂ ਆਪਣੇ ਰਾਜ ਸ਼ਹਿਰ ਪਿੰਡਾਂ ਲਈ ਕੀ ਮੰਗਾਂ ਹਨ ਉਸ ਦਾ ਖਰੜਾ ਹਮੇਸ਼ਾ ਤਿਆਰ ਰੱਖੋ!
ਜਦੋਂ ਕੋਈ ਵੋਟਾਂ ਮੰਗਣ ਆਵੇ ਪਹਿਲਾਂ ਉਸ ਤੇ ਦਸਤਖਤ ਕਰਵਾ ਲਵੋ ਆਪਾਂ ਨੂੰ ਕਦੇ ਵੀ ਅਜਿਹੇ ਧਰਨੇ ਲਗਾਉਣ ਦੀ ਕਦੇ ਜ਼ਰੂਰਤ ਨਹੀਂ ਪਵੇਗੀ! ਅੱਜ ਭੁੱਲ ਜਾਓ ਜਾਤਾਂ ਧਰਮ ਭੇਦ ਭਾਵ ਜੋ ਆਪਾਂ ਨੇ ਖ਼ੁਦ ਪੈਦਾ ਕੀਤੇ ਹੋਏ ਹਨ ਆਪਾਂ ਸਭ ਭੈਣ ਭਾਈ ਹਾਂ ਮੋਢੇ ਨਾਲ ਮੋਢਾ ਜੋੜ ਕੇ ਇੱਕ ਲਲਕਾਰਾ ਮਾਰੋ ਦਿੱਲੀ ਦੇ ਕਿੰਗਰੇ ਢਹਿ ਢੇਰੀ ਹੋ ਜਾਣਗੇ!ਜੈ ਜਵਾਨ ਜੈ ਕਿਸਾਨ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ –
ਰਮੇਸ਼ਵਰ ਸਿੰਘ ਸੰਪਰਕ
ਨੰਬਰ 9914880392