ਬਠਿੰਡਾ (ਸਮਾਜ ਵੀਕਲੀ): ਕਿਸਾਨ ਅੰਦੋਲਨ ਦੇ ਘੇਰੇ ਨੂੰ ਵਿਸ਼ਾਲ ਕਰਦਿਆਂ ਕਿਸਾਨਾਂ ਨੇ ਅੱਜ ਜ਼ਿਲ੍ਹੇ ਦੇ ਦੋ ਸ਼ਹਿਰਾਂ ’ਚ ਭਾਜਪਾ ਆਗੂਆਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕੀਤਾ। ਕਾਰਪੋਰੇਟਾਂ ਦੇ ਟਿਕਾਣਿਆਂ ਤੋਂ ਇਲਾਵਾ ਰੇਲ ਪਟੜੀ ’ਤੇ ਚੱਲ ਰਹੇ ਧਰਨੇ ਪਹਿਲਾਂ ਵਾਂਗ ਅੱਜ 14ਵੇਂ ਦਿਨ ਵੀ ਬਾ-ਦਸਤੂਰ ਜਾਰੀ ਰਹੇ। ਕੇਂਦਰ ਨਾਲ ਕਿਸਾਨਾਂ ਦੇ ਵਫ਼ਦ ਦੀ ਗੱਲਬਾਤ ਬੇਨਤੀਜਾ ਰਹਿਣ ’ਤੇ ਅੰਦੋਲਨਕਾਰੀਆਂ ’ਚ ਰੋਹ ਦੀ ਜਵਾਲਾ ’ਚ ਇਜ਼ਾਫ਼ਾ ਹੋਇਆ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸੂਬਾਈ ਕਾਰਜਕਾਰੀ ਸਕੱਤਰ ਹਰਿੰਦਰ ਬਿੰਦੂ ਅਤੇ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਨੁਸਾਰ ਉਨ੍ਹਾਂ ਦੀ ਜਥੇਬੰਦੀ ਨੇ ਅੱਜ ਰਾਮਪੁਰਾ ’ਚ ਭਾਜਪਾ ਆਗੂ ਮੱਖਣ ਜਿੰਦਲ ਅਤੇ ਭੁੱਚੋ ਵਿੱਚ ਵਿਨੋਦ ਕੁਮਾਰ ਦੇ ਘਰਾਂ ਦਾ 12 ਤੋਂ 3 ਵਜੇ ਤੱਕ ਘਿਰਾਓ ਕੀਤਾ। ਉਨ੍ਹਾਂ ਕੇਂਦਰ ਅਤੇ ਕਿਸਾਨੀ ਵਫ਼ਦ ਦਰਮਿਆਨ ਹੋਈ ਅੱਜ ਦੀ ਅਣਸੁਖਾਵੀਂ ਗੱਲਬਾਤ ਬਾਰੇ ਕਿਹਾ ਕਿ ਕੇਂਦਰ ਮਾਮਲੇ ਦੇ ਹੱਲ ਲਈ ਸੰਜੀਦਾ ਨਹੀਂ।
ਉਨ੍ਹਾਂ ਕਿਹਾ ਕਿ ਇਸ ਘਟਨਾਕ੍ਰਮ ਨੇ ਕਿਸਾਨੀ ਘੋਲ ਨੂੰ ਹੋਰ ਸਖ਼ਤ ਕਰ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਤਿੱਖਾ ਤੇ ਵਿਆਪਕ ਰੂਪ ਲਵੇਗਾ। ਟੌਲ ਪਲਾਜ਼ਿਆਂ, ਸ਼ਾਪਿੰਗ ਮਾਲ, ਪੈਟਰੋਲ ਪੰਪਾਂ ਤੇ ਬਣਾਂਵਾਲੀ ਥਰਮਲ ਅੱਗੇ ਵੀ ਕਿਸਾਨ ਡਟੇ ਰਹੇ। ਇਨ੍ਹਾਂ ਧਰਨਿਆਂ ਦੌਰਾਨ ਹਰਜਿੰਦਰ ਸਿੰਘ ਬੱਗੀ, ਦਰਸ਼ਨ ਸਿੰਘ, ਬਸੰਤ ਸਿੰਘ, ਜਗਦੇਵ ਸਿੰਘ, ਕੁਲਵੰਤ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਪੂਰੇ ਸਮਾਜ ਲਈ ਖ਼ਤਰਨਾਕ ਹਨ। ਬਠਿੰਡਾ ਦੇ ਮੁਲਤਾਨੀਆ ਵਾਲੇ ਰੇਲਵੇ ਪੁਲ ਹੇਠਾਂ ਲੱਗੇ ਧਰਨੇ ਨੂੰ ਗੁਰਦਰਸ਼ਨ ਸਿੰਘ ਅਤੇ ਅਮਰਜੀਤ ਸਿੰਘ ਹਨੀ, ਬਲਕਰਨ ਸਿੰਘ ਬਰਾੜ ਨੇ ਸੰਬੋਧਨ ਕੀਤਾ।