ਕੌਮਾਂਤਰੀ ਕ੍ਰਾਂਤੀ ਦਾ ਹੀਰੋ ‘ਚੀ-ਗਵੇਰਾ’

ਚੀ ਗਵੇਰਾ

(ਸਮਾਜ ਵੀਕਲੀ)

– ਅਮਰਜੀਤ ਚੰਦਰ 

ਚੀ ਗਵੇਰਾ ਦਾ ਜਨਮ 14 ਜੂਨ 1928 ਨੂੰ ਅਰਜਨਟੀਨਾ ਦੇ ਸ਼ਹਿਰ ਰੋਜੇਰਿਓ ਵਿਚ ਹੋਇਆ। ਚੀ ਗਵੇਰਾ ਨੂੰ ਬਚਪਨ ਤੋਂ ਹੀ ਦਮੇ ਦੀ ਬਿਮਾਰੀ ਸੀ, ਜੋ ਮੌਤ ਤੱਕ ਉਸ ਦੇ ਨਾਲ ਰਹੀ, ਪਰ ਬਿਮਾਰੀ ਦੇ ਬਾਵਜੂਦ ਉਹ ਚੰਗਾ ਅਥਲੀਟ ਸੀ। ਉਸ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਪੈ ਗਿਆ। ਦਮੇ ਦੀ ਬਿਮਾਰੀ ਕਾਰਨ ਹੀ ਉਸ ਨੇ ਡਾਕਟਰੀ ਕਰਨ ਦੀ ਸੋਚੀ।ਉਨ੍ਹਾਂ ਨੇ 1953 ਵਿਚ ਡਾਕਟਰੀ ਦੀ ਪੜ੍ਹਾਈ ਪੂਰੀ ਕਰ ਲਈ ਸੀ। ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਉਸ ਨੇ ਆਪਣੇ ਮਿੱਤਰ ਨਾਲ ਮੋਟਰਸਾਈਕਲ ‘ਤੇ ਚਿੱਲੀ, ਕੋਲੰਬੀਆ, ਪੀਰੂ ਤੇ ਵੈਨਜ਼ੂਏਲਾ ਦਾ ਦੌਰਾ ਕੀਤਾ। ਇਸ ਦੌਰਾਨ ਉਸ ਨੇ ਲੋਕਾਂ ਦੀ ਗਰੀਬੀ ਤੇ ਦੁੱਖ ਦਰਦ ਦੇਖੇ, ਜਿਸ ਕਾਰਨ ਉਸ ਦਾ ਮਨ ਬਹੁਤ ਬੇਚੈਨ ਹੋ ਗਿਆ।

ਸੰਨ 1954 ਵਿਚ ਉਸ ਨੇ ਬੋਲੀਵੀਆ, ਕੋਲੰਬੀਆ, ਕੋਸਟਾਰਿਕਾ, ਪਨਾਮਾ ਤੇ ਹੋਰ ਲਾਤੀਨੀ ਦੇਸ਼ਾਂ ਦੀ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਉਸ ਨੇ ਕੋਹੜ ਆਸ਼ਰਮਾਂ ਵਿਚ ਜਾ ਕੇ ਕੋਹੜੀਆਂ ਦਾ ਇਲਾਜ ਕੀਤਾ। ਜਦੋਂ ਉਸ ਨੇ ਡਾਕਟਰੀ ਪੂਰੀ ਕੀਤੀ ਤਾਂ ਉਸ ਵੇਲੇ ਅਰਜਨਟੀਨਾ ਵਿਚ ਪੀਰੋਨ ਨਾਂ ਦੇ ਤਾਨਾਸ਼ਾਹ ਦੀ ਸਰਕਾਰ ਸੀ ਤੇ ਉਸ ਸਮੇਂ ਨੌਜਵਾਨਾਂ ਦੇ ਡਾਕਟਰ ਬਣਨ ਲਈ ਫੌਜੀ ਨੌਕਰੀ ਜ਼ਰੂਰੀ ਸੀ। ਚੀ ਗਵੇਰਾ ਦੀ ਇਹ ਨੌਕਰੀ ਕਰਨ ਦੀ ਉਕਾ ਹੀ ਇੱਛਾ ਨਹੀਂ ਸੀ, ਜਿਸ ਕਰਕੇ ਉਹ ਬਰਫ ਵਰਗੇ ਠੰਡੇ ਪਾਣੀ ਨਾਲ ਨਹਾਤਾ ਤੇ ਉਸ ਨੂੰ ਦਮੇ ਦਾ ਦੌਰਾ ਪੈ ਗਿਆ। ਉਹ ਮੈਡੀਕਲ ਬੋਰਡ ਅੱਗੇ ਪੇਸ਼ ਹੋਇਆ ਤਾਂ ਉਸ ਨੂੰ ਛੁੱਟੀ ਮਿਲ ਗਈ।

ਇਸ ਪਿਛੋਂ ਚੀ ਗਵੇਰਾ ਦੱਖਣੀ ਅਮਰੀਕਾ ਦੀ ਯਾਤਰਾ ‘ਤੇ ਇਕੱਲਾ ਹੀ ਨਿਕਲ ਪਿਆ। ਸਭ ਤੋਂ ਪਹਿਲਾਂ ਉਹ ਬੋਲੀਵੀਆ ਗਿਆ। ਉਥੇ ਕਾਲੋਨੀਆਂ ਵਿਚ ਮਜ਼ਦੂਰਾਂ ਦੇ ਹਾਲਾਤ ਦੇਖੇ ਤਾਂ ਸਰਕਾਰ ਦੇ ਸੁਧਾਰ ਉਸ ਨੂੰ ਸਿਰਫ ਖਾਨਾਪੂਰਤੀ ਲੱਗੇ। ਬੋਲੀਵੀਆ ਦੀ ਰਾਜਧਾਨੀ ਵਿਚ ਰਹਿੰਦਿਆਂ ਹੀ ਉਸ ਨੂੰ ਗੁਆਟੇਮਾਲਾ ਦੀ ਅਰਬੈਂਜ਼ ਸਰਕਾਰ ਵਲੋਂ ਲੋਕ ਭਲਾਈ ਦੇ ਕੀਤੇ ਜਾ ਰਹੇ ਕੰਮਾਂ ਬਾਰੇ ਪਤਾ ਲੱਗਾ ਤਾਂ ਉਹ ਉਥੇ ਪਹੁੰਚ ਗਿਆ। ਗੁਆਟੇਮਾਲਾ ਦੀ ਸਰਕਾਰ ਨੇ ਅਮਰੀਕਾ ਦੀ ਬਹੁ-ਕੌਮੀ ਕੰਪਨੀ ‘ਯੂਨਾਈਟਿਡ ਫਰੂਟ ਕੰਪਨੀ’ ਤੋਂ 556 ਹਜ਼ਾਰ ਹੈਕਟੇਅਰ ਜ਼ਮੀਨ ਜ਼ਬਤ ਕਰਕੇ ਆਮ ਲੋਕਾਂ ਵਿਚ ਵੰਡ ਦਿੱਤੀ ਤੇ ਮਜ਼ਦੂਰਾਂ ਦਾ ਮਿਹਨਤਾਨਾ ਦੁੱਗਣਾ ਕਰ ਦਿੱਤਾ, ਜਿਸ ਕਰਕੇ ਗੁਆਟੇਮਾਲਾ ਦੀ ਅਰਬੈਂਜ਼ ਸਰਕਾਰ ਅਮਰੀਕਾ ਦੀਆਂ ਅੱਖਾਂ ਵਿਚ ਖਟਕਦੀ ਸੀ ਤੇ ਅਮਰੀਕਾ ਅਰਬੈਂਜ਼ ਸਰਕਾਰ ਦਾ ਤਖਤਾ ਪਲਟਣ ਲਈ ਬਜ਼ਿੱਦ ਸੀ। ਇਸ ਵਿਚ ਅਮਰੀਕਾ ਸਫਲ ਵੀ ਹੋਇਆ। ਉਥੋਂ ਦੀ ਸੱਤਾ ਅਮਰੀਕੀ ਸਮਰਥਕ ਕਸਟਿਕੋ ਆਰਾਮ ਨੂੰ ਦੇ ਦਿੱਤੀ ਗਈ ਤੇ ਰਾਸ਼ਟਰਪਤੀ ਅਰਬੈਂਜ਼ ਅਰਜਨਟੀਨਾ ਚਲਾ ਗਿਆ। ਚੀ ਗਵੇਰਾ ਨੇ ਉਸ ਪਿਛੋਂ ਅਰਬੈਂਜ਼ ਦੇ ਸਮਰਥਨ ਲਈ ਜਨਤਾ ਨੂੰ ਇੱਕ-ਜੁੱਟ ਕਰਦਿਆਂ ਰੋਸ ਮੁਜਾਹਰਿਆਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਚੀ ਗਵੇਰਾ ਸੀ. ਆਈ. ਏ. ਦੀ ਹਿੱਟ ਲਿਸਟ ‘ਤੇ ਆ ਗਿਆ ਤੇ ਬਾਅਦ ਵਿਚ ਬਾਗੀਆਂ ਨੂੰ ਦੇਸ਼ ਨਿਕਾਲਾ ਦੇ ਕੇ ਮੈਕਸੀਕੋ ਭੇਜ ਦਿੱਤਾ ਗਿਆ। ਚੀ ਗਵੇਰਾ ਵੀ ਉਨ੍ਹਾਂ ਵਿਚ ਸ਼ਾਮਿਲ ਸੀ।

ਮੈਕਸੀਕੋ ਪਹੁੰਚ ਕੇ ਚੀ ਗਵੇਰਾ ਨੇ ਸ਼ਰਨਾਰਥੀ ਕੈਂਪਾਂ ਵਿਚ ਲੋਕਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਇਕ ਕੈਂਪ ਵਿਚ ਰਾਉਲ ਕਾਸਤਰੋ ਆਇਆ, ਉਸ ਦੀ ਉਂਗਲੀ ‘ਤੇ ਜ਼ਖਮ ਸੀ। ਇਤਫਾਕ ਵਸ ਰਾਉਲ ਚੀ ਗਵੇਰਾ ਕੋਲ ਹੀ ਇਲਾਜ ਕਰਵਾਉਣ ਆ ਗਿਆ। ਚੀ ਗਵੇਰਾ ਨੇ ਕਿਹਾ ਕਿ ਜ਼ਖਮ ਗਹਿਰਾ ਹੋਣ ਕਾਰਨ 6-7 ਦਿਨ ਪੱਟੀ ਕਰਵਾਉਣੀ ਪਵੇਗੀ। ਕਾਸਤਰੋ ਅਗਲੇ ਦਿਨ ਫਿਰ ਆਇਆ ਤਾਂ ਦੋਹਾਂ ਵਿਚਾਲੇ ਗੱਲਬਾਤ ਦਾ ਸਿਲਸਿਲਾ ਚੱਲ ਪਿਆ। ਇਸ ਦੌਰਾਨ ਜਦ ਚੀ ਗਵੇਰਾ ਨੇ ਕਾਸਤਰੋ ਨੂੰ ਉਨ੍ਹਾਂ ਦੇ ਆਗੂ ਬਾਰੇ ਪੁੱਛਿਆ ਤਾਂ ਰਾਉਲ ਕਾਸਤਰੋ ਨੇ ਜਵਾਬ ਦਿੱਤਾ ਕਿ ਉਸ ਦਾ ਵੱਡਾ ਭਰਾ ਫਿਦੇਲ ਕਾਸਤਰੋ ਉਨ੍ਹਾਂ ਦਾ ਆਗੂ ਹੈ। ਚੀ ਗਵੇਰਾ ਨੇ ਉਸ ਨੂੰ ਮਿਲਣ ਦੀ ਇੱਛਾ ਜਾਹਰ ਕੀਤੀ।

ਅਗਲੇ ਹੀ ਦਿਨ ਚੀ ਗਵੇਰਾ ਤੇ ਫਿਦੇਲ ਕਾਸਤਰੋ ਦੀ ਮੁਲਾਕਾਤ ਹੋਈ। ਫਿਦੇਲ ਨੇ ਚੀ ਗਵੇਰਾ ਨੂੰ ਪੁੱਛਿਆ, “ਤੁਸੀਂ ਕੀ ਕਰਦੇ ਹੋ?” ਚੀ ਗਵੇਰਾ ਨੇ ਜਵਾਬ ਦਿੱਤਾ, “ਮੈਂ ਡਾਕਟਰ ਹਾਂ ਅਤੇ ਮਜ਼ਦੂਰਾਂ ਤੇ ਲੋੜਵੰਦਾਂ ਦਾ ਇਲਾਜ ਕਰਦਾ ਹਾਂ।”

ਫਿਦੇਲ ਨੇ ਚੀ ਗਵੇਰਾ ਨੂੰ ਕਿਹਾ, “ਤੁਸੀਂ ਕੋਹੜ ਦਾ ਇਲਾਜ ਕਰਦੇ ਹੋ, ਕੀ ਤੁਹਾਡੇ ਇਲਾਜ ਕਰਨ ਨਾਲ ਕੋਹੜ ਘਟ ਰਿਹਾ ਹੈ ਜਾਂ ਵਧ ਰਿਹਾ ਹੈ?”
ਚੀ ਗਵੇਰਾ ਨੇ ਕਿਹਾ, “ਮੈਂ 10 ਰੋਗੀ ਠੀਕ ਕਰਦਾ ਹਾਂ ਤੇ ਅਗਲੇ ਦਿਨ 20 ਆ ਜਾਂਦੇ ਹਨ। 20 ਠੀਕ ਕਰਦਾ ਹਾਂ ਤਾਂ ਅਗਲੇ ਦਿਨ 50 ਆ ਜਾਂਦੇ ਹਨ। ਇਸ ਤਰ੍ਹਾਂ ਤਾਂ ਕੋਹੜ ਵੱਧ ਹੀ ਰਿਹਾ ਹੈ।”
ਫਿਦੇਲ ਨੇ ਚੀ ਗਵੇਰਾ ਨੂੰ ਕਿਹਾ, “ਤੇਰੇ ਇਲਾਜ ਦੇ ਬਾਵਜੂਦ ਕੋਹੜ ਵਧ ਰਿਹਾ ਹੈ ਤਾਂ ਇਹ ਖਤਮ ਕਿਵੇਂ ਹੋਵੇਗਾ?” ਚੀ ਗਵੇਰਾ ਨਿਰਉਤਰ ਹੋ ਗਿਆ। ਫਿਦੇਲ ਨੇ ਕਿਹਾ, “ਸੋਚ ਲੈ। ਜਦੋਂ ਤੈਨੂੰ ਪਤਾ ਲੱਗ ਜਾਵੇ ਤਾਂ ਮੇਰੇ ਕੋਲ ਆ ਜਾਵੀਂ।”

ਇਸ ਪਿਛੋਂ ਚੀ ਗਵੇਰਾ ਕਈ ਦਿਨ-ਰਾਤ ਸੋਚਦਾ ਰਿਹਾ ਤੇ ਉਸ ਦਾ ਮਨ ਬੇਚੈਨ ਰਿਹਾ, ਪਰ ਉਸ ਨੂੰ ਕੋਈ ਉਤਰ ਨਾ ਸੁੱਝਾ। ਉਹ ਮੁੜ ਫਿਦੇਲ ਕਾਸਤਰੋ ਕੋਲ ਗਿਆ ਤੇ ਕਿਹਾ, “ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਕੋਹੜ ਕਿਵੇਂ ਖਤਮ ਹੋਵੇਗਾ, ਪਰ ਮੈਂ ਇਸ ਨੂੰ ਕਿਸੇ ਵੀ ਕੀਮਤ ‘ਤੇ ਖਤਮ ਕਰਨਾ ਚਾਹੁੰਦਾ ਹਾਂ।”

ਫਿਦੇਲ ਕਾਸਤਰੋ ਨੇ ਕਿਹਾ, “ਜਦੋਂ ਤੱਕ ਤੂੰ ਇਹ ਨਹੀਂ ਪਤਾ ਕਰੇਂਗਾ ਕਿ ਕੋਹੜ ਕਿਥੋਂ ਪੈਦਾ ਹੁੰਦਾ ਹੈ, ਤੂੰ ਇਸ ਨੂੰ ਖਤਮ ਨਹੀਂ ਕਰ ਸਕਦਾ। ਜਾ ਕੇ ਦੇਖ ਲੋਕ ਕਿੰਨੇ ਗੰਦੇ ਹਾਲਾਤ ਵਿਚ ਰਹਿ ਰਹੇ ਹਨ। ਉਨ੍ਹਾਂ ਕੋਲ ਖਾਣ ਲਈ ਰੋਟੀ ਨਹੀਂ ਤੇ ਰਹਿਣ ਲਈ ਵੀ ਗੰਦੀਆਂ ਬਸਤੀਆਂ ਹਨ। ਸਾਰੇ ਸੋਮਿਆਂ ‘ਤੇ ਸਰਮਾਏਦਾਰਾਂ ਦਾ ਕਬਜ਼ਾ ਹੈ। ਜੇ ਕੋਹੜ ਨੂੰ ਖਤਮ ਕਰਨਾ ਹੈ ਤਾਂ ਉਨ੍ਹਾਂ ਦੇ ਹਾਲਾਤ ਬਦਲਨੇ ਪੈਣਗੇ।”

ਚੀ ਗਵੇਰਾ ਨੇ ਕਿਹਾ, “ਲੋਕਾਂ ਦੇ ਹਾਲਾਤ ਕਿਵੇਂ ਬਦਲੇ ਜਾ ਸਕਦੇ ਹਨ?” ਤਾਂ ਫਿਦੇਲ ਕਾਸਤਰੋ ਨੇ ਬੰਦੂਕ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਸ ਲਈ ਹਥਿਆਰ ਚੁੱਕਣੇ ਪੈਣਗੇ, ਕਿਉਂਕਿ ਇਸ ਤੋਂ ਬਿੰਨਾ ਕੋਈ ਹੋਰ ਚਾਰਾ ਨਹੀਂ। ਚੀ ਗਵੇਰਾ ਨੇ ਬੰਦੂਕ ਚੁੱਕੀ ਤੇ ਕਿਹਾ, “ਮੈਂ ਹੁਣ ਜਾਣ ਗਿਆ ਹਾਂ ਕਿ ਮੇਰੀ ਮੰਜ਼ਿਲ ਤੇ ਰਸਤਾ ਕੀ ਹੈ?”

ਇਸ ਪਿਛੋਂ ਚੀ ਗਵੇਰਾ ਤੇ ਫਿਦੇਲ ਕ੍ਰਾਂਤੀ ਦੀਆਂ ਯੋਜਨਾਵਾਂ ਬਣਾਉਂਦੇ ਤੇ ਲੋਕਾਂ ਨੂੰ ਇਕਜੁੱਟ ਕਰਦੇ। ਉਨ੍ਹਾਂ ਨੇ ਕਿਊਬਾ ਪਹੁੰਚਣ ਲਈ ਗਰਹਮਾ ਨਦੀ ਦੀ ਚੋਣ ਕੀਤੀ ਤੇ ਨਵੰਬਰ 1956 ਵਿਚ ਕਿਸ਼ਤੀ ਰਾਹੀਂ ਯਾਤਰਾ ਸ਼ੁਰੂ ਕੀਤੀ। ਕਿਸ਼ਤੀ ਵਿਚ ਸਿਰਫ ਕੁਝ ਲੋਕ ਹੀ ਬੈਠ ਸਕਦੇ ਸਨ, ਪਰ ਫਿਦੇਲ ਕਾਸਤਰੋ, ਰਾਉਲ ਕਾਸਤਰੋ ਤੇ ਚੀ ਗਵੇਰਾ ਸਮੇਤ ਕੁੱਲ 81 ਲੋਕ ਕਿਸ਼ਤੀ ਵਿਚ ਸਵਾਰ ਹੋ ਗਏ। ਰਸਤੇ ਵਿਚ ਕੁਝ ਲੋਕ ਡੁੱਬਣ ਕਰਕੇ ਮਰ ਗਏ। 25 ਨਵੰਬਰ 1956 ਨੂੰ ਕਿਊਬਾ ਪਹੁੰਚਦੇ ਸਾਰ ਹੀ ਬਤਿਸਤਾ ਦੀਆਂ ਫੌਜਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਰਾਉਲ, ਫਿਦੇਲ ਤੇ ਚੀ ਗਵੇਰਾ ਸਮੇਤ ਸਿਰਫ 20 ਸਾਥੀ ਹੀ ਬਚ ਸਕੇ। ਚੀ ਗਵੇਰਾ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਅਗਲੇ ਕਈ ਦਿਨ ਫੌਜੀ ਤੇ ਹਵਾਈ ਹਮਲਿਆਂ ਦਾ ਸਾਹਮਣਾ ਕਰਦਿਆਂ

ਕ੍ਰਾਂਤੀਕਾਰੀ ਜੰਗਲਾਂ ਰਾਹੀਂ ਅੱਗੇ ਵਧਦੇ ਰਹੇ। ਚੀ ਗਵੇਰਾ ਸਿਆਰਾ ਮੇਤਰਾ ਦੀਆਂ ਪਹਾੜੀਆਂ ਵਿਚ ਲੁਕ ਗਿਆ, ਜਿੱਥੇ ਉਨ੍ਹਾਂ ਨੇ ਮਜ਼ਦੂਰਾਂ ਤੇ ਕਿਸਾਨਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਉਨ੍ਹਾਂ ਨੇ ਇਨ੍ਹਾਂ ਪਹਾੜੀਆਂ ਦੇ ਨਾਲ ਬਤਿਸਤਾ ਫੌਜ ਦੀਆਂ ਚੌਕੀਆਂ ਖਦੇੜ ਦਿੱਤੀਆਂ ਤੇ ਕਈ ਜ਼ਮੀਨੀ ਸੁਧਾਰ ਕੀਤੇ। 2 ਜੂਨ 1959 ਨੂੰ ਆਪਣੀ ਹੀ ਇੱਕ ਇਨਕਲਾਬੀ ਸਾਥਣ ਅਲੇਡਾ ਮਾਰਚ ਨਾਲ ਚੀ ਗਵੇਰਾ ਨੇ ਵਿਆਹ ਕਰਵਾ ਲਿਆ, ਜਿਸ ਦੀ ਕੁੱਖੋਂ ਚਾਰ ਬੱਚਿਆਂ ਨੇ ਜਨਮ ਲਿਆ। ਚੀ ਗਵੇਰਾ ਨੇ ਸਿੱਧੀ ਲੜਾਈ ਦੀ ਥਾਂ ਗੁਰੀਲਾ ਯੁੱਧ ਦੀ ਹਮਾਇਤ ਕੀਤੀ।

ਦੋ ਸਾਲ ਪੂਰਾ ਖੂਨੀ ਸੰਘਰਸ਼ ਚੱਲਿਆ ਅਤੇ ਅੰਤ 31 ਦਸੰਬਰ 1958 ਨੂੰ ਕ੍ਰਾਂਤੀ ਦੀ ਜਿੱਤ ਹੋਈ ਤੇ ਬਤਿਸਤਾ ਰਾਜ ਦਾ ਤਖਤਾ ਪਲਟ ਹੋ ਗਿਆ। ਫਿਦੇਲ ਕਾਸਤਰੋ ਨੂੰ ਰਾਸ਼ਟਰਪਤੀ ਚੁਣਿਆ ਗਿਆ ਤੇ ਚੀ ਗਵੇਰਾ ਨੂੰ ਕਿਊਬਾ ਦੀ ਨਾਗਰਿਕਤਾ ਦੇ ਕੇ ਸਰਕਾਰ ਵਿਚ ਅਹਿਮ ਅਹੁਦਾ ਦਿੱਤਾ ਗਿਆ। ਚੀ ਗਵੇਰਾ ਨੂੰ ਕਿਊਬਾ ਦੇ ਕੇਂਦਰੀ ਬੈਂਕ ਦਾ ਮੁਖੀ ਬਣਾਉਣ ਦੇ ਨਾਲ ਖੇਤੀਬਾੜੀ ਤੇ ਉਦਯੋਗ ਮਹਿਕਮੇ ਦਾ ਮੁਖੀ ਵੀ ਬਣਾਇਆ ਗਿਆ, ਪਰ ਚੀ ਗਵੇਰਾ ਕਦੇ ਵੀ ਆਪਣੇ ਦਫਤਰ ਵਿਚ ਕੁਰਸੀ ‘ਤੇ ਨਹੀਂ ਬੈਠਿਆ। ਉਹ ਆਪ ਤੇ ਆਪਣੇ ਅਫਸਰਾਂ ਨੂੰ ਨਾਲ ਲੈ ਕੇ ਖੇਤਾਂ ਵਿਚ ਮਜ਼ਦੂਰਾਂ ਨਾਲ ਕੰਮ ਕਰਦਾ, ਤਾਂ ਜੋ ਅਫਸਰ ਜ਼ਮੀਨੀ ਮੁਸ਼ਕਿਲਾਂ ਬਾਰੇ ਜਾਣ ਕੇ ਸਹੀ ਯੋਜਨਾਵਾਂ ਬਣਾਉਣ।

ਫਿਦੇਲ ਕਾਸਤਰੋ ਤੇ ਚੀ ਗਵੇਰਾ ਨੇ ਪੂਰੀ ਦੁਨੀਆਂ ਨੂੰ ਕਿਊਬਾ ਦੇ ਲੋਕ ਰਾਜ ਦਾ ਸ਼ੀਸ਼ਾ ਦਿਖਾਇਆ। ਅੱਜ ਕਿਊਬਾ ਵਿਚ 60 ਵਿਅਕਤੀਆਂ ਪਿੱਛੇ ਇੱਕ ਡਾਕਟਰ ਹੈ, ਜਦੋਂ ਕਿ ਭਾਰਤ ਵਿਚ 1300 ਪਿੱਛੇ ਇੱਕ ਡਾਕਟਰ ਹੈ।

ਜਦੋਂ ਕਿਊਬਾ ਵਿਚ ਸਭ ਪਾਸੇ ਸ਼ਾਂਤੀ ਹੋ ਗਈ ਤਾਂ ਚੀ ਗਵੇਰਾ ਨੇ ਫਿਦੇਲ ਨੂੰ ਕਿਹਾ, “ਕਿਊਬਾ ਵਿਚ ਹੁਣ ਲੋਕ ਰਾਜ ਸਥਾਪਿਤ ਹੋ ਚੁੱਕਾ ਹੈ, ਪਰ ਸੰਸਾਰ ਦੇ ਬਹੁਤੇ ਦੇਸ਼ ਅਜੇ ਵੀ ਸਰਮਾਏਦਾਰੀ ਦਾ ਸ਼ਿਕਾਰ ਹਨ। ਮੈਂ ਉਨ੍ਹਾਂ ਲਈ ਕੁਝ ਕਰਨਾ ਚਾਹੁੰਦਾ ਹਾਂ ਤੇ ਮੈਨੂੰ ਇਜਾਜ਼ਤ ਦਿਓ।” ਫਿਦੇਲ ਨੇ ਭਰੇ ਮਨ ਨਾਲ ਚੀ ਗਵੇਰਾ ਨੂੰ ਵਿਦਾ ਕੀਤਾ। ਇਸ ਪਿਛੋਂ ਉਸ ਨੇ ਕਈ ਦੇਸ਼ਾਂ ਵਿਚ ਕ੍ਰਾਂਤੀ ਦਾ ਬਿਗਲ ਵਜਾਇਆ ਅਤੇ ਬ੍ਰਾਜ਼ੀਲ ਤੇ ਕਾਂਗੋ ਵਰਗੇ ਕਈ ਦੇਸ਼ਾਂ ਵਿਚ ਕ੍ਰਾਂਤੀ ਦੀ ਚਿਣਗ ਲਾਉਣ ਪਿਛੋਂ ਬੋਲੀਵੀਆ ਵਿਚ ਹੋ ਰਹੇ ਜ਼ੁਲਮਾਂ ਦਾ ਬਦਲਾ ਲੈਣ ਲਈ ਚਲਾ ਗਿਆ। ਹੁਣ ਤੱਕ ਉਹ ਅਮਰੀਕਾ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਚੁੱਕਾ ਸੀ। 8 ਅਕਤੂਬਰ 1967 ਨੂੰ ਬੋਲੀਵੀਆ ਦੇ ਜੰਗਲਾਂ ਵਿਚ 1800 ਅਮਰੀਕੀ ਸੈਨਿਕਾਂ ਦੀ ਟੁਕੜੀ ਨੇ ਚੀ ਗਵੇਰਾ ਨੂੰ ਘੇਰਾ ਪਾ ਲਿਆ ਤੇ ਉਸ ਨੂੰ ਗੋਲੀ ਮਾਰਨ ਦਾ ਹੁਕਮ ਦੇ ਦਿੱਤਾ।
9 ਅਕਤੂਬਰ 1967 ਨੂੰ ਇੱਕ ਕਮਾਂਡਰ ਜਦੋਂ ਚੀ ਗਵੇਰਾ ਨੂੰ ਗੋਲੀ ਮਾਰਨ ਲੱਗਾ ਤਾਂ ਉਸ ਨੇ ਦੇਖਿਆ ਕਿ ਉਹ ਕੁਝ ਸੋਚ ਰਿਹਾ ਸੀ। ਉਸ ਨੇ ਪੁੱਛਿਆ, “ਤੂੰ ਆਪਣੇ ਅਮਰ ਹੋਣ ਬਾਰੇ ਸੋਚ ਰਿਹਾ ਏਂ?” ਚੀ ਗਵੇਰਾ ਨੇ ਕਿਹਾ, “ਨਹੀਂ! ਮੈਂ ਤਾਂ ਇਨਕਲਾਬ ਦੀ ਅਮਰਤਾ ਬਾਰੇ ਸੋਚ ਰਿਹਾਂ, ਤੇ ਸੋਚ ਰਿਹਾਂ ਹਾਂ ਕਿ ਜਿਸ ਦਿਨ ਲੋਕ ਜ਼ੁਲਮਾਂ ਖਿਲਾਫ ਉਠ ਖੜ੍ਹਨਗੇ ਤਾਂ ਉਹ ਤੁਹਾਨੂੰ ਤਬਾਹ ਕਰ ਦੇਣਗੇ।” ਅਜੇ ਚੀ ਗਵੇਰਾ ਬੋਲ ਹੀ ਰਿਹਾ ਸੀ ‘ਤੇ ਕਮਾਂਡਰ ਨੇ ਗੋਲੀ ਚਲਾ ਦਿੱਤੀ ਤੇ ਉਸ ਦੇ ਪਿਛੋਂ ਇੱਕ ਨੇ ਨੌਂ ਗੋਲੀਆਂ ਚਲਾਈਆਂ,ਉਸ ਨੂੰ ਢੇਰੀ ਕਰਨ ਤੋ ਬਾਅਦ ਫਿਰ ਉਸ ਦੇ ਹੱਥ ਕੱਟ ਦਿੱਤੇ ਗਏ ਤਾਂ ਕਿ ਹੱਥਾਂ ਦੇ ਨਿਸ਼ਾਨ ਲਏ ਜਾ ਸਕਣ।

ਬੋਲੀਵੀਆ ਸਰਕਾਰ ਨੇ ਐਲਾਨ ਕੀਤਾ ਕਿ ਉਹ ਚੀ ਗਵੇਰਾ ਦੀ ਡਾਇਰੀ 10 ਲੱਖ ਡਾਲਰ ‘ਚ ਵੇਚਣ ਲਈ ਤਿਆਰ ਹੈ, ਪਰ ਫਿਦੇਲ ਕਾਸਤਰੋ ਨੇ ਟੀ. ਵੀ. ‘ਤੇ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਚੀ ਗਵੇਰਾ ਦੀ ਡਾਇਰੀ ਦੀ ਅਸਲੀ ਨਕਲ ਕਿਸੇ ਸ਼ੁਭਚਿੰਤਕ ਨੇ ਪਹਿਲਾਂ ਹੀ ਸਾਡੇ ਤੱਕ ਪਹੁੰਚਾ ਦਿੱਤੀ ਹੈ, ਤੇ ਜਲਦੀ ਹੀ ਛਾਪ ਵੀ ਦਿੱਤੀ ਜਾਵੇਗੀ। ਫਿਦੇਲ ਕਾਸਤਰੋ ਜਾਣਦਾ ਸੀ ਕਿ ਚੀ ਗਵੇਰਾ ਡਾਇਰੀ ਲਿਖਦਾ ਸੀ ਤੇ ਉਹ ਡਾਇਰੀ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਕ ਬਣੇਗੀ।

ਸੰਸਾਰ ਵਿਚ ਆਪਣੇ ਮਤਲਬ ਲਈ ਲੜਨ ਵਾਲੇ ਬਹੁਤ ਹਨ, ਪਰ ਜੋ ਇਨਸਾਨ ਉਨ੍ਹਾਂ ਲੋਕਾਂ ਲਈ ਲੜੇ, ਸੰਘਰਸ਼ ਕਰੇ, ਜਿਨ੍ਹਾਂ ਨਾਲ ਨਾ ਤਾਂ ਉਸ ਦੀ ਕੋਈ ਸਾਂਝ ਹੈ, ਨਾ ਹੀ ਕੋਈ ਭਾਈਚਾਰਾ, ਬੱਸ ਦਿਲ ਵਿਚ ਜਨੂੰਨ ਹੋਵੇ ਕਿ ਕਿਸੇ ‘ਤੇ ਜ਼ੁਲਮ ਨਹੀਂ ਹੋਣ ਦੇਣਾ, ਅਜਿਹਾ ਹੀ ਇੱਕ ਯੋਧਾ ਸੀ, ਅਰਨੈਸਟੋ ਚੀ ਗਵੇਰਾ, ਜਿਸ ਨੂੰ ਕਿਊਬਾ ਦੀ ਕੌਮਾਂਤਰੀ ਕ੍ਰਾਂਤੀ ਦਾ ਹੀਰੋ ਤੇ ਹੋਰ ਬਹੁਤ ਸਾਰੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ।

ਪੇਸ਼ਕਸ਼ :- ਅਮਰਜੀਤ ਚੰਦਰ ਲੁਧਿਆਣਾ 9417600014

Previous articleआईपीएल – खोखला कारपोरेट तमाशा
Next articleSouth Asia Solidarity Group and other UK Human Rights Organizations write to the UN to urge Modi to dismiss Yogi