(ਸਮਾਜ ਵੀਕਲੀ)
– ਕੇਵਲ ਸਿੰਘ ‘ਰੱਤੜਾ’
ਯੂ ਪੀ ਦੇ ਜ਼ਿਲਾ ਹਾਥਰਸ ਦੇ ਇਕ ਪਿੰਡ ਵਿੱਚ ਬੀਤੀ 14 ਸਤੰਬਰ ਨੂੰ 19 ਸਾਲਾ ਜਵਾਨ ਦਲਿਤ ਲੜਕੀ ਨਾਲ ਦਿਨਦਿਹਾੜੇ ਠਾਕੁਰ ਸਮਾਜ ਦੇ 4 ਮੁੰਡਿਆਂ ਦੁਆਰਾ ਵਹਿਸ਼ੀਆਨਾ ਢੰਗ ਨਾਲ ਬਲਾਤਕਾਰ ਕੀਤਾ ਗਿਆ ਤੇ ਆਖਰ 15 ਦਿਨਾਂ ਬਾਅਦ ਜਿੰਦਗੀ ਅਤੇ ਮੌਤ ਦੀ ਲੜਾਈ ਹਾਰ ਕੇ ਉਹ ਦਿੱਲੀ ਵਿਖੇ ਸਫ਼ਦਰਜੰਗ ਹਸਪਤਾਲ ਵਿੱਚ ਦਮ ਤੋੜ ਗਈ। ਇਸ ਪੂਰੇ ਘਟਨਾਕ੍ਰਮ ਵਿੱਚ ਨਾਗਰਿਕਾਂ ਦੀ ਰਖਵਾਲੀ ਪੁਲਿਸ ਦਾ ਰਵੱਈਆ ਬੇਹੱਦ ਸੁਸਤ, ਨਿਕੰਮਾ, ਗੈਰਜਿੰਮੇਦਾਰਾਨਾ ਅਤੇ ਪੱਖਪਾਤੀ ਰਿਹਾ ਹੈ। ਜੇਕਰ ਪੁਲਿਸ ਨਿਰਪੱਖਤਾ ਤੇ ਇਮਾਨਦਾਰੀ ਨਾਲ ਆਪਣਾ ਫ਼ਰਜ਼ ਨਿਭਾਉਂਦੀ ਤਾਂ ਬਹੁਤ ਸੰਭਾਵਨਾਵਾਂ ਸਨ ਕਿ ਪੀੜਤ ਲੜਕੀ ਦੀ ਜਾਨ ਬਚ ਜਾਂਦੀ ਅਤੇ ਦੋਸ਼ੀ ਵੀ ਫਾਂਸੀ ਦੀ ਸਜ਼ਾ ਦੀਆਂ ਧਾਰਾਵਾਂ ਤੋ ਬਚ ਜਾਂਦੇ ਅਤੇ ਪੁਲਿਸ ਤੇ ਪ੍ਰਸ਼ਾਸਨ ਵੀ ਮੱਥੇ ਲੱਗੇ ਕਲੰਕ ਤੋਂ ਬਚ ਜਾਂਦੀ। ਹਾਲੇ ਸਾਡੇ ਸਮਾਜ ਵਿੱਚ ਗੁੰਡਾ ਅਨਸਰ ਪਲ ਰਹੇ ਨੇ, ਘਟਨਾਵਾਂ ਵੀ ਹੋ ਸਕਦੀਆਂ ਹਨ ਪਰ ਬਲਾਤਕਾਰ ਵਰਗਾ ਘਿਨਾਉਣਾ ਅਪਰਾਧ ਕਰਨ ਤੋਂ ਪਹਿਲਾਂ ਜੋ ਡਰ ਦਿਮਾਗ ਵਿੱਚ ਆਉਣਾ ਚਾਹੀਦਾ ਹੈ ਉਸਦਾ ਹੋਣਾ ਪੁਲਿਸ ਦੀ ਕਾਰਗੁਜਾਰੀ ਤੇ ਫੁਰਤੀ ਨਾਲ ਕੀਤੇ ਐਕਸ਼ਨ ਨੇ ਨਿਰਧਾਰਿਤ ਕਰਨਾ ਹੁੰਦਾ ਹੈ। ਹਰ ਜਿਲ੍ਹੇ ਵਿੱਚ ਜੁਰਮ ਦਰ ਇੱਕੋ ਜਿਹੀ ਵੀ ਨਹੀਂ ਹੁੰਦੀ।ਪੁਲਿਸ ਸਰਕਾਰ ਦਾ ਅਕਸ ਹੁੰਦੀ ਹੈ। ਪਰ ਬਦਕਿਸਮਤੀ ਨਾਲ ਇਸ ਕੇਸ ਵਿੱਚ ਕੁਤਾਹੀਆਂ ਨੰਗੀਆਂ ਚਿੱਟੀਆਂ ਸਾਹਮਣੇ ਆਈਆਂ ਨੇ ਤੇ ਪੁਲਿਸ ਨੇ ਇਕ ਵਾਰ ਫਿਰ ਜੰਗਲ ਰਾਜ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਵਿਕਾਸ ਦੁੱਬੇ ਵਰਗੇ ਗੈਂਗਸਟਰ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੀ ਫੋਰਸ ਦੀ ਕਾਰਜਸ਼ੈਲੀ ਅਤੇ ਜਾਤੀ ਜਮਾਤੀ ਕੋਣ ਦਾ ਦਬਾਅ ਵੀ ਸਵਾਲਾਂ ਦੇ ਘੇਰੇ ਵਿੱਚ ਆਉਂਦਾ ਹੈ। ਇਹੀ ਹਾਲ ਅੱਗੇ ਜਾਕੇ ਨਿਆਂ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਹਾਥਰਸ ਕਾਂਡ ਨੇ 2012 ਵਿੱਚ ਦਿੱਲੀ ਵਿਖੇ ਵਾਪਰੇ ਵਹਿਸ਼ੀੰਆਨਾ ਢੰਗ ਨਾਲ ਜਯੋਤੀ ਸਿੰਘ ਉਰਫ ਨਿਰਭੈਆ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। 6 ਦੋਸ਼ੀ ਰਾਤ ਵੇਲੇ ਇੱਕ ਪ੍ਰਾਈਵੇਟ ਬੱਸ ਵਿੱਚ ਸ਼ਰਾਬੀ ਹਾਲਤ ਵਿੱਚ ਸਵਾਰ ਵਿੱਚ ਸਨ ਅਤੇ ਉੁਹਨਾਂ ਨੇ ਇਸ ਜੁਰਮ ਨੂੰ ਬੱਸ ਅੰਦਰ ਹੀ ਅੰਜਾਮ ਦਿੱਤਾ ਸੀ। ਪੀੜਤ ਲੜਕੀ ਦੇ ਦੋਸਤ ਨੂੰ ਜ਼ਖਮੀ ਅਤੇ ਮਾਰਕੁਟਾਈ ਨਾਲ ਬੇਹੋਸ਼ ਕਰਕੇ ਉਹਨਾਂ ਦਰਿੰਦਿਆਂ ਨੇ ਜੋ ਜਿੰਦਾ ਲੜਕੀ ਦੇ ਸਰੀਰ ਨਾਲ ਖਿਲਵਾੜ ਕੀਤਾ ਉੁਹ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਦੁਖਦਾਈ ਹੈ। ਮੁਰਦਾ ਹਾਲਤ ਵਿੱਚ ਪਹੁੰਚਾਕੇ ਤੇ ਦੁਰਘਟਨਾ ਦਰਸਾਉਣ ਖਾਤਰ ਜ਼ਾਲਮਾਂ ਨੇ ਚਲਦੀ ਬੱਸ ਵਿੱਚੋਂ ਦੋਹਾਂ ਨੂੰ ਬਾਹਰ ਸੁੱਟ ਦਿੱਤਾ ਸੀ। ਲੜਕੀ ਸਾਰੀ ਰਾਤ ਸੜਕ ਕਿਨਾਰੇ ਕਰਾਹਉਂਦੀ ਰਹੀ। ਸਾਥੀ ਦੋਸਤ ਤਾਂ ਬਾਅਦ ਵਿੱਚ ਕਿਸਮਤ ਨਾਲ ਬਚ ਗਿਆ। ਦਿੱਲੀ ਪੁਲਿਸ ਨੇ ਸਹੀ ਦਿਸ਼ਾ ਵਿੱਚ ਕੰਮ ਕਰਕੇ ਜਲਦੀ ਹੀ ਦੋਸ਼ੀਆਂ ਨੂੰ ਧਰ ਪਕੜਿਆ ।ਪਰ ਨਿਰਭੈਆ ਦਿੱਲੀ ਦੇ ਬੇਹਤਰੀਨ ਹਸਪਤਾਲ ਦੇ ਇਲਾਜ ਤੇ ਫਿਰ ਹੈਲੀਕਾਪਟਰ ਰਾਹੀਂ ਵਿਦੇਸ਼ ਲਿਜਾਣ ਦੇ ਬਾਵਜੂਦ ਜ਼ਖਮਾਂ ਦੀ ਤਾਬ ਨਾ ਸਹਾਰਦੀ ਹੋਈ ਮੌਤ ਦੇ ਮੂੰਹ ਜਾ ਪਈ।ਉਸ ਸਮੇਂ ਕੇਂਦਰ ਵਿੱਚ ਡਾ: ਮਨਮੋਹਨ ਸਿੰਘ ਜੀ ਦੀ ਕਾਂਗਰਸੀ ਸਰਕਾਰ ਸੀ। ਨਿਰਭੈਆ ਦੀ ਮੌਤ ਨੇ ਸਾਰੇ ਦੇਸ਼ ਦੀ ਆਤਮਾ ਨੂੰ ਝੰਜੋੜ ਦਿੱਤਾ ਸੀ। ਅਗਲੇ ਦਿਨ ਤੋਂ ਹੀ ਮੀਡੀਆ ਨੇ ਪੂਰੀ ਜੋ਼ਰਦਾਰ ਮੁਹਿੰਮ ਬਣਾਉਣ ਦਾ ਸਾਰਥਿਕ ਰੋਲ ਅਦਾ ਕੀਤਾ। ਜਵਾਨ ਮੁੰਡੇ ਕੁੜੀਆਂ ਨੇ ਕਾਲਜ ਯੂਨੀਵਰਸਿਟੀਆਂ ਚੋਂ ਨਿਕਲਕੇ ਕੈਂਡਲ ਮਾਰਚ ਕੱਢੇ। ਫਿਰ ਦਿੱਲੀ ਵਿੱਚ ਇੱਕ ਇਤਿਹਾਸਕ ਇਕੱਠ ਹੋਇਆ ਤੇ ਇਨਸਾਫ ਲਈ ਬਲਾਤਕਾਰ ਕਨੂੰਨ ਵਿੱਚ ਹੋਰ ਤਰਮੀਮਾਂ ਕਰਨ ਲਈ ਸਰਕਾਰ ਨੂੰ ਮਜ਼ਬੂਰ ਕੀਤਾ ਗਿਆ। ਸਾਰੀਆਂ ਸਿਆਸੀ ਧਿਰਾਂ ਨੇ ਮੌਤ ਦੀ ਸਜ਼ਾ ਨੂੰ ਸ਼ਾਮਿਲ ਕਰਨ ਲਈ ਸੰਸਦ ਵਿੱਚ ਸਹਿਮਤੀ ਦਿੱਤੀ ਤਾਂ ਕਿ ਅਪਰਾਧੀ ਦਿਮਾਗਾਂ ਲਈ ਇੱਕ ਰੋਧਕ ਪੈਦਾ ਹੋਵੇ। ਸਰਕਾਰ ਨੇ ਅਦਾਲਤ ਨੂੰ ਲਗਾਤਾਰ ਸੁਣਵਾਈ ਕਰਨ ਦੀ ਬੇਨਤੀ ਕੀਤੀ ਫਿਰ ਵੀ ਸੁਪਰੀਮ ਕੋਰਟ ਤੱਕ ਤੇ ਫਿਰ ਰਾਸ਼ਟਰਪਤੀ ਜੀ ਦੀ ਰਹਿਮ ਦੀ ਅਪੀਲ ਖਾਰਜ਼ੀ ਤੱਕ ਅਪੀਲ ਦਰ ਅਪੀਲ ਵਿੱਚੋਂ ਲੰਘਦਿਆਂ ਨਿਆਂ ਪ੍ਰਣਾਲੀ ਨੂੰ 7 ਸਾਲ ਤੋਂ ਜਿਆਦਾ ਸਮਾਂ ਲੱਗ ਗਿਆ ਤੇ ਆਖਰ ਮਾਰਚ 2020 ਵਿੱਚ ਜਿੰਦਾ ਬਚੇ 4 ਦੋਸ਼ੀਆਂ ਨੂੰ ਫਾਂਸੀ ਤੇ ਲਟਕਾਇਆ ਗਿਆ।
ਦੇਸ਼ ਦੇ ਸਿਸਟਮ ਨੂੰ ਸਮਝਣ ਲਈ ਇੱਕ ਹੋਰ ਕੇਸ ਜਿਸਨੇ ਦੇਸ਼ ਦਾ ਧਿਆਨ ਖਿੱਚਿਆ ਤੇ ਸਮਾਜ ਨੂੰ ਇੱਕ ਨਿਵੇਕਲੀ ਨਿਆਂ ਦੀ ਮਿਸਾਲ ਮਿਲੀ , ਬਹੁਤ ਹੀ ਹਿਰਦੇ ਵਲੂੰਦਰਾ ਸੀ। ਇਹ ਦੁਖਾਂਤ ਹੈਦਰਾਬਾਦ ਜੋ ਤਿਲੰਗਨਾ ਰਾਜ ਦੀ ਰਾਜਧਾਨੀ ਹੈ ਉੁਥੇ ਰਾਤ ਵੇਲੇ ਵਾਪਰਿਆ। ਦਿਸ਼ਾ ਨਾਂ ਦੀ ਮਾਸੂਮ ਵੈਟਰਨਰੀ ਡਾਕਟਰ ਲੜਕੀ ਨਾਲ 4 ਦਰਿੰਦਿਆਂ ਨੇ ਪੂਰੀ ਚਾਲਾਕੀ ਨਾਲ ਸਮੂਹਿਕ ਬਲਾਤਕਾਰ ਅਤੇ ਕਤਲ ਦਾ ਕਹਿਰ ਵਰਤਾਇਆ । ਮੀਡੀਆ ਨੇ ਕਵਰੇਜ ਕਰਕੇ ਦੇਸ਼ ਨੂੰ ਜਗਾਇਆ ਤੇ ਸਾਰੇ ਦੇਸ਼ ਅੰਦਰ ਬਵਾਲ ਮੱਚਿਆ। ਸੂਬਾ ਸਰਕਾਰ ਤੇ ਸਿਆਸੀ ਪਾਰਟੀਆਂ ਦਾ ਦਬਾਅ ਵਧਿਆ। ਪਰ ਤਿਲੰਗਨਾ ਰਾਸ਼ਟਰੀ ਸੰਮਤੀ ਦੀ ਅਗਵਾਈ ਵਾਲੀ ਸਰਕਾਰ ਦੇ ਅਧੀਨ ਪੁਲਿਸ ਨੇ ਬੜੀ ਪੇਸ਼ੇਵਰਾਨਾ ਫੋਰਸ ਦੀ ਸਮਝਦਾਰੀ ਦਿਖਾਉਂਦਿਆਂ ਮੀਡੀਆ ਕੁਮੈਟਾਂ ਦੀ ਪਰਵਾਹ ਨਾ ਕਰਦਿਆਂ ਆਪਣੀ ਤੁਰੰਤ ਕਾਰਵਾਈ ਦੌਰਾਨ ਦੋਸ਼ੀਆਂ ਨੂੰ ਕਾਬੂ ਕੀਤਾ ਪਰ ਦਿਖਾਵੇ ਨਹੀਂ ਕੀਤੇ । ਮੁਖ ਮੰਤਰੀ ਕੇ ਚੰਦਰਸੇਖਰ ਰਾਉ ਦੀ ਸਪਸ਼ਟ ਤੇ ਸੁਹਿਰਦ ਪਹੁੰਚ ਕਾਰਣ ਪੁਲਿਸ ਆਪਣਾ ਕੰਮ ਪੂਰਣ ਅਜ਼ਾਦੀ ਨਾਲ ਕਰਦੀ ਰਹੀ। ਆਖਰ ਜਾਂਚ ਦੌਰਾਨ ਦੌੜਨ ਦੀ ਕੋਸ਼ਿਸ਼ ਕਰਦੇ ਸਾਰੇ 4 ਦੋਸ਼ੀ ਪੁਲੀਸ ਨਾਲ ਮੁਕਾਬਲੇ ਦੌਰਾਨ ਮਾਰੇ ਗਏ। ਮੀਡੀਆ ਵਿੱਚ ਬੜੀ ਚਰਚਾ ਹੋਈ ਕਿ ਹਿਰਾਸਤੀ ਮੌਤਾਂ ਕਿਵੇਂ ਹੋਈਆਂ। ਪਰ ਬਾਅਦ ਵਿੱਚ ਦੇਸ਼ ਨੇ ਵੀ ਸੁੱਖ ਦਾ ਸਾਹ ਲਿਆ। ਪਰ ਸਮਾਜ ਨੇ ਪੁਲਿਸ ਦੇ ਜਾਂਬਾਜ ਕਰਮੀਆਂ ਦੇ ਗਲ੍ਹਾਂ ਵਿੱਚ ਹਾਰ ਪਾਏ ਤੇ ਫੁੱਲਾਂ ਦੀ ਬਾਰਿਸ਼ ਵੀ ਕੀਤੀ ।ਕਈ ਧੀਆਂ ਨੇ ਪੁਲੀਸ ਕਮਿਸ਼ਨਰ ਨੂੰ ਰੱਖੜੀਆਂ ਵੀ ਬੰਨੀਆਂ। ਸਮਾਜ ਸੇਵੀ ਜਥੇਬੰਦੀਆਂ ਨੇ ਪੁਲਿਸ ਅਫਸਰਾਂ ਨੂੰ ਜਨਤਕ ਅਤੇ ਸਕੂਲਾਂ ਕਾਲਜਾਂ ਵਿੱਚ ਮੁੱਖ ਮਹਿਮਾਨ ਬਣਾਕੇ ਪਬਲਿਕ ਵਿੱਚ ਵਿਸ਼ਵਾਸ ਅਤੇ ਫੋਰਸ ਦਾ ਸਤਿਕਾਰ ਵਧਾਇਆ। ਇਸ ਦੇ ਬਾਅਦ ਐਸਾ ਕੋਈ ਕੇਸ ਤਿਲੰਗਨਾ ਤੋਂ ਮੀਡੀਆ ਵਿੱਚ ਰਿਪੋਰਟ ਨਹੀਂ ਹੋਇਆ। ਅਸੀਂ ਇਥੇ ਕਿਸੇ ਵੀ ਝੂਠੇ ਪੁਲਿਸ ਮੁਕਾਬਲੇ ਨਾਲ ਸਹਿਮਤੀ ਨਹੀਂ ਜਚਾਉਂਦੇ। ਹਾਂ ਦਰਿੰਦਿਆਂ ਵਿੱਚ ਵੀ ਦਹਿਸ਼ਤ ਹੋਵੇ ਤਾਂ ਕਿ ਹੋਰ ਦਰਿੰਦੇ ਪੈਦਾ ਨਾ ਹੋਣ ।
ਸੋਚਣ ਲਈ ਮਜ਼ਬੂਰ ਕਰਦਾ ਸਵਾਲ ਇਹ ਹੈ ਕਿ ਨਿਰਭੈਆ ਅਤੇ ਦਿ਼ਸ਼ਾ ਦੋਨੋਂ ਹੀ ਦਲਿਤ ਪਰਿਵਾਰ ਚੋਂ ਨਹੀ ਸਨ।ਸ਼ਹਿਰ ਦੀਆਂ, ਪੜੀਆਂ ਲਿਖੀਆਂ , ਸਾਧਨ ਸੰਪੰਨ ਪਰਿਵਾਰ ਤੋਂ ,ਮੋਬਾਈਲ ਸਹੂਲਤ ਨਾਲ ਲੈਸ ਅਤੇ ਪੁਲਿਸ ਥਾਨੇ ਤੋਂ ਕੁੱਝ ਹੀ ਦੂਰੀ ਤੇ ਜੁਰਮ ਦਾ ਸ਼ਿਕਾਰ ਹੋਈਆਂ। ਹੈਦਰਾਬਾਦ ਕਾਂਡ ਪੀੜਤਾ ਨੇ ਤਾਂ ਆਪਣਾ ਸਕੂਟਰ ਇੱਕ ਟੌਲ ਨਾਕੇ ਤੇ ਕੈਮਰੇ ਦੀ ਰੇਂਜ ਵਿੱਚ ਖੜਾ ਕੀਤਾ ਸੀ। ਪਰ ਹਾਥਰਸ ਦੀ ਦਲਿਤ ਧੀ ਵਿਚਾਰੀ ਪੇਂਡੂ ਪਰਿਵਾਰ ਤੋਂ ਹੈ। ਖੇਤਾਂ ਵਿੱਚੋਂ ਆਪਣੀ ਮਾਂ ਨਾਲ ਘਾਹ ਲੈਣ ਗਈ ਸੀ।ਬੱਸ ਹੋਰ ਹਰੇ ਘਾਹ ਦੀ ਭਾਲ ਵਿੱਚ ਮਾਂ ਤੋਂ ਥੋੜੀ ਦੂਰ ਗਈ ਅਤੇ ਠਾਕੁਰ ਜਾਤੀ ਦੇ 4 ਦਰਿੰਦਿਆਂ ਦੇ ਹਮਲੇ ਦਾ ਸ਼ਿਕਾਰ ਹੋ ਗਈ। ਉਸ ਨਾਲ ਬੇਰਹਿਮੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ, ਗਰਦਨ ਦੀ ਹੱਡੀ ਤੋੜੀ ਤਾਂ ਕਿ ਉਠ ਨਾ ਸਕੇ, ਜੀਭ ਕੱਟੀ ਤਾਂ ਕਿ ਰੌਲਾ ਨਾ ਪਾ ਸਕੇ ਅਤੇ ਕੋਈ ਬਿਆਨ ਨਾ ਦੇ ਸਕੇ। ਮਾਂ ਨੇ ਧੀ ਦੀ ਭਾਲ ਕਰਕੇ, ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਣ ਦਾ ਪ੍ਰਬੰਧ ਕੀਤਾ, ਪੁਲਿਸ ਨੇ ਐਫ ਆਈ ਆਰ ਦੇ ਨਾਂ ਤੇ ਚਾਰ ਲਾਈਨਾਂ ਲਿਖੀਆਂ, ਉਹ ਵੀ ਪੀੜਤਾ ਦਾ ਨਾਮ ਅਤੇ ਜਾਤੀ ਨਸ਼ਰ ਕਰਕੇ ਪਰ ਬਲਾਤਕਾਰ ਵਜੋਂ ਜੁਰਮ ਦਰਜ ਨਹੀਂ ਸੀ ਕੀਤਾ। ਇਹ ਵਾਰਦਾਤ ਕਿਸੇ ਵੀ ਮੁੱਖ ਅਖਬਾਰ ਜਾਂ ਟੀ ਵੀ ਚੈਨਲ ਦੀ ਸੁਰਖੀ ਨਹੀਂ ਬਣੀ ।ਅਲੀਗੜ ਵਿਖੇ ਵੀ ਇਲਾਜ ਹੋਇਆ, ਫਿਰ ਦਿੱਲੀ ਵਿਖੇ ਸਫਦਰਜੰਗ ਹਸਪਤਾਲ ਰੈਫਰ ਕੀਤਾ ਗਿਆ ਪਰ ਏਮਜ਼ ਵਰਗੇ ਵਕਾਰੀ ਹਸਪਤਾਲ ਦੀ ਸੇਵਾ ਲੈਣੀ ਜਰੂਰੀ ਨਹੀਂ ਸਮਝੀ ਗਈ। ਆਖਰ ਮੌਤ ਨਾਲ ਲੜ੍ਹਦੀ ਪੀੜਤਾ 15 ਦਿਨਾਂ ਬਾਅਦ ਜਿੰਦਗੀ ਦੀ ਜੰਗ ਹਾਰ ਗਈ।
ਸਾਰੇ ਕੇਸ ਨੂੰ ਸੋਚੀ ਸਮਝੀ ਸਾਜਿਸ਼ ਅਤੇ ਅਖੌਤੀ ਠਾਕੁਰਾਂ ਦੇ ਸਮਾਜਿਕ ਰੁਤਬੇ ਨੂੰ ਬਚਾਉਣ ਲਈ ਲੋੜੀਦੇਂ ਸਬੂਤਾਂ ਨੂੰ ਬਣਾਉਣ ਵਿੱਚ ਰੁਕਾਵਟਾਂ ਅਤੇ ਮਿਟਾਉਣ ਲਈ ਪੂਰੀ ਵਾਹ ਲਾਈ ਗਈ । ਵਿਤਕਰਿਆਂ ਦੀ ਲੜੀ ਵਿੱਚ ਹੋਰ ਦੇਖੋ , ਹਸਪਤਾਲ ਵਿੱਚ ਮੋਬਾਈਲ ਫੋਨ ਵਾਲਿਆਂ ਨੂੰ ਤਾਂ ਬਿਲਕੁਲ ਹੀ ਵਾਰਡ ਤੱਕ ਨਹੀ ਜਾਣ ਦਿੱਤਾ ਗਿਆ। ਰੇਪ ਦੀ ਵਾਰਦਾਤ ਨਾ ਹੋਣ,ਸਰੀਰ ਤੇ ਖਰੋਚ ਤੱਕ ਨਾ ਹੋਣ ਅਤੇ ਇੱਟ ਉੱਤੇ ਅਚਾਨਕ ਡਿੱਗਣ ਨਾਲ ਗਰਦਨ ਦੀ ਹੱਡੀ ਟੁੱਟਣ ਵਰਗੀ ਮਨਘੜਤ ਸਟੋਰੀ ਘੜੀ ਗਈ। ਪੁਲਿਸ ਨੇ ਪਰਿਵਾਰ ਨਾਲ ਹਸਪਤਾਲ ਵਿੱਚ ਵੀ ਦੁਰਵਿਹਾਰ ਕੀਤਾ। ਕੋਈ ਚੈਨਲ ਦਬਾਅ ਅਧੀਨ ਖਬਰ ਲੈਣ ਹਸਪਤਾਲ ਵਿੱਚ 15 ਦਿਨਾਂ ਤੱਕ ਨਹੀਂ ਬਹੁੜਿਆ।
ਮੌਤ ਬਾਅਦ ਵੀ ਵਿਤਕਰਿਆਂ ਨੇ ਪਿੱਛਾ ਨਹੀਂ ਛੱਡਿਆ। ਲਾਸ਼ ਨੂੰ ਰਾਤੋ ਰਾਤ ਹਨੇਰੇ ਵਿੱਚ ਬਿਨਾ ਪਰਿਵਾਰ ਨੂੰ ਦਿਖਾਇਆਂ ਤੇ ਅੰਤਮ ਧਾਰਮਿਕ ਰਸਮਾਂ ਬਗੈਰ ਹੀ ਤੇਲ ਪਾਕੇ ਜਲਾ ਦਿੱਤਾ ਗਿਆ। ਪਰਿਵਾਰ ਲਿਲਕੜੀਆਂ ਕੱਢਦਾ ਰਿਹਾ , ਠਾਕੁਰ ਸਮਾਜ ਨੇ ਘਰ ਜਾਕੇ ਅਫਸੋਸ ਤੱਕ ਸਾਂਝਾ ਨਹੀੰ ਕੀਤਾ, ਪਿੰਡ ਵਿੱਚ ਕਰਫਿਊ ਵਰਗਾ ਮਹੌਲ ਸਿਰਜਕੇ ਕਿਸੇ ਪੱਤਰਕਾਰ ਨੂੰ ਵੜਨ ਨਹੀਂ ਦਿੱਤਾ। ਵਿਰੋਧੀ ਸਿਆਸੀ ਪਾਰਟੀਆਂ ਵੀ ਸ਼ਾਤ ਰਹੀਆਂ , ਸਿਰਫ ਰਾਹੁਲ ਗਾਂਧੀ ਨੇ ਮੀਡੀਆ ਨਾਲ ਕੁੱਝ ਗੱਲਾਂ ਕੀਤੀਆਂ ਤੇ ਫਿਰ ਬਾਅਦ ਵਿੱਚ ਪ੍ਰਿੰਅਕਾ ਨਾਲ ਪਰਿਵਾਰ ਨੂੰ ਮਿਲੇ ।
ਜਿਲਾ ਮੈਜਿਸਟ੍ਰੇਟ ਦੇ ਬੇਹੂਦਾ ਬਿਆਨ ਅਤੇ ਗੈਰ ਸੰਜੀਦਾ ਕਾਰਵਾਈ ਵੀ ਬਲਦੀ ਤੇ ਤੇਲ ਪਾਉਣ ਵਰਗੀ ਰਹੀ ਹੈ। ਖੈਰ ਪੀੜਤ ਲੜਕੀ ਮਰ ਚੁੱਕੀ ਹੈ , ਕੁੱਝ ਸਮਰਪਿਤ ਟੀਵੀ ਪੱਤਰਕਾਰਾਂ ਅਤੇ ਪ੍ਰਿੰਟ ਮੀਡੀਆ ਦੀ ਭੂਮਿਕਾ ਘਟਨਾਕਰਮ ਤੋਂ ਪਰਦਾ ਚੁੱਕਣ ਵਿੱਚ ਸਲਾਹੁਣ ਯੋਗ ਰਹੀ ਹੈ। ਚਾਰੇ ਹੀ ਦੋਸ਼ੀ ਹੁਣ ਪੁਲਿਸ ਹਿਰਾਸਤ ਵਿੱਚ ਹਨ।ਚੁਫੇਰਿਉਂ ਦਬਾਅ ਵੱਧਣ ਕਾਰਣ ਐਸ ਪੀ ਸਮੇਤ 7 ਪੁਲਿਸ ਕਰਮੀ ਸਸਪੈਂਡ ਕੀਤੇ ਗਏ ਹਨ। ਪਰ ਡੀ ਐਮ ਨੂੰ ਕੋਈ ਸਜ਼ਾ ਨਹੀਂ ਸੁਣਾਈ।ਅਜੀਬੋ ਗਰੀਬ ਤਰਕ ਦੇਖੋ ਕਿ ਮੁਦਈ ਧਿਰ ਦਾ ਵੀ ਨਾਰਕੋ ਟੈਸਟ ਕਰਵਾਉਣ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ। ਯੋਗੀ ਸਰਕਾਰ ਜ਼ਾਹਿਰਾ ਤੌਰ ਤੇ ਮ੍ਰਿਤਕ ਲੜਕੀ ਨੂੰ ਇਨਸਾਫ ਦਿਵਾਉਣ ਦੀ ਥਾਂ ਦੋਸ਼ੀਆਂ ਨੂੰ ਬਚਾਉਣ ਵਿੱਚ ਭੁਗਤਦੀ ਨਜ਼ਰ ਆ ਰਹੀ ਹੈ।
ਸਾਡਾ ਸਮਾਜ ਜਾਤੀ ਵੰਡ ਅਤੇ ਵਰਗ ਦੀ ਬਹੁਪਰਤੀ ਮਾਨਸਿਕ ਸਿਉਂਕ ਤੋਂ ਇੰਨਾ ਕਮਜੋ਼ਰ ਤੇ ਜ਼ਹਿਰੀਲਾ ਹੋ ਚੁੱਕਾ ਹੈ ਕਿ ਪੰਜਾਬ ਨੂੰ ਛੱਡਕੇ ਬਾਕੀ ਬਹੁਤੇ ਸੂਬੇ ਇਸਦੀ ਕਠੋਰ ਮਾਰ ਹੇਠ ਹਨ। 135 ਕਰੋੜ ਦੀ ਅਬਾਦੀ ਵਿੱਚ ਵਾਰਦਾਤਾਂ ਨੂੰ ਪੂਰੀ ਤਰਾਂ ਖਤਮ ਤਾਂ ਨਹੀਂ ਕੀਤਾ ਜਾ ਸਕਦਾ ਪਰ ਤੁਰੰਤ ਮੌਤ ਦੀ ਸਜ਼ਾ ਦਾ ਡਰ, ਬਦਮਾਸ਼ਾਂ ਲਈ ਸਹਿਮ ਜਰੂਰ ਪੈਦਾ ਕਰੇਗਾ ।ਚੀਨ,ਇਰਾਨ, ਅਮਰੀਕਾ ਦੀ ਲੁਸੀਆਨਾ ਤੇ ਫਲੋਰੀਡਾ ਸਟੇਟ,ਕਿਊਬਾ,ਗਰੀਸ, ਮਿਸਰ ਅਤੇ ਕਈ ਹੋਰ ਗੁਆਂਢੀ ਮੁਲਕਾਂ ਵਿੱਚ ਸਖਤ ਅਤੇ ਜਲਦ ਸਜਾ ਦਾ ਕਨੂੰਨ ਵੀ ਹੈ ਅਤੇ ਉਥੇ ਦੀ ਨਿਆਂ ਪ੍ਰਣਾਲੀ ਪ੍ਰਭਾਵੀ ਢੰਗ ਨਾਲ ਜਨਤਾ ਵਿੱਚ ਸੁਰੱਖਿਆ ਦਾ ਵਿਸ਼ਵਾਸ ਵੀ ਬਣਾਉਂਦੀ ਹੈ। ਭਾਰਤੀ ਜਨਤਾ ਵਿੱਚ ਅਜਿਹੀ ਭਾਵਨਾ ਬਣਨੀ ਸ਼ੁਭ ਸ਼ਗਨ ਹੋਵੇਗਾ।