ਲਾਹੌਰ ਦੀ ਕੁਰਸੀ

ਸਰਬਜੀਤ ਸਿੰਘ ਸੰਧੂ

(ਸਮਾਜ ਵੀਕਲੀ)

ਵੰਡ ਸਮੇਂ ਪੰਜਾਬ ਦੇ ਵਸਨੀਕਾਂ ਨੇ ਜੋ ਦਰਦ ਝੱਲੇ ਹੋਣਗੇ ਉਨ੍ਹਾਂ ਦਾ ਮੈਨੂੰ ਰਤੀ ਭਰ ਵੀ ਅਹਿਸਾਸ ਨਹੀਂ ਪਰ ਮੇਰੇ ਦਾਦਾ ਜੀ ਦੱਸਿਆ ਕਰਦੇ ਨੇ ਕਿ ਉਨ੍ਹਾਂ ਇਕ ਨਿਸ਼ਾਨੀ ਪਾਕਿਸਤਾਨ ਤੋਂ ਲਿਆਦੀ ਸਾਭ ਕੇ ਰੱਖੀ ਹੋਈ ਹੈ।

1947 ਦੀ ਵੰਡ ਸਮੇ ਦਾਦਾ ਜੀ ਦੇ ਦੱਸਣ ਮੁਤਾਬਕ ਭਾਦਰੋ ਦਾ ਦੇਸੀ ਮਹੀਨਾ ਸੀ, ਵੰਡ ਕਾਰਨ ਉਨ੍ਹਾਂ ਆਪਣੇ ਪਸੂ ਤੋਰੇ ਤੇ ਕੁਝ ਸਮਾਨ ਬੈਲ ਗੱਡੀਆਂ ਤੇ ਲੱਦ ਪੰਜਾਬ ਦਾ ਸਫਰ ਤਹਿ ਕਰਨਾ ਸ਼ੁਰੂ ਕਰ ਦਿੱਤਾ। ਇਸ ਟੁਕੜੀ ਦੇ ਨਾਲ ਇਕ ਪੈਦਲ ਵਿਆਹਿਆ ਜੋੜਾ ਸੀ ਤੇ ਉਨ੍ਹਾਂ ਦਾ ਇਕ ਬੱਚਾ ਸੀ। ਆਦਮੀ ਨੇ ਆਪਣੇ ਸਿਰ ਤੇ ਕੱਪੜਿਆਂ ਵਾਲਾ ਟਰੰਕ ਚੁੱਕਿਆ ਹੋਇਆ ਸੀ ਅਤੇ ਹੱਥ ਵਿੱਚ ਭਾਂਡਿਆ ਦੀ ਗੱਖੜੀ ਸੀ।

ਉਸਦੀ ਘਰਵਾਲੀ ਨੇ ਕੁੱਛੜ ਜਵਾਕ ਚੁੱਕਿਆ ਹੱਥ ਵਿੱਚ ਇਕ ਝੋਲਾ ਤੇ ਸਿਰ ਉਪਰ ਹੱਥ ਦੀ ਬਣੀ ਇਕ ਲੋਹੇ ਦੀ ਕੁਰਸੀ ਸੀ। ਕੁਝ ਥੱਕਣ ਤੇ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਕਿ ਆਹ ਫੜ ਕੁਰਸੀ ਮੈਥੋਂ ਹੁਣ ਇਹਦਾ ਭਾਰ ਨਹੀਂ ਚੁੱਕ ਹੁੰਦਾ। ਅੱਗੋ ਉਸਦਾ ਪਤੀ ਕਹਿਣ ਲੱਗਾ ਕਿ ਮੇਰੇ ਕੋਲ ਤਾ ਪਹਿਲਾ ਹੀ ਬਹੁਤ ਭਾਰ ਐ ਚੁੱਕੀ ਚੱਲ ਥੋੜਾ ਚਿਰ ਹੋਰ। ਆਪਸੀ ਨੋਕ ਝੋਕ ਹੋਣ ਤੇ ਗੁੱਸੇ ‘ਚ ਔਰਤ ਕਹਿਣ ਲੱਗੀ ਕਿ ਪਤਾ ਨਹੀਂ ਖਸਮਾਂ ਨੂੰ ਖਾਣੀਆਂ ਸਰਕਾਰਾਂ ਨੇ ਜਿੱਥੇ ਡੇਰੇ ਲਵਾਉਣੇ ਨੇ ਕਿੰਨਾ ਚਿਰ ਤੇ ਕਿੰਨਾ ਪੰਧ ਤੁਰਨਾ ਪਵੇ, ਮੈਂ ਬਹੁਤ ਥੱਕੀ ਹੋਈ ਹਾਂ ਆਹ ਕੁਰਸੀ ਤੁਸੀ ਫੜੋ।

ਆਦਮੀ ਨੇ ਗੁੱਸੇ ਚ ਕਿਹਾ ‘ਪਰਾ ਖਤਾਨਾ ਮਨੇ ਵਗਾ ਸਿਰ ਤੇ ਚਾਈ ਵਿਰਦੀ ਏ ਦਫਾ ਕਰ ਮੇਰੇ ਤੋਂ ਨਹੀਂ ਚਾਈ ਜਾਣੀ। ਔਰਤ ਨੇ ਗੁੱਸੇ ਵਿੱਚ ਉਹ ਕੁਰਸੀ ਘੁਮਾ ਕੇ ਥੱਲੇ ਸੁੱਟ ਦਿੱਤੀ ਜੋ ਨੀਵੇਂ ਥਾਂ ਵਿੱਚ ਜਾਂ ਡਿੱਗੀ ਮੇਰੇ ਦਾਦੇ ਹੁਣਾ ਦਾ ਗੱਡਾ ਉਨ੍ਹਾਂ ਦੇ ਪਿੱਛੇ ਪਿੱਛੇ ਆ ਰਿਹਾ ਸੀ ਉਨ੍ਹਾਂ ਨੇ ਉਹ ਕੁਰਸੀ ਚੁੱਕੀ ਤੇ ਆਪਣੇ ਗੱਡੇ ਤੇ ਰੱਖ ਲਈ ਤੇ ਸੋਚਿਆ ਕਿ ਜਿੱਥੇ ਉਨ੍ਹਾਂ ਜਾਣਾ ਹੋਇਆ ਦੇ ਦੇਵਾਗੇ ਪਰ ਹੁਣ ਇਸ ਬਾਰੇ ਉਨ੍ਹਾਂ ਨਾਲ ਗੱਲ ਨਹੀਂ ਕਰਦੇ ਪਹਿਲਾ ਹੀ ਦੋਵੇਂ ਗੁੱਸੇ ਵਿੱਚ ਸਨ। ਉਜਾੜਾ ਵਿਸ਼ਾਲ ਸੀ ਤੇ ਪਤਾ ਨਹੀਂ ਕੋਣ ਕਿਧਰੋ ਆ ਰਿਹਾ ਤੇ ਕਿਧਰ ਜਾ ਰਿਹਾ। ਰਸਤੇ ਵਿੱਚ ਲੜਾਈ ਝਗੜੇ ਦੇ ਡਰ ਕਰਕੇ ਆਸਿਓ ਪਾਸਿਓ ਲੰਘਦਿਆ ਉਹ ਮੇਰੇ ਪਰਿਵਾਰ ਦੀ ਟੁਕੜੀ ਤੋਂ ਵਿੱਛੜ ਗਏ ਤੇ ਦਾਦੇ ਜੀ ਹੁਰੀ ਫਾਜਿਲਕਾ ਦੇ ਬਾਰਡਰ ਦੇ ਨੇੜੇ ਇਕ ਸਕੂਲ ਦੇ ਕੈਂਪ ਵਿੱਚ ਪਹੁੰਚ ਗਏ।

ਕਰੀਬ 1 ਮਹੀਨਾ ਓਥੇ ਰਹੇ ਤੇ ਜਿੱਥੋਂ ਤੱਕ ਮੈਨੂੰ ਪਤਾ ਹੁਣ ਕਰੀਬ ਅੱਠਵੇ ਟਿਕਾਣੇ ਤੇ ਕੁਰਸੀ ਅੱਜ ਵੀ ਸਾਡੇ ਘਰ ਵਿੱਚ ਮੌਜੂਦ ਹੈ। ਅੱਜ ਵੀ ਮੇਰੇ ਦਾਦਾ ਜੀ ਜਦੋਂ ਲਾਹੌਰ ਜਾ ਪਾਕਿ ਦੀਆ ਕਹਾਣੀਆਂ ਸੁਣਾਉਂਦੇ ਹਨ ਤਾ ਇਸ ਕੁਰਸੀ ਦੇ ਮਾਲਕਾਂ ਦਾ ਜ਼ਿਕਰ ਬਹੁਤ ਵਾਰ ਕਰਦੇ ਹਨ, ਸ਼ਾਇਦ ਇਹ ਕੁਰਸੀ ਹੀ ਹੈ ਜੋ ਉਨ੍ਹਾਂ ਨੂੰ ਅੱਜ ਵੀ ਉਸ ਸਮੇਂ ਦੀ ਯਾਦ ਦਿਵਾਉਂਦੀ ਹੈ।ਮੈਂ ਜਦੋਂ ਵੀ ਦਾਦਾ ਜੀ ਨੂੰ ਉਸ ਕੁਰਸੀ ਦੇ ਕੋਲ ਖੜਿਆ ਦੇਖਦਾ ਹਾ ਤਾ ਮਹਿਸੂਸ ਕਰਦਾ ਹਾਂ ਕਿ ਇਹ ਉਸ ਸਮੇਂ ਦੀਆਂ ਯਾਦਾਂ ਨੂੰ ਤਾਜਾ ਕਰ ਰਹੇ ਹਨ।’

ਸਰਬਜੀਤ ਸਿੰਘ ਸੰਧੂ

95921-53027

Previous articleਲਾਹਨਤਾਂ
Next articleਰਾਤ ਦੇ ਸੁਪਨਿਆਂ ਦੇ ਘੇਰੇ ਵਿੱਚੋਂ ਨਿਕਲੋ ਅੱਖਾਂ ਸਾਹਮਣੇ ਦਿਨ ਵੇਲੇ ਵਾਪਰੇ ਸੱਚ ਨੂੰ ਵਿਚਾਰੋ