ਤਿੰਨ ਗੇੜਾਂ ’ਚ ਹੋਣਗੀਆਂ ਬਿਹਾਰ ਚੋਣਾਂ

ਨਵੀਂ ਦਿੱਲੀ (ਸਮਾਜ ਵੀਕਲੀ): ਚੋਣ ਕਮਿਸ਼ਨ ਨੇ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਕਮਿਸ਼ਨ ਵੱਲੋਂ ਐਲਾਨੇ ਚੋਣ ਪ੍ਰੋਗਰਾਮ ਤਹਿਤ ਚੋਣਾਂ ਤਿੰਨ ਗੇੜਾਂ ਵਿੱਚ ਹੋਣਗੀਆਂ ਤੇ ਪਹਿਲੇ ਗੇੜ ਲਈ 28 ਅਕਤੂਬਰ ਨੂੰ ਵੋਟਾਂ ਪੈਣਗੀਆਂ। ਦੂਜਾ ਤੇ ਤੀਜਾ ਗੇੜ ਕ੍ਰਮਵਾਰ 3 ਤੇ 7 ਨਵੰਬਰ ਨੂੰ ਹੋਵੇਗਾ। ਨਤੀਜਿਆਂ ਦਾ ਐਲਾਨ 10 ਨਵੰਬਰ ਨੂੰ ਕੀਤਾ ਜਾਵੇਗਾ। ਕੋਵਿਡ-19 ਮਹਾਮਾਰੀ ਦੌਰਾਨ ਇਹ ਪਹਿਲੀਆਂ ਵੱਡੀਆਂ ਚੋਣਾਂ ਹਨ। ਚੋਣ ਪ੍ਰੋਗਰਾਮ ਦੇ ਐਲਾਨ ਨਾਲ ਬਿਹਾਰ ਵਿੱਚ ਆਦਰਸ਼ ਚੋਣ ਜ਼ਾਬਤਾ ਫੌਰੀ ਲਾਗੂ ਹੋ ਗਿਆ ਹੈ।

ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ 243 ਮੈਂਬਰੀ ਬਿਹਾਰ ਵਿਧਾਨ ਸਭਾ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਤਿੰਨ ਗੇੜਾਂ ਦੌਰਾਨ ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋਵੇਗੀ, ਪਰ ਵੋਟਾਂ ਪੈਣ ਦਾ ਅਮਲ ਸ਼ਾਮ ਪੰਜ ਵਜੇ ਦੀ ਥਾਂ 6 ਵਜੇ ਤਕ ਚੱਲੇਗਾ। ਖੱਬੇਪੱਖੀ ਅਤਿਵਾਦ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਵੋਟਾਂ ਸਵੇਰੇ ਸੱਤ ਤੋਂ ਸ਼ਾਮ 5 ਵਜੇ ਤੱਕ ਹੀ ਪੈਣਗੀਆਂ। ਸ਼ਾਮ ਪੰਜ ਤੋਂ ਛੇ ਵਜੇ ਤੱਕ ਦਾ ਇਕ ਘੰਟਾ ਕੋਵਿਡ-19 ਮਰੀਜ਼ਾਂ ਲਈ ਹੋਵੇਗਾ ਤਾਂ ਕਿ ਉਹ ਇਸ ਆਖਰੀ ਘੰਟੇ ਦੌਰਾਨ ਵੋਟਾਂ ਪਾ ਸਕਣ।

ਸ੍ਰੀ ਅਰੋੜਾ ਨੇ ਕਿਹਾ, ‘ਦੇਸ਼ ਵਿੱਚ ਆਖਰੀ ਪ੍ਰਮੁੱਖ ਚੋਣਾਂ (ਦਿੱਲੀ ਚੋਣਾਂ) ਮਗਰੋਂ ਹੁਣ ਤੱਕ ਕੁੱਲ ਆਲਮ ਵਿੱਚ ਵੱਡਾ ਬਦਲਾਅ ਆਇਆ ਹੈ। ਕੋਵਿਡ-19 ਮਹਾਮਾਰੀ ਨੇ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਅਸਰਅੰਦਾਜ਼ ਕੀਤਾ ਹੈ, ਜਿਸ ਕਰਕੇ ਸਾਨੂੰ ਨਵੇਂ ਨੇਮ ਬਣਾਉਣੇ ਪਏ ਹਨ। ਸ੍ਰੀ ਅਰੋੜਾ ਨੇ ਕਿਹਾ ਕਿ 28 ਅਕਤੂਬਰ ਦੇ ਪਹਿਲੇ ਗੇੜ ਵਿੱਚ 71 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ, 3 ਨਵੰਬਰ ਦੇ ਦੂਜੇ ਗੇੜ ਵਿੱਚ 84 ਜਦੋਂਕਿ ਤੀਜੇ ਤੇ ਆਖਰੀ  ਗੇੜ ਵਿੱਚ 78 ਵਿਧਾਨ ਸਭਾ ਹਲਕਿਆਂ ਲਈ ਵੋਟਿੰਗ ਹੋਵੇਗੀ। ਸਾਰੀਆਂ ਸੀਟਾਂ ਲਈ ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਹੋਵੇਗੀ।

Previous articleਪੈਿਰਸ ’ਚ ਚਾਕੂ ਹਮਲੇ ’ਚ ਚਾਰ ਜ਼ਖ਼ਮੀ
Next articleIn veiled reference to RS, Om Birla talks about Dignity of Chair