ਮੁੰਬਈ (ਸਮਾਜ ਵੀਕਲੀ): ਅਦਾਕਾਰਾ ਦੀਪਿਕਾ ਪਾਦੂਕੋਣ ਹੁਣ ਸ਼ਨਿੱਚਰਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਅੱਗੇ ਪੇਸ਼ ਹੋਵੇਗੀ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕਥਿਤ ਖੁ਼ਦਕੁਸ਼ੀ ਮਾਮਲੇ ਦੀ ਨਸ਼ਿਆਂ ਦੇ ਐਂਗਲ ਤੋਂ ਜਾਂਚ ਕਰ ਰਹੀ ਐੱਨਸੀਬੀ ਨੇ ਪਾਦੂਕੋਣ ਨੂੰ ਪਹਿਲਾਂ ਸੰਮਨ ਭੇਜ ਕੇ ਸ਼ੁੱਕਰਵਾਰ ਨੂੰ ਪੇਸ਼ ਹੋਣ ਲਈ ਕਿਹਾ ਸੀ।
ਪਾਦੂਕੋਣ ਅੱਜ ਗੋਆ ਵਿੱਚ ਆਪਣੀ ਫ਼ਿਲਮ ਦੀ ਸ਼ੂਟਿੰਗ ਵਿਚਾਲੇ ਛੱਡ ਕੇ ਦੇਰ ਰਾਤ ਮੁੰਬਈ ਪੁੱਜ ਗਈ। ਉਂਜ ਮੁੰਬਈ ਲਈ ਚਾਲੇ ਪਾਉਣ ਤੋਂ ਪਹਿਲਾਂ ਦੀਪਿਕਾ ਨੇ ਗੋਆ ਵਿੱਚ ਆਪਣੀ ਲੀਗਲ ਟੀਮ ਨਾਲ ਸਲਾਹ ਮਸ਼ਵਰਾ ਵੀ ਕੀਤਾ। ਇਸ ਦੌਰਾਨ ਪੁਲੀਸ ਨੇ ਇਹਤਿਆਤ ਵਜੋਂ ਪਾਦੂਕੋਣ ਦੇ ਮੁੰਬਈ ਸਥਿਤ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਇਸ ਦੌਰਾਨ ਇਕ ਹੋਰ ਅਦਾਕਾਰਾ ਰਕੁਲ ਪ੍ਰੀਤ ਸਿੰਘ ਤੇ ਪਾਦੂਕੋਣ ਦੀ ਮੈਨੇਜਰ ਕ੍ਰਿਸ਼ਮਾ ਪ੍ਰਕਾਸ਼ ਸ਼ੁੱਕਰਵਾਰ ਨੂੰ ਜਾਂਚ ਵਿੱਚ ਸ਼ਾਮਲ ਹੋਣਗੇ।
ਇਸ ਤੋਂ ਪਹਿਲਾਂ ਐੱਨਸੀਬੀ ਦੀ ਜਾਂਚ ਟੀਮ ਨੇ ਅੱਜ ਫੈਸ਼ਨ ਡਿਜ਼ਾਈਨਰ ਸਿਮੋਨ ਖੰਬਾਟਾ ਤੇ ਰਾਜਪੂਤ ਦੀ ਸਾਬਕਾ ਮੈਨੇਜਰ ਸ਼ਰੁਤੀ ਮੋਦੀ ਦੇ ਡਰੱਗਜ਼ ਕੇਸ ਵਿੱਚ ਬਿਆਨ ਦਰਜ ਕੀਤੇ। ਕਾਬਿਲੇਗੌਰ ਹੈ ਕਿ ਬਿਊਰੋ ਨੇ ਪਾਦੂਕੋਣ ਤੋਂ ਇਲਾਵਾ ਅਦਾਕਾਰਾ ਸ਼੍ਰਧਾ ਕਪੂਰ ਤੇ ਸਾਰਾ ਅਲੀ ਖ਼ਾਨ ਨੂੰ ਵੀ ਸੰਮਨ ਭੇਜੇ ਸਨ।
ਇਸ ਦੌਰਾਨ ਮੁੰਬਈ ਦੀ ਕੋਰਟ ਨੇ ਐੱਨਸੀਬੀ ਨੂੰ ਡਰੱਗਜ਼ ਕੇਸ ਵਿੱਚ ਅਦਾਕਾਰਾ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਚੱਕਰਵਰਤੀ ਤੇ ਸੁਸ਼ਾਂਤ ਦੇ ਖਾਨਸਾਮੇ ਦੀਪੇਸ਼ ਸਾਵੰਤ ਦੇ ਤਾਲੋਜਾ ਜੇਲ੍ਹ ਅੰਦਰ ਹੀ ਬਿਆਨ ਦਰਜ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਇਸ ਮੌਕੇ ਜੇਲ੍ਹ ਅਧਿਕਾਰੀਆਂ ਦੀ ਮੌਜੂਦਗੀ ਜ਼ਰੂਰੀ ਹੋਵੇਗੀ।