ਪੀੜ੍ਹਾਂ ਦੇ ਅਹਿਸਾਸ

ਗੁਰਜੀਤ ਕੌਰ ਮੋਗਾ

(ਸਮਾਜ ਵੀਕਲੀ)

ਹਰਮੇਲ ਸਿੰਘ ਦੇ ਘਰ ਪੋਤੇ ਨੇ ਜਨਮ ਲਿਆ। ਉਸ ਦੀ ਛੋਟੀ ਨੂੰਹ ਕੋਲ ਪਹਿਲਾਂ ਕੁੜੀ ਸੀ ਤੇ ਹੁਣ ਪੁੱਤਰ ਹੋਇਆ।

ਘਰ ਵਿੱਚ ਵਧਾਈਆਂ ਦਾ ਤਾਂਤਾ ਲੱਗ ਗਿਆ। ਪੂਰਾ ਪਰਿਵਾਰ ਬਾਗੋ ਬਾਗ ਸੀ ਕਿਉਂਕਿ ਹਰਮੇਲ ਸਿੰਘ ਦੀ ਵੱਡੀ ਨੂੰਹ ਕੋਲ ਵੀ ਦੋ ਕੁੜੀਆਂ ਸਨ ।

ਇੰਜ ਲੱਗਦਾ ਸੀ ਕਿ ਬੱਸ ਰੱਬ ਨੇ ਨੇੜੇ ਹੋ ਕੇ ਸੁਣ ਲਈ ਹੋਵੇ ।ਸਾਰਾ ਵਿਹੜਾ ਖੁਸ਼ੀ ਨਾਲ ਭਰਿਆ ਪਿਆ ਸੀ। ਵਧਾਈਆਂ ਦੇ ਫੋਨ ਖੜਕ ਰਹੇ ਸਨ। ਹਰਮੇਲ ਸਿੰਘ ਦੀ ਪਤਨੀ ਕਾਫੀ ਬੀਮਾਰ ਹੋ ਗਈ ਸੀ ਪਰ ਪੋਤੇ ਦੀ ਖ਼ਬਰ ਸੁਣ ਕੇ ਉਸ ਦੀ ਆਵਾਜ਼ ਵੀ ਦਮਦਾਰ ਹੋ ਗਈ।

ਬਿਮਾਰੀ ਤਾਂ ਜਿਵੇਂ ਖੰਭ ਲਾ ਕੇ ਉੱਡ ਗਈ ਹੋਵੇ। ਵੱਡੀ ਨੂੰਹ ਵੀ ਚਾਈਂ ਚਾਈਂ ਘਰ ਦਾ ਸਾਰਾ ਕੰਮ ਕਰਦੀ ਫਿਰਦੀ ਤੇ ਨਾਲੇ ਦਰਾਣੀ ਤੇ ਉਹਦੇ ਮੁੰਡੇ ਦੀ ਦੇਖਭਾਲ ਵੀ ਕਰਦੀ ।

ਸਾਰੇ ਜੀਆਂ ਦੇ ਚਿਹਰਿਆਂ ਤੇ ਰੌਣਕਾਂ ਝਲਕ ਰਹੀਆਂ ਸਨ। ਭਤੀਜੇ ਦੀ ਖ਼ਬਰ ਸੁਣ ਕੇ ਹਰਮੇਲ ਦੀ ਕੁੜੀ ‘ਅਮਰੋ’ ਵੀ ਸਹੁਰਿਆਂ ਤੋਂ ਖੁਸ਼ੀ ਸਾਂਝੀ ਕਰਨ ਲਈ ਪੇਕੇ ਘਰ ਆ ਗਈ ।

‘ਅਮਰੋ’ ਦਾ ਧਰਤੀ ਤੇ ਪੱਬ ਨਹੀਂ ਸੀ ਲੱਗ ਰਿਹਾ ।

ਵੀਰ ਘਰ ਜੰਮੇ ਮੁੰਡੇ ਦਾ ਚਾਅ ਅਮਰੋ ਕੋਲੋ ਸਾਂਭਿਆ ਨਹੀਂ ਸੀ ਜਾ ਰਿਹਾ। ਉਹ ਕਦੇ ਭਤੀਜਾ ਚੁੱਕ ਕੇ ਹਿੱਕ ਨਾਲ ਲਾਉਂਦੀ ਤੇ ਕਦੇ ਮਾਂ ਦੇ ਗੋਡੇ ਲਾਗੇ ਬੈਠ ਜਾਂਦੀ।

ਘਰ ‘ਚ ਕੰਮ ਕਰਨ ਵਾਲੀ ਸੀਬੋ ਨੂੰ ਵੀ ਘਰ ਸ਼ਰੀਂਹ ਬੰਨਣ ਲਈ ਕਿਹਾ ਗਿਆ।

ਦਿਨ ਵਿਚਾਰ ਕੇ ਸੀਬੋ ਸ਼ਰੀਂਹ ਤਿਆਰ ਕਰ ਲਿਆਈ। ਸਾਰਾ ਗਲੀ ਗੁਆਂਢ, ਸ਼ਰੀਕਾ ਤੇ ਭਾਈਚਾਰੇ ਦੀਆਂ ਔਰਤਾਂ ਨੂੰ ਘਰ ਬੁਲਾਇਆ ਗਿਆ। ਸਾਰਿਆਂ ਨੂੰ ਚਾਹ ਪਾਣੀ ਪਿਆਇਆ ਗਿਆ।

ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਸੀਬੋ ਨੇ ਵੀ ਘਰਦਿਆਂ ਤੋਂ ਇਜਾਜ਼ਤ ਲੈ ਕੇ ਕਮਰਿਆਂ ਦੇ ਅੱਗੇ ਗੁਬਾਰਿਆਂ ਵਾਲੇ ਸ਼ਰੀਂਹ ਬੰਨ ਦਿੱਤੇ ।

ਹੱਥ ਜੋੜ ਕੇ ਸੀਬੋ ਸਾਰਿਆਂ ਨੂੰ ਵਧਾਈਆਂ ਦੇ ਰਹੀ ਸੀ। ਉਸ ਨੂੰ ਵੀ ਵਧਾਈਆਂ ਦਾ ਕੁਝ ਲਾਗ ਇਕੱਠਾ ਹੋ ਗਿਆ।

“ਸੀਬੋ!ਆਂਟੀ ਤੂੰ ਇਹੀ ਦੁਆਵਾਂ ਕਰ ਕਿ ਅਗਲੇ ਸਾਲ ਫਿਰ ਸਾਡੇ ਸਰੀਂਹ ਬੰਨ੍ਹ ਕੇ ਜਾਵੀਂ ,ਇੱਕ ਨਹੀਂ ਦੋ ਮੁੰਡਿਆਂ ਦੇ ,ਮੇਰੀ ਭਾਬੀ ਦੇ ਤੇ ਤਾਈ ਦੇ ਘਰ ਵੀ ਪੋਤਾ ਹੋ ਜੇ।”

ਮੁੰਡੇ ਦੀ ਭੂਆ ਅਮਰੋ ਬੋਲੀ

“ਮੈਂ ਤਾਂ ਕਹਿ ਤਾਂ ਦੋਨਾਂ ਭਾਬੀਆਂ ਨੂੰ ਕਿ ਆਵਦਾ ਹੁਣੇ ਹੀ ਸੋਚ ਲਓ ਅਗਲੇ ਸਾਲ ਸਾਨੂੰ ਦੋ ਮੁੰਡੇ ਚਾਹੀਦੇ ਨੇ।” ਅਮਰੋ ਨੇ ਗੱਲ ਅੱਗੇ ਤੋਰਦਿਆਂ ਕਿਹਾ।

ਅਮਰੋ ਦੀ ਜ਼ਬਾਨ ਬੇ-ਲਗਾਮ ਹੋਈ ਜਾ ਰਹੀ ਸੀ।

“ਮੁੰਡਾ ਤਾਂ ਮਾਲਕ ਨੇ ਦੇਣਾ।ਉਹਦੀ ਮਰਜ਼ੀ। ਆਪਾਂ ਤਾਂ ਇਹੀ ਕਹਿੰਦੇ ਆ ਕਿ ਪਰਮਾਤਮਾ ਸਾਰਿਆਂ ਨੂੰ ਇਹੀ ਦਾਤ ਬਖ਼ਸ਼ੇ।”

ਸੀਬੋ ਹੱਥ ਜੋੜਦੀ ਹੋਈ ਬੋਲੀ

“ਚਲੋ ਭਾਈ ਹੁਣ ਤਾਂ ਰੱਬ ਵੱਡੀ ਬਹੂ ਦੀ ਵੀ ਸੁਣ ਲਏ , ਆਂ ਦੋਵੇਂ ਨਿਆਣੀਆਂ ਢੱਕੀਆਂ ਜਾਣਗੀਆਂ.. ਬੰਤੀ ਨੇ ਪਾਸਾ ਵੱਟਦਿਆਂ ਕਿਹਾ।

” ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ ਇਹਨੂੰ ਵੀ ਦਿਊਗਾ ਰੱਬ ਪੁੱਤ।

ਚਰਨੋਂ ਨੇ ਕਿਹਾ..
ਹਰਮੇਲ ਸਿੰਘ ਦੀ ਵੱਡੀ ਨੂੰਹ ਸੁਖਜੀਤ ਚੁੱਪ ਚਾਪ ਸਾਰਾ ਕੁਝ ਸੁਣਦੀ ਰਹੀ। ਤਰ੍ਹਾਂ ਤਰ੍ਹਾਂ ਦੇ ਬੋਲਾਂ ਨੇ ਉਸ ਦੇ ਚਿਹਰੇ ਦੀ ਰੌਣਕ ਨੂੰ ਗੁੰਮ ਕਰ ਦਿੱਤਾ।

ਅਣਕਹੇ ਲਫ਼ਜ਼ ਉਸ ਦੇ ਚਿਹਰੇ ਤੇ ਰੂਪਮਾਨ ਹੋ ਰਹੇ ਸੀ। ਉਹ ਸੋਚ ਰਹੀ ਸੀ ਉਹ ਇੱਕ ਮਾਂ ਹੈ ਪਰ ਸ਼ਾਇਦ ਸਾਡੇ ਸਮਾਜ ਲਈ ਇੱਕ ਅਧੂਰੀ ਮਾਂ.. ਉਸ ਦਾ ਚਿਹਰਾ ਰੋਣ ਹੱਕਾ ਹੋ ਗਿਆ ਪਰ ਉਹ ਇਸ ਖੁਸ਼ੀ ਦੇ ਚੜ੍ਹੇ ਚੰਨ ਨੂੰ ਹੰਝੂਆਂ ਦਾ ਗ੍ਰਹਿਣ ਨਹੀਂ ਸੀ ਲਾਉਣਾ ਚਾਹੁੰਦੀ।

ਕਮਰਿਆਂ ਅੱਗੇ ਬੰਨ੍ਹੇ ਹੋਏ ਗੁਬਾਰਿਆਂ ਨੂੰ ਵੇਖ ਵੇਖ ਬੱਚੇ ਖੇਡ ਕੁੱਦ ਰਹੇ ਸਨ।

ਹਾਸਿਆਂ ਦੀ ਫੁਹਾਰ ਛੁੱਟ ਪਈ।

ਸੀਬੋ..ਆਪ ਮੁਹਾਰੇ ਬੋਲੀ , “ਵਧਾਈਆਂ ਜੀ ਵਧਾਈਆਂ ਸਾਰਿਆਂ ਨੂੰ। ਪ੍ਰਮਾਤਮਾ ਸਭ ਤੇ ਖੁਸ਼ੀ ਦਾ ਸਮਾਂ ਲਿਆਵੇ ।

ਅਸੀ ਵੀ ਵਧਾਈਆਂ ਲੈਂਦੇ ਰਹੀਏ।”

ਅਚਾਨਕ ਖੇਡਦਿਆਂ ਖੇਡਦਿਆਂ ਸੁਖਜੀਤ ਦੀ ਸੱਤ ਅੱਠ ਵਰ੍ਹਿਆਂ ਦੀ ਵੱਡੀ ਕੁੜੀ ‘ਨੂਰ’ ਦਾਦੀ ਕੋਲ ਆ ਕੇ ਬੋਲੀ “ਜਦੋਂ ਮੈਂ ਹੋਈ ਸੀ ਉਦੋਂ ਤਾਂ ਤੁਸੀਂ ਆਹ ਬੰਨੇ ਨਹੀ ਸੀ ।”

ਸਰੀਂਹ ਵੱਲ ਇਸ਼ਾਰਾ ਕਰਦੀ ਹੋਈ ਬੋਲੀ।

ਤੈਨੂੰ ਕੀ ਪਤਾ ਤੂੰ ਤਾਂ ਉਦੋਂ ਛੋਟੀ ਸੀ, ਲੈ ਬੰਨ੍ਹੇ ਕਿਉਂ ਨਹੀਂ।”

ਨੂਰ ਦੀ ਦਾਦੀ ਬੋਲੀ ।

“ਮੈਨੂੰ ਪਤਾ ,ਨਹੀਂ ਬੰਨੇ”

ਨੂਰ ਬੋਲਦੀ ਹੋਈ ਆਪਣੀ ਮਾਂ ਕੋਲ ਆਈ।

ਬੱਚੀ ਦੇ ਇਨ੍ਹਾਂ ਬੋਲਾਂ ਨਾਲ ਸਾਰਿਆਂ ਦੇ ਚਿਹਰਿਆਂ ਤੇ ਖਾਮੋਸ਼ੀ ਛਾ ਗਈ। ਸੱਤ-ਅੱਠ ਵਰ੍ਹਿਆਂ ਦੀ ਬੱਚੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਚੁੱਪ ਜਿਹੀ ਪਸਰ ਗਈ।

ਸੁਖਜੀਤ ਨੇ ਝੱਟ ਨੂਰ ਨੂੰ ਆਪਣੇ ਸੀਨੇ ਨਾਲ ਲਾਇਆ ਜਿਵੇਂ ਉਸ ਨੇ ਜੰਮਣ ਪੀੜਾਂ ਦੇ ਦਰਦ ਨੂੰ ਦੁਬਾਰਾ ਮਹਿਸੂਸ ਕੀਤਾ ਹੋਵੇ।

” ਨਹੀਂ ਪੁੱਤ, ਮੇਰੀ ਨੂਰ ਕਿਹੜਾ ਮੁੰਡਿਆਂ ਤੋਂ ਘੱਟ ਹੈ ।”

ਇਹ ਕਹਿ ਕੇ ਉਸਨੇ ਨੂਰ ਨੂੰ ਤਸੱਲੀ ਦਿੱਤੀ ਤੇ ਮੁੰਡੇ ਦੀ ਲਾਲਸਾ ਵਾਲੇ ਬੋਲਾਂ ਦਾ ਜਵਾਬ ਵੀ।

ਸਿਰ ‘ਤੇ ਜੂੜਾ ਤੇ ਮੁੰਡਿਆਂ ਵਾਲੇ ਕੱਪੜੇ ਪਾਈ ਖੜ੍ਹੀ ਨੂਰ ਦੇ ਅੰਦਰਲੀ ਰੂਹ ਆਪਣੇ ਹਿੱਸੇ ਦੀ ਖੁਸ਼ੀ ਨੂੰ ਤਲਾਸ਼ ਰਹੀ ਸੀ। ਧੀ ਦੇ ਬੋਲਾਂ ਨੇ ਸੁਖਜੀਤ ਦਾ ਸੀਨਾ ਵਿੰਨ ਦਿੱਤਾ ਤੇ ਉਹ ਸੋਚ ਰਹੀ ਸੀ ਕਿ ਉਹ ਸਮਾਜ ਕੋਲੋਂ ਸੰਪੂਰਨ ਮਾਂ ਦਾ ਸਰਟੀਫਿਕੇਟ ਕਿਵੇਂ ਲਏ ….?

ਗੁਰਜੀਤ ਕੌਰ “ਮੋਗਾ”
[email protected]

Previous articleNagma: Kangana Ranaut is ruining the name of Maharashtra, Mumbai
Next articleਯੂ.ਕੇ:ਡਾਇਨਾਸੋਰ ਦੀ ਤਸਵੀਰ ਵਾਲੇ 50 ਪੈਸੇ ਦੇ ਸਿੱਕੇ ਹੋਣਗੇ ਜਾਰੀ